ਸਰਕਾਰੀ ਕਾਲਜ ਮਾਹੈਣ ਵਿਖੇ ਮਾਨਸਿਕ ਸਿਹਤ ਦੀ ਤੰਦਰੁਸਤੀ ਬਾਰੇ ਸੈਮੀਨਾਰ
ਵਿਦਿਆਰਥੀਆਂ ਨੇ ਦਿੱਤਾ ਸਿਹਤਮੰਦ ਜੀਵਨਸ਼ੈਲੀ ਦਾ ਸੰਦੇਸ਼
ਸੈਰ, ਕਸਰਤ, ਯੋਗਾ ਅਤੇ ਸੰਤੁਲਿਤ ਖੁਰਾਕ ਨਾਲ ਤਣਾਅ ਤੋਂ ਮਿਲ ਸਕਦੀ ਹੈ ਰਾਹਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ 23 ਅਕਤੂਬਰ, 2026
ਸ੍ਕਾਰੀ ਕਾਲਜ ਮਾਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਡਾਇਰੈਕਟਰ, ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪ੍ਰਿੰਸੀਪਲ ਆਮੀ ਭੱਲਾ ਦੀ ਅਗਵਾਈ ਹੇਠ ‘ਤੰਦਰੁਸਤ ਮਾਨਸਿਕ ਸਿਹਤ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਦੀ ਮਹੱਤਤਾ, ਤਣਾਅ ਤੋਂ ਬਚਾਅ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਪ੍ਰਤੀ ਜਾਗਰੂਕ ਕੀਤਾ ਗਿਆ।
ਪ੍ਰੋ. ਵਿਪਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਮਾਨਸਿਕ ਸਿਹਤ ਨਾਲ ਜੁੜੇ ਵੱਖ-ਵੱਖ ਪਹਿਲੂਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਬੀ.ਏ. ਭਾਗ ਤੀਜਾ ਦੀਆਂ ਵਿਦਿਆਰਥਣਾਂ ਅਨੂੰ ਦੇਵੀ ਅਤੇ ਚਰਨਜੀਤ ਕੌਰ ਨੇ ਕਿਹਾ ਕਿ ਮਾਨਸਿਕ ਸਿਹਤ ਦੀ ਤੰਦਰੁਸਤੀ ਅੱਜ ਦੇ ਸਮੇਂ ਵਿੱਚ ਹਰ ਮਨੁੱਖ ਦੀ ਮੁੱਢਲੀ ਲੋੜ ਹੈ। ਮਾਨਸਿਕ ਸਿਹਤ ਪ੍ਰਭਾਵਿਤ ਹੋਣ ਨਾਲ ਵਿਅਕਤੀ ਤਣਾਅ ਦਾ ਸ਼ਿਕਾਰ ਹੋ ਸਕਦਾ ਹੈ। ਇਸ ਲਈ ਰੋਜ਼ਾਨਾ ਸੈਰ, ਕਸਰਤ ਅਤੇ ਯੋਗਾ ਨੂੰ ਜੀਵਨ ਦਾ ਹਿੱਸਾ ਬਣਾਉਣਾ ਜ਼ਰੂਰੀ ਹੈ।
ਦੂਜਾ ਸਥਾਨ ਹਾਸਲ ਕਰਨ ਵਾਲੀਆਂ ਬੀ.ਏ. ਭਾਗ ਪਹਿਲਾ ਦੀਆਂ ਵਿਦਿਆਰਥਣਾਂ ਕੋਮਲਦੀਪ ਕੌਰ ਅਤੇ ਜੋਤੀ ਨੇ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਭੋਜਨ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ, ਦਾਲਾਂ ਅਤੇ ਮੌਸਮੀ ਫਲਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਮਿਠਾਈਆਂ, ਡੱਬਾਬੰਦ ਅਤੇ ਤਲੀਆਂ ਹੋਈਆਂ ਖਾਣ-ਪੀਣ ਦੀਆਂ ਵਸਤਾਂ ਦੀ ਵਰਤੋਂ ਸੀਮਤ ਕਰਨੀ ਚਾਹੀਦੀ ਹੈ।
ਤੀਜਾ ਸਥਾਨ ਹਾਸਲ ਕਰਨ ਵਾਲੀਆਂ ਬੀ.ਏ. ਭਾਗ ਦੂਜਾ ਦੀਆਂ ਵਿਦਿਆਰਥਣਾਂ ਜਸ਼ਨਦੀਪ ਕੌਰ ਅਤੇ ਕਾਜਲ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸਿਹਤਮੰਦ ਜੀਵਨ ਲਈ ਸ਼ਰਾਬ, ਤੰਬਾਕੂ, ਸਿਗਰਟ ਅਤੇ ਹੋਰ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਸੈਮੀਨਾਰ ਦੌਰਾਨ ਆਤਮਹੱਤਿਆ ਦੀ ਗੰਭੀਰ ਸਮਾਜਿਕ ਸਮੱਸਿਆ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਰਹਿਣ, ਤਣਾਅ ਦੀ ਸਥਿਤੀ ਵਿੱਚ ਪਰਿਵਾਰਕ ਮੈਂਬਰਾਂ ਅਤੇ ਭਰੋਸੇਯੋਗ ਵਿਅਕਤੀਆਂ ਨਾਲ ਗੱਲਬਾਤ ਕਰਨ ਅਤੇ ਲੋੜ ਪੈਣ ’ਤੇ ਮਾਹਿਰਾਂ ਦੀ ਸਹਾਇਤਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ, ਸਮੇਂ ਸਿਰ ਸਹਾਇਤਾ ਅਤੇ ਸਮਾਜਿਕ ਸਹਿਯੋਗ ਆਤਮਹੱਤਿਆ ਵਰਗੀਆਂ ਦੁਖਦਾਈ ਘਟਨਾਵਾਂ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਡਾ. ਦਿਲਰਾਜ ਕੌਰ, ਪ੍ਰੋ. ਬੋਬੀ ਅਤੇ ਡਾ. ਅਮਿਤ ਕੁਮਾਰ ਯਾਦਵ ਨੇ ਅਹਿਮ ਭੂਮਿਕਾ ਨਿਭਾਈ। ਸੈਮੀਨਾਰ ਨੇ ਵਿਦਿਆਰਥੀਆਂ ਨੂੰ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਤੰਦਰੁਸਤੀ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦਾ ਸੰਦੇਸ਼ ਦਿੱਤਾ।