ਕਿਸਾਨਾਂ ਨਾਲ ਮੰਡੀਆਂ ਵਿੱਚ ਹੋ ਰਹੀ ਲੁੱਟ ਦੇ ਖਿਲਾਫ ਪ੍ਰਦਰਸ਼ਨ ਤੋਂ ਬਾਅਦ ਕਿਸਾਨਾਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ
ਰੋਹਿਤ ਗੁਪਤਾ
ਗੁਰਦਾਸਪੁਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਸੰਤ ਬਾਬਾ ਲਾਲ ਸਿੰਘ ਜੀ ਕੁੱਲੀ ਵਾਲਿਆਂ ਵੱਲੋਂ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਅਧੀਨ ਆਉਂਦੀ ਦਾਣਾ ਮੰਡੀ ਭੈਣੀ ਮੀਆਂ ਖਾਂ ਵਿਖੇ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਤੋਂ ਬਾਅਦ ਏਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਮੰਡੀਆਂ ਵਿੱਚ ਅੰਨਦਾਤਾ ਦੀ ਕੀਤੀ ਜਾ ਰਹੀ ਲੁੱਟ ਨੂੰ ਹੁਣ ਹੋਰ ਸਹਿਣ ਨਹੀਂ ਕੀਤਾ ਜਾਵੇਗਾ।
ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਜੋਨ ਪ੍ਰਧਾਨ ਨਿਸ਼ਾਨ ਸਿੰਘ ਮੇਹੜੇ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਤੋਂ ਮੰਡੀਆਂ ਵਿੱਚ ਖਰੀਦ ਸ਼ੁਰੂ ਹੋਈ ਹੈ। ਉਦੋਂ ਤੋਂ ਹੀ ਕਿਸਾਨਾਂ ਦੀ ਭਾਰੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਦੀ ਡੀ.ਸੀ. ਗੁਰਦਾਸਪੁਰ, ਡੀ.ਐੱਫ.ਸੀ., ਡੀ.ਐੱਮ. ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਅਹਿਮ ਮੀਟਿੰਗਾਂ ਹੋਈਆਂ ਸਨ।ਜਿੱਥੇ ਅਧਿਕਾਰੀਆਂ ਨੇ ਸਾਰੀ ਕਾਰਵਾਈ ਕਰਕੇ ਜਲਦੀ ਆਰ.ਓ. (RO) ਲਗਾਉਣ ਅਤੇ ਲਿਫਟਿੰਗ ਸੁਧਾਰਨ ਦਾ ਭਰੋਸਾ ਦਿੱਤਾ ਸੀ। ਪਰ ਅਫਸੋਸ ਕਿ ਅੱਜ ਤੱਕ ਜ਼ਮੀਨੀ ਪੱਧਰ 'ਤੇ ਕੋਈ ਠੋਸ ਕਾਰਵਾਈ ਨਹੀਂ ਹੋਈ ਅਤੇ ਮੰਡੀਆਂ ਵਿੱਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ।
ਨਿਸ਼ਾਨ ਸਿੰਘ ਮੇਹੜੇ ਨੇ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਮੰਡੀਆਂ ਵਿੱਚੋਂ ਕਿਸਾਨਾਂ ਦੀ ਲੁੱਟ ਬੰਦ ਨਾ ਹੋਈ, ਲਿਫਟਿੰਗ ਨਾ ਹੋਈ ਅਤੇ ਆਰ.ਓ. ਨਾ ਲੱਗੇ, ਤਾਂ ਜਥੇਬੰਦੀ ਸੂਬਾ ਕਮੇਟੀ ਨਾਲ ਸਲਾਹ ਕਰਕੇ ਤਿੱਖਾ ਸੰਘਰਸ਼ ਉਲੀਕੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਦੌਰਾਨ ਚਾਹੇ ਰੋਡ ਜਾਮ ਕਰਨਾ ਪਵੇ ਜਾਂ ਰੇਲ ਮਾਰਗ ਬੰਦ ਕਰਨਾ ਪਵੇ, ਸਾਰੇ ਸੰਘਰਸ਼ੀ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਾਰੀ ਸਥਿਤੀ ਅਤੇ ਇਸ ਦੇ ਨਤੀਜਿਆਂ ਦੀ ਸਿੱਧੀ ਜ਼ਿੰਮੇਵਾਰੀ ਪ੍ਰਸ਼ਾਸਨ, ਡੀ.ਸੀ. ਗੁਰਦਾਸਪੁਰ, ਡੀ.ਐੱਫ.ਸੀ. ਅਤੇ ਡੀ.ਐੱਮ. ਦੀ ਹੋਵੇਗੀ।