ਬਠਿੰਡਾ ਵਿੱਚ ਪੰਜਾਬ ਮੈਡੀਕਲ ਹਾਲ 15 ਦਿਨਾਂ ਲਈ ਸੀਲ, ਰਿਟੇਲ ਡਰੱਗ ਲਾਇਸੈਂਸ ਵੀ ਮੁਅੱਤਲ
ਅਸ਼ੋਕ ਵਰਮਾ
ਬਠਿੰਡਾ,09 ਨਵੰਬਰ 2026:ਬਠਿੰਡਾ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਬਠਿੰਡਾ ਦੇ ਆਦੇਸ਼ ਮੈਡੀਕਲ ਇੰਸਟੀਚਿਊਟ ਐਂਡ ਕਾਲਜ ਦੇ ਸਾਹਮਣੇ ਸਥਿਤ ਪੰਜਾਬ ਮੈਡੀਕਲ ਹਾਲ ਨੂੰ 15 ਦਿਨਾਂ ਲਈ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੈਡੀਕਲ ਹਾਲ ਦਾ ਰਿਟੇਲ ਡਰੱਗ ਲਾਇਸੈਂਸ ਵੀ 15 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਡਰੱਗਜ਼ ਐਂਡ ਕਾਸਮੈਟਿਕਸ ਰੂਲਜ਼, 1945 ਦੇ ਵੱਖ-ਵੱਖ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਕੀਤੀ ਗਈ ਹੈ।ਸਿਵਲ ਸਰਜਨ ਦਫ਼ਤਰ, ਬਠਿੰਡਾ ਦੀ ਜ਼ੋਨਲ ਲਾਇਸੈਂਸਿੰਗ ਅਥਾਰਟੀ (ਡਰੱਗਜ਼) ਵੱਲੋਂ ਜਾਰੀ ਹੁਕਮਾਂ ਅਨੁਸਾਰ, ਪੰਜਾਬ ਮੈਡੀਕਲ ਹਾਲ, ਆਦਰਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਦੇ ਸਾਹਮਣੇ, ਭੁੱਚੋ ਖੁਰਦ, ਬਰਨਾਲਾ ਰੋਡ ਸਥਿਤ ਮੈਡੀਕਲ ਸਟੋਰ ਦੀ 19 ਅਕਤੂਬਰ 2026 ਨੂੰ ਡਰੱਗ ਕੰਟਰੋਲ ਅਫ਼ਸਰ ਅਕਾਂਤ ਪ੍ਰਿਆ ਸਿੰਗਲਾ ਵੱਲੋਂ ਜਾਂਚ ਕੀਤੀ ਗਈ ਸੀ।ਜਾਂਚ ਦੌਰਾਨ ਮੈਡੀਕਲ ਸਟੋਰ ਵਿੱਚ ਕੁੱਝ ਖਾਮੀਆਂ ਪਾਈਆਂ ਗਈਆਂ ਅਤੇ ਨਿਯਮਾਂ ਦੀ ਉਲੰਘਣਾ ਸਾਹਮਣੇ ਆਈ ਸੀ। ਇਸ ਤੋਂ ਬਾਅਦ ਵਿਭਾਗ ਵੱਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਦਵਾਈਆਂ ਦੀ ਖਰੀਦ-ਵੇਚ ’ਤੇ ਪਾਬੰਦੀ
ਵਿਭਾਗ ਵੱਲੋਂ ਮੈਡੀਕਲ ਸਟੋਰ ਦੇ ਸੰਚਾਲਕ ਨੂੰ 21 ਅਕਤੂਬਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਸੀ। ਸੰਚਾਲਕ ਵੱਲੋਂ ਦਿੱਤਾ ਗਿਆ ਜਵਾਬ ਵਿਭਾਗ ਨੂੰ ਤਸੱਲੀਬਖ਼ਸ਼ ਨਹੀਂ ਲੱਗਿਆ। ਵਿਭਾਗ ਨੇ ਇਸ ਨੂੰ ਬਾਅਦ ਵਿੱਚ ਤਿਆਰ ਕੀਤਾ ਗਿਆ ਜਵਾਬ ਮੰਨਦਿਆਂ ਪ੍ਰਵਾਨ ਨਹੀਂ ਕੀਤਾ। ਇਸ ਤੋਂ ਬਾਅਦ ਨਿਯਮਾਂ ਦੀਆਂ ਧਾਰਾਵਾਂ 65(2), 65(3)(1), 65(4)(1), 65(3)(1)(h), 65(4)(4) ਅਤੇ 65(6) ਦੀ ਉਲੰਘਣਾ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ।ਹੁਕਮਾਂ ਅਨੁਸਾਰ, ਮੈਡੀਕਲ ਸਟੋਰ ਦੇ ਰਿਟੇਲ ਡਰੱਗ ਲਾਇਸੈਂਸ ਨੰਬਰ 153865 ਅਤੇ 153866 ਪੱਤਰ ਪ੍ਰਾਪਤ ਹੋਣ ਦੀ ਮਿਤੀ ਤੋਂ 15 ਦਿਨਾਂ ਲਈ ਮੁਅੱਤਲ ਕਰ ਦਿੱਤੇ ਗਏ ਹਨ। ਇਸ ਸਮੇਂ ਦੌਰਾਨ ਐਲੋਪੈਥਿਕ ਦਵਾਈਆਂ ਦੀ ਖਰੀਦ-ਵੇਚ ਕਰਨ ’ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।
ਕੁੱਝ ਦਵਾਈਆਂ ਦੇ ਸਟਾਕ ਦੀ ਵਿਕਰੀ ਰੱਦ
ਇਸ ਤੋਂ ਇਲਾਵਾ, ਟੈਪੈਂਟਾਡੋਲ ਅਤੇ ਇਸਦੇ ਸਾਲਟ ਤੋਂ ਬਣੀਆਂ ਦਵਾਈਆਂ ਸਟਾਕ ਕਰਨ ਅਤੇ ਵਿੱਕਰੀ ਲਈ ਪ੍ਰਦਰਸ਼ਿਤ ਕਰਨ ਦੀ ਮਨਜ਼ੂਰੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀ ਗਈ ਹੈ। ਸਟੋਰ ਸੰਚਾਲਕ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਜੇ ਉਸ ਕੋਲ ਇਹਨਾਂ ਦਵਾਈਆਂ ਦਾ ਸਟਾਕ ਮੌਜੂਦ ਹੈ ਤਾਂ ਉਸਨੂੰ ਸੰਬੰਧਿਤ ਡਿਸਟ੍ਰੀਬਿਊਟਰ, ਹੋਲਸੇਲਰ ਜਾਂ ਨਿਰਮਾਤਾ ਨੂੰ ਵਾਪਸ ਕਰੇ ਅਤੇ ਇਸਦੀ ਸੂਚਨਾ ਵਿਭਾਗ ਨੂੰ ਦੇਵੇ।ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਦੇਸ਼ ਦੇ ਬਾਅਦ ਟੈਪੈਂਟਾਡੋਲ ਯੁਕਤ ਦਵਾਈਆਂ ਦਾ ਸਟਾਕ ਰੱਖਣ, ਵਿਕਰੀ ਜਾਂ ਵੰਡਣ ਕਰਨ ਤੇ ਡਰੱਗਸ ਐਂਡ ਕਾਸਮੈਟਿਕਸ ਐਕਟ, 1940 ਦੀ ਧਾਰਾ 18(ਸੀ) ਅਤੇ ਧਾਰਾ 27(ਬੀ)(ਆਈ) ਦੇ ਤਹਿਤ ਕਾਰਵਾਈ ਹੋ ਸਕਦੀ ਹੈ। ਆਦੇਸ਼ ਦੀ ਪ੍ਰਤਿ ਡਰੱਗਸ ਕੰਟਰੋਲ ਅਫਸਰ, ਬਠਿੰਡਾ-2 ਨੂੰ ਵੀ ਭੇਜੀ ਗਈ ਹੈ। ਉਹਨਾਂ ਨੂੰ ਮੈਡੀਕਲ ਸਟੋਰ ਨੂੰ ਆਦੇਸ਼ ਦੀ ਪ੍ਰਤਿ ਸੌਂਪਣ ਅਤੇ ਸਸਪੈਂਸ਼ਨ ਅਵਧੀ ਵਿੱਚ ਦਵਾਈਆਂ ਦੀ ਖਰੀਦ-ਵਿਕਰੀ ਬੰਦ ਕਰਵਾਉਣਾ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
- Download Babushahi App
-
-