ਆਉਣ ਵਾਲੀ 16 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਸਵੈ-ਗਣਨਾ ਇੱਕ ਆਸਾਨ ਪ੍ਰਕਿਰਿਆ: ਡਿਪਟੀ ਕਮਿਸ਼ਨਰ
ਅਸ਼ੋਕ ਵਰਮਾ
ਬਠਿੰਡਾ, 10 ਨਵੰਬਰ 2026:ਜਨਗਣਨਾ-2027 ਨੂੰ ਡਿਜੀਟਲ ਅਤੇ ਬੇਹੱਦ ਆਸਾਨ ਬਣਾਉਣ ਲਈ ਸਰਕਾਰ ਵੱਲੋਂ ਸਵੈ-ਗਣਨਾ ਦੀ ਸਹੂਲਤ ਦਿੱਤੀ ਜਾ ਰਹੀ ਹੈ। ਹੁਣ ਕੋਈ ਵੀ ਆਮ ਨਾਗਰਿਕ ਬਿਨਾਂ ਕਿਸੇ ਪਰੇਸ਼ਾਨੀ ਦੇ ਘਰ ਬੈਠੇ ਆਨ ਲਾਈਨ ਮਾਧਿਅਮ ਰਾਹੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਨਗਣਨਾ ਖੁਦ ਕਰ ਸਕਦਾ ਹੈ। ਇਹ ਸਹੂਲਤ 16 ਨਵੰਬਰ ਤੋਂ ਅਧਿਕਾਰਤ ਪੋਰਟਲ ’ਤੇ ਸ਼ੁਰੂ ਕਰ ਦਿੱਤੀ ਜਾਵੇਗੀ।ਇਹ ਜਾਣਕਾਰੀ ਦਿੰਦਿਆਂ ਸ਼੍ਰੀ ਰਾਜੇਸ਼ ਧੀਮਾਨ, ਪ੍ਰਿੰਸੀਪਲ ਸੈਂਸਸ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਕਰਮਚਾਰੀਆਂ ਵੱਲੋਂ ਆਮ ਲੋਕਾਂ ਦੀ ਸਵੈ ਗਣਨਾ ਚ ਸ਼ਮੂਲੀਅਤ ਯਕੀਨੀ ਬਣਾਉਣ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ 16 ਨਵੰਬਰ ਤੋਂ ਲੋਕ ਸਵੈ-ਗਣਨਾ ਤਹਿਤ ਪੋਰਟਲ ’ਤੇ ਆਪਣੀ ਜਾਣਕਾਰੀ ਭਰਨ ਜੋ ਕਿ ਬੜੀ ਆਸਾਨ ਪ੍ਰਕਿਰਿਆ ਹੈ। ਸਭ ਤੋਂ ਪਹਿਲਾਂ ਆਪਣੇ ਮੋਬਾਈਲ, ਟੈਬਲੇਟ ਜਾਂ ਕੰਪਿਊਟਰ ਦੇ ਬ੍ਰਾਊਜ਼ਰ ਵਿੱਚ ਜਨਗਣਨਾ ਦਾ ਅਧਿਕਾਰਤ ਪੋਰਟਲ se.census.gov.in ਖੋਲ੍ਹੋ। ਇਸ ਤੋਂ ਬਾਅਦ ਰਾਜ ਅਤੇ ਕੈਪਚਾ ਚੁਣੋ।
ਪੋਰਟਲ ਖੁੱਲ੍ਹਣ ’ਤੇ ਡਰਾਪ-ਡਾਊਨ ਸੂਚੀ ਵਿੱਚੋਂ ਆਪਣਾ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ (ਯੂ.ਟੀ.) ਚੁਣੋ। ਇਸ ਤੋਂ ਬਾਅਦ ਸਕ੍ਰੀਨ ’ਤੇ ਦਿਖਾਈ ਦੇ ਰਹੇ ਕੈਪਚਾ ਕੋਡ ਨੂੰ ਦਰਜ ਕਰਕੇ ਅੱਗੇ ਵਧੋ।
ਅਗਲੇ ਪੜਾਅ ਵਿੱਚ ਪਰਿਵਾਰ ਦੇ ਮੁਖੀ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ, ਜਿਸ ਤਹਿਤ ਮੁਖੀ ਦਾ ਪੂਰਾ ਨਾਮ ਅਤੇ ਚਾਲੂ ਮੋਬਾਈਲ ਨੰਬਰ ਦਰਜ ਕਰੋ। ਇਸ ਦੇ ਨਾਲ ਹੀ ਆਪਣੀ ਪਸੰਦੀਦਾ ਭਾਸ਼ਾ ਚੁਣੋ। ਇਹ ਪੋਰਟਲ ਹਿੰਦੀ ਅਤੇ ਅੰਗਰੇਜ਼ੀ ਸਮੇਤ ਕੁੱਲ 16 ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੈ। ਧਿਆਨ ਰਹੇ ਕਿ ਇੱਕ ਵਾਰ ਸਬਮਿਟ ਕਰਨ ਤੋਂ ਬਾਅਦ ਮੁਖੀ ਦਾ ਨਾਮ ਅਤੇ ਭਾਸ਼ਾ ਬਦਲੀ ਨਹੀਂ ਜਾ ਸਕਦੀ।
ਤੁਹਾਡੇ ਵੱਲੋਂ ਦਰਜ ਕੀਤੇ ਗਏ ਮੋਬਾਈਲ ਨੰਬਰ ’ਤੇ ਵਨ-ਟਾਈਮ ਪਾਸਵਰਡ (ਓ.ਟੀ.ਪੀ.) ਆਵੇਗਾ। ਇਸ ਨੂੰ ਨਿਰਧਾਰਤ ਬਾਕਸ ਵਿੱਚ ਭਰ ਕੇ ਵੈਰੀਫਾਈ ਕਰੋ। ਇਸ ਤੋਂ ਬਾਅਦ ਆਪਣਾ ਪੂਰਾ ਪਤਾ, ਜ਼ਿਲ੍ਹਾ, ਪਿੰਡ/ਸ਼ਹਿਰ, ਮੁਹੱਲਾ ਅਤੇ ਲੈਂਡਮਾਰਕ ਵਰਗੀਆਂ ਜਾਣਕਾਰੀਆਂ ਭਰੋ। ਪੋਰਟਲ ’ਤੇ ਦਿੱਤੇ ਗਏ ਡਿਜੀਟਲ ਨਕਸ਼ੇ ’ਤੇ ਆਪਣੇ ਘਰ ਦੀ ਸਹੀ ਲੋਕੇਸ਼ਨ ਨੂੰ ਮਾਰਕ (ਟੈਗ) ਕਰੋ ਅਤੇ ‘ਸੇਵ ਐਂਡ ਨੈਕਸਟ’ (Save & Next) ’ਤੇ ਕਲਿੱਕ ਕਰੋ।
ਇਸ ਤੋਂ ਬਾਅਦ ਸਕ੍ਰੀਨ ’ਤੇ ਆਉਣ ਵਾਲੀ ਡਿਜੀਟਲ ਪ੍ਰਸ਼ਨਾਵਲੀ ਵਿੱਚ ਆਪਣੇ ਮਕਾਨ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਸਬੰਧਤ ਲੋੜੀਂਦੀਆਂ ਅਤੇ ਬੁਨਿਆਦੀ ਜਾਣਕਾਰੀਆਂ ਧਿਆਨ ਨਾਲ ਦਰਜ ਕਰੋ। ਫਾਰਮ ਨੂੰ ਅੰਤਿਮ ਰੂਪ ਵਿੱਚ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਭਰੀਆਂ ਗਈਆਂ ਸਾਰੀਆਂ ਜਾਣਕਾਰੀਆਂ ਦੀ ਦੁਬਾਰਾ ਚੰਗੀ ਤਰ੍ਹਾਂ ਜਾਂਚ ਕਰ ਲਵੋ। ਜੇਕਰ ਕੋਈ ਗਲਤੀ ਹੋਵੇ ਤਾਂ ਉਸ ਨੂੰ ਸੋਧ ਲਵੋ (ਐਡਿਟ ਕਰੋ)। ਸਾਰੀਆਂ ਜਾਣਕਾਰੀਆਂ ਸਹੀ ਹੋਣ ’ਤੇ ‘ਫਾਈਨਲ ਸਬਮਿਟ’ (Final Submit) ਬਟਨ ਦਬਾਓ।
ਫਾਰਮ ਫਾਈਨਲ ਸਬਮਿਟ ਹੁੰਦੇ ਹੀ ਤੁਹਾਡੀ ਸਕ੍ਰੀਨ ’ਤੇ 11 ਅੰਕਾਂ ਵਾਲਾ ਇੱਕ ਵਿਲੱਖਣ ਸਵੈ-ਗਣਨਾ ਪਛਾਣ ਨੰਬਰ (SE ID) ਦਿਖਾਈ ਦੇਵੇਗਾ। ਇਸ ਨੂੰ ਕਿਤੇ ਨੋਟ ਕਰ ਲਵੋ ਜਾਂ ਇਸ ਦਾ ਸਕ੍ਰੀਨਸ਼ਾਟ ਲੈ ਕੇ ਸੁਰੱਖਿਅਤ ਰੱਖੋ। ਜਦੋਂ ਜਨਗਣਨਾ ਕਰਮਚਾਰੀ ਤੁਹਾਡੇ ਇਲਾਕੇ ਵਿੱਚ ਆਉਣਗੇ ਤਾਂ ਤੁਹਾਨੂੰ ਉਨ੍ਹਾਂ ਨੂੰ ਸਿਰਫ਼ ਇਹ 11 ਅੰਕਾਂ ਵਾਲਾ SE ID ਦਿਖਾਉਣਾ ਹੋਵੇਗਾ। ਇਸ ਨਾਲ ਤੁਹਾਡਾ ਅਤੇ ਜਨਗਣਨਾ ਕਰਮਚਾਰੀਆਂ ਦੋਵਾਂ ਦਾ ਸਮਾਂ ਬਚੇਗਾ।
ਇਸੇ ਤਰ੍ਹਾਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਜਨਤਕ ਥਾਵਾਂ ’ਤੇ ਵੀ ਜਨਗਣਨਾ ਸਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਦੇਸ ਰਾਜ ਯਾਦਗਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ , ਦਸਮੇਸ਼ ਪਬਲਿਕ ਹਾਈ ਸਕੂਲ ਗੋਨਿਆਣਾ ਮੰਡੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਨਿਆਣਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵੀਆ, ਐੱਮ.ਐੱਚ.ਆਰ ਸੀਨਿਅਰ ਸੈਕੰਡਰੀ ਸਕੂਲ ਬਠਿੰਡਾ, ਨਰਸਿੰਗ ਕਾਲਜ ਕਲਾਵੰਤੀ ਗੋਨਿਆਣਾ, ਸੇਂਟ ਜ਼ੇਵੀਅਰਜ਼ ਸਕੂਲ ਰਾਮਪੁਰਾ ਫੂਲ, ਸ਼ਹੀਦ ਸਿਪਾਹੀ ਹਰਬੰਸ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਰਾਏਪੁਰ, ਢਿੱਲੋਂ ਕਲੋਨੀ, ਆਮ ਆਦਮੀ ਕਲੀਨਿਕ ਜਨਤਾ ਨਗਰ, ਗੁਰੂਦੁਆਰਾ ਸਾਹਿਬ ਗੋਨਿਆਣਾ ਅਤੇ ਗ੍ਰਾਮ ਪੰਚਾਇਤ ਕਲਿਆਣ ਮੱਲਕਾ ਸ਼ਾਮਲ ਹਨ।