CM Mann ਦੇ ਆਦੇਸ਼ਾਂ ਤਹਿਤ ਐਸ ਡੀ ਐਮ ਰਾਮਪੁਰਾ ਨੇ ਕੀਤਾ ਮਲੂਕਾ ਤੇ ਕੋਠਾ ਗੁਰੂ ਦਾਣਾ ਮੰਡੀ ਦਾ ਦੌਰਾ
ਕਿਸਾਨਾਂ ਨਾਲ ਝੋਨੇ ਦੀ ਖਰੀਦ ਸਬੰਧੀ ਕੀਤੀ ਗੱਲਬਾਤ
ਪਰਾਲੀ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ
ਅਸ਼ੋਕ ਵਰਮਾ
ਬਠਿੰਡਾ, 24 ਅਕਤੂਬਰ 2026: ਜ਼ਿਲ੍ਹੇ ਭਰ 'ਚ ਝੋਨੇ ਦੀ ਚੱਲ ਰਹੀ ਨਿਰਵਿਘਨ ਖ੍ਰੀਦ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਰਾਜੇਸ਼ ਧੀਮਾਨ ਦੇ ਆਦੇਸ਼ਾਂ 'ਤੇ ਉਪ ਮੰਡਲ ਮੈਜਿਸਟਰੇਟ ਰਾਮਪੁਰਾ ਫੂਲ ਸ. ਬਲਕਰਨ ਸਿੰਘ ਮਾਹਲ ਵੱਲੋਂ ਮਲੂਕਾ ਅਤੇ ਕੋਠਾ ਗੁਰੂ ਦੀਆਂ ਦਾਣਾ ਮੰਡੀਆਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਰਾਮਪੁਰਾ ਫੂਲ ਸ. ਬਲਕਰਨ ਸਿੰਘ ਮਾਹਲ ਨੇ ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲਿਆ। ਉਨ੍ਹਾਂ ਮੰਡੀ ਵਿੱਚ ਝੋਨੇ ਦੀ ਆਮਦ, ਖਰੀਦ ਪ੍ਰਕਿਰਿਆ ਅਤੇ ਕਿਸਾਨਾਂ ਦੀ ਫ਼ਸਲ ਦੀ ਖਰੀਦ ਨਾਲ ਸਬੰਧਤ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਮੰਡੀ ਵਿੱਚ ਕਿਸਾਨਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਅਤੇ ਖਰੀਦ ਕਾਰਜਾਂ ਸਬੰਧੀ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਉਹਨਾਂ ਇਹ ਵੀ ਕਿਹਾ ਖਰੀਦ ਕੀਤੇ ਗਏ ਝੋਨੇ ਦੀ ਚੁਕਾਈ ਵੀ ਨਾਲੋ ਨਾਲ ਹੀ ਕੀਤੀ ਜਾਵੇ ਤਾਂ ਜੋ ਮੰਡੀ ਵਿੱਚ ਹੋਰ ਫ਼ਸਲ ਲਿਆਉਣ ਲਈ ਕਿਸਾਨਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਇਸ ਦੌਰਾਨ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ, ਸਗੋਂ ਇਸ ਪਰਾਲੀ ਨੂੰ ਆਧੁਨਿਕ ਮਸ਼ੀਨਰੀ ਨਾਲ ਖੇਤਾਂ ਵਿੱਚ ਹੀ ਖਤਮ ਕਰ ਦਿੱਤਾ ਜਾਵੇ। ਇੰਝ ਕਰਨ ਨਾਲ ਸਿਰਫ਼ ਖੇਤਾਂ ਦੇ ਜ਼ਰੂਰੀ ਤੱਤ ਵੀ ਨਸ਼ਟ ਨਹੀਂ ਹੁੰਦੇ ਅਤੇ ਨਵੀਂ ਬੀਜਣ ਵਾਲੀ ਫ਼ਸਲ ਲਈ ਵੀ ਖੇਤ ਵਿੱਚ ਦਬਾਈ ਗਈ ਪਰਾਲੀ ਲਾਹੇਬੰਦ ਸਾਬਤ ਹੁੰਦੀ ਹੈ।
ਇਸ ਮੌਕੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਆੜਤੀਏ ਤੇ ਕਿਸਾਨ ਆਦਿ ਹਾਜ਼ਰ ਸਨ।