ਸਿਵਲ ਸਰਜਨ ਬਠਿੰਡਾ ਵੱਲੋਂ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਅਤੇ ਗਰੀਨ ਦਿਵਾਲੀ ਮਨਾਉਣ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ , 06 ਨਵੰਬਰ 2026 ਸਿਹਤ ਵਿਭਾਗ ਬਠਿੰਡਾ ਵੱਲੋਂ ਲੋਕਾਂ ਦੀ ਸਿਹਤ ਤੰਦਰੁਸਤੀ ਲਈ ਪੁਰਜ਼ੋਰ ਯਤਨ ਕਰ ਰਿਹਾ ਹੈ। ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਡਾ ਤਪਿੰਦਰਜੋਤ ਸਿਵਲ ਸਰਜਨ ਬਠਿੰਡਾ ਨੇ ਜਿਲ੍ਹਾ ਨਿਵਾਸੀਆਂ ਨੂੰ ਪ੍ਰਦੂਸ਼ਣ ਰਹਿਤ ਅਤੇ ਪਟਾਖਿਆਂ ਤੋਂ ਰਹਿਤ ਗਰੀਨ ਦਿਵਾਲੀ ਮਨਾਉਣ ਦੇ ਨਾਲ- ਨਾਲ ਜਿਲ੍ਹਾ ਵਾਸੀਆ ਨੂੰ ਘਰਾਂ ਦੀ ਸਫਾਈ ਦੌਰਾਨ ਪਲਾਸਟਿਕ ਦੇ ਲਿਫਾਫੇ ਅਤੇ ਅਣਲੋੜੀਦਾ ਸਮਾਨ ਦੇ ਸਹੀ ਨਿਪਟਾਰੇ ਲਈ ਤੇ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖ ਵੱਖ ਕਰਨ ਅਤੇ ਚੰਗੀਆ ਆਦਤਾਂ ਨੂੰ ਗ੍ਰਹਿਣ ਕਰਨ ਅਪੀਲ ਕੀਤੀ।
ਉਹਨਾਂ ਕਿਹਾ ਕਿ ਪਟਾਖਿਆਂ ਤੋਂ ਨਿਕਲਿਆ ਧੂੰਆਂ ਅਤੇ ਪ੍ਰਦੂਸ਼ਣ ਨਾਲ ਕਈ ਬਿਮਾਰੀਆਂ ਜਿਵੇ ਸਾਹ, ਦਮਾ, ਦਿਲ, ਅੱਖਾਂ, ਚਮੜੀ, ਕੈਂਸਰ ਅਤੇ ਤਪਦਿਕ ਦੀਆਂ ਬਿਮਾਰੀਆਂ ਦਾ ਕਾਰਣ ਬਣਦਾ ਹੈ। ਖਾਸ ਕਰਕੇ ਬੱਚੇ, ਬਜ਼ੁਰਗ ਅਤੇ ਗਰਭਵਤੀ ਮਾਵਾਂ ਇਸ ਦੀ ਲਪੇਟ ਵਿੱਚ ਜਲਦੀ ਆ ਜਾਂਦੇ ਹਨ। ਉਹਨਾਂ ਬਜੁਰਗਾਂ, ਗਰਭਵਤੀ ਮਾਵਾਂ, ਸਾਹ ਅਤੇ ਦਮੇ ਦੇ ਮਰੀਜਾਂ ਅਤੇ ਦਿਲ ਦੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਦਿਵਾਲੀ ਵਾਲੇ ਦਿਨ ਘਰਾਂ ਤੋਂ ਬਾਹਰ ਨਾ ਨਿਕਲਣ। ਧੂੰਆਂ ਅਤੇ ਪਟਾਖਿਆਂ ਦੀ ਰਹਿੰਦ ਖੂੰਹਦ ਵਾਤਾਵਾਰਣ ਨੂੰ ਵੀ ਪ੍ਰਦੂਸ਼ਿਤ ਕਰਦੀ ਹੈ। ਉਹਨਾਂ ਕਿਹਾ ਕਿ ਜੇਕਰ ਬੱਚੇ ਪਟਾਖੇ ਚਲਾਉਂਦੇ ਹਨ ਤਾਂ ਵੱਡਿਆਂ ਦੀ ਨਿਗਰਾਨੀ ਵਿੱਚ ਚਲਾਉਣ ਅਤੇ ਹੱਥਾਂ ਵਿੱਚ ਫੜ ਕੇ ਨਾ ਚਲਾਉਣ, ਤਾਂ ਜੋ ਅਣਸੁਖਾਵੀਂ ਘਟਨਾ ਨਾ ਵਾਪਰੇ। ਪਟਾਖੇ ਚਲਾਉਣ ਸਮੇਂ ਪਾਣੀ ਦੀ ਬਾਲਟੀ ਆਪਣੇ ਕੋਲ ਭਰ ਕੇ ਰੱਖਣ। ਉਹਨਾਂ ਕਿਹਾ ਕਿ ਦਿਵਾਲੀ ਮੌਕੇ ਰੇਸ਼ਮੀ ਅਤੇ ਢਿੱਲੇ ਕੱਪੜੇ ਨਾ ਪਾਓ, ਬਲਕਿ ਸੂਚੀ ਕੱਪੜੇ ਪਹਿਨੇ ਜਾਣ। ਅਨਚੱਲੇ ਪਟਾਖਿਆਂ ਨੂੰ ਬੱਚੇ ਦੁਬਾਰਾ ਚਲਾਉਣ ਦੀ ਕੋਸ਼ਿਸ਼ ਕਰਦੇ ਹਨ, ਅਨਚੱਲੇ ਪਟਾਖੇ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ, ਕਿਉਂਕਿ ਇਹ ਅਨਚੱਲੇ ਪਟਾਖੇ ਕਿਸੇ ਵੀ ਸਮੇਂ ਫਟ ਸਕਦੇ ਹਨ ਅਤੇ ਕਿਸੇ ਦੁਰਘਟਨਾ ਨੂੰ ਅੰਜਾਮ ਦੇ ਸਕਦੇ ਹਨ। ਪਟਾਖਿਆਂ ਨਾਲ ਅੱਖਾਂ ਦੀ ਘਟਨਾਵਾਂ ਅਤੇ ਅੱਖਾਂ ਦੀਆਂ ਬਿਮਾਰੀਆਂ ਵਧਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਵੱਡਿਆਂ ਦੀ ਨਿਗਰਾਨੀ ਅਤੇ ਅੱਖਾਂ ਤੋਂ ਦੂਰ ਰੱਖ ਕੇ ਹੀ ਚਲਾਓ। ਜੇਕਰ ਅੱਖਾਂ ਤੇ ਸੱਟ ਵੀ ਲੱਗ ਜਾਵੇ ਤਾਂ ਉੁਸ ਨੂੰ ਮਲਣਾ ਨਹੀਂ ਚਾਹੀਦਾ, ਸਗੋਂ ਜਲਦੀ ਤੋਂ ਜਲਦੀ ਅੱਖਾਂ ਦੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਉਹਨਾਂ ਵਾਤਾਵਰਣ ਦੀ ਸ਼ੁਧਤਾ ਲਈ ਪੌਦੇ ਲਗਾ ਕੇ ਹਰੀ ਦਿਵਾਲੀ ਮਨਾਉਣ ਦੀ ਅਪੀਲ ਵੀ ਕੀਤੀ।