ਅਕਾਲੀ-ਭਾਜਪਾ ਗੱਠਜੋੜ ਦੀਆਂ ਅਟਕਲਾਂ 'ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਕਿਹਾ- ਦਰਵਾਜ਼ੇ ਸਿਰਫ਼ ਓਹਨਾ ਲਈ ਖੁੱਲ੍ਹੇ, ਜਿਹੜੇ.... (ਵੇਖੋ ਵੀਡੀਓ)
ਕਾਂਗਰਸ ਅਤੇ AAP ਪੰਜਾਬ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ': ਸਮਾਨ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਸਾਂਝ ਲਈ ਅਕਾਲੀ ਦਲ ਦੇ ਦਰਵਾਜ਼ੇ ਖੁੱਲ੍ਹੇ
Babushahi Network
ਚੰਡੀਗੜ੍ਹ/ਨਵੀਂ ਦਿੱਲੀ 23 ਅਕਤੂਬਰ 2026- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਲੀ ਵਿਖੇ ਐੱਨ.ਡੀ.ਏ. (NDA) ਗੱਠਜੋੜ ਨੂੰ ਲੈ ਕੇ ਦਿੱਤੇ ਗਏ ਇੱਕ ਵੱਡੇ ਬਿਆਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਤੋਂ ਵੱਡੀ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਬਿਆਨ ਤੋਂ ਬਾਅਦ ਜਿੱਥੇ ਰਾਜਸੀ ਗਲਿਆਰਿਆਂ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ, ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਸ ਪੂਰੇ ਮੁੱਦੇ 'ਤੇ ਆਪਣਾ ਅਧਿਕਾਰਤ ਪੱਖ ਸਪੱਸ਼ਟ ਕਰ ਦਿੱਤਾ ਗਿਆ ਹੈ।
ਅੱਜ ਜਦੋਂ ਚੰਡੀਗੜ੍ਹ ਵਿਖੇ ਮੀਡੀਆ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਅਮਿਤ ਸ਼ਾਹ ਦੇ ਇਸ ਬਿਆਨ ਬਾਰੇ ਸਵਾਲ ਪੁੱਛਿਆ ਗਿਆ ਕਿ, ਜਿਸ ਤਰ੍ਹਾਂ ਅਕਾਲੀ-ਭਾਜਪਾ ਰਾਜ ਦੇ ਦੌਰਾਨ ਪੰਜਾਬ ਵਿੱਚ ਵੱਡੀ ਤਰੱਕੀ ਦੀ ਗੱਲ ਕੀਤੀ ਜਾਂਦੀ ਹੈ, ਕੀ ਉਹ ਤਰੱਕੀ ਮੁੜ ਲਿਆਉਣ ਲਈ ਅਕਾਲੀ-ਭਾਜਪਾ ਗੱਠਜੋੜ ਮੁੜ ਤੋਂ ਹੋਣ ਜਾ ਰਿਹਾ ਹੈ? ਇਸ ਸਵਾਲ ਦਾ ਨਿਮਰਤਾ ਅਤੇ ਸਪੱਸ਼ਟਤਾ ਨਾਲ ਜਵਾਬ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ, "ਸ਼੍ਰੋਮਣੀ ਅਕਾਲੀ ਦਲ ਇੱਕ ਮਜ਼ਬੂਤ ਖੇਤਰੀ ਪਾਰਟੀ ਹੈ। ਅਕਾਲੀ ਦਲ ਵਾਸਤੇ ਸਭ ਤੋਂ ਪਹਿਲਾਂ ਪੰਜਾਬ ਅਤੇ ਪੰਜਾਬੀਅਤ ਦਾ ਹਿੱਤ ਨੰਬਰ ਵਨ ਹੈ। ਸਾਡੀ ਸਰਕਾਰ ਆਵੇ ਜਾਂ ਨਾ ਆਵੇ, ਅਸੀਂ ਪੰਜਾਬੀਆਂ ਦੇ ਹੱਕਾਂ ਦੀ ਲੜਾਈ ਨਿਰੰਤਰ ਲੜਦੇ ਰਹਾਂਗੇ।"
ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਦਿਆਂ ਅੱਗੇ ਕਿਹਾ ਕਿ, "ਸਾਡੇ ਵਾਸਤੇ ਦੋ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਪਾਰਟੀਆਂ ਹਨ। ਇਹਨਾਂ ਦੋਵਾਂ ਪਾਰਟੀਆਂ ਨਾਲ ਸਾਡਾ ਕਿਸੇ ਵੀ ਕੀਮਤ 'ਤੇ ਕੋਈ ਸਮਝੌਤਾ ਜਾਂ ਮੇਲ-ਜੋਲ ਨਹੀਂ ਹੋ ਸਕਦਾ। ਜਿੱਥੋਂ ਤੱਕ ਹੋਰਨਾਂ ਰਾਜਨੀਤਿਕ ਧਿਰਾਂ ਦੀ ਗੱਲ ਹੈ, ਜੋ ਵੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਅਤੇ ਸਾਡੇ ਪ੍ਰੋਗਰਾਮਾਂ ਨਾਲ ਸਹਿਮਤ ਹਨ, ਉਨ੍ਹਾਂ ਸਾਰੀਆਂ ਸਮਾਨ-ਵਿਚਾਰਧਾਰਾ ਵਾਲੀਆਂ ਧਿਰਾਂ ਨਾਲ ਚਰਚਾ ਲਈ ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।"
ਸੁਖਬੀਰ ਬਾਦਲ ਦੇ ਇਸ ਬਿਆਨ ਤੋਂ ਸਾਫ਼ ਸੰਕੇਤ ਮਿਲਦਾ ਹੈ ਕਿ ਅਕਾਲੀ ਦਲ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਭਵਿੱਖ ਵਿੱਚ ਸਮਾਨ ਸੋਚ ਵਾਲੀਆਂ ਧਿਰਾਂ ਨਾਲ ਸਾਂਝ ਪਾਉਣ ਲਈ ਤਿਆਰ ਹੈ। ਹੁਣ ਦੇਖਣਾ ਇਹ ਹੋਵੇਗਾ ਕਿ 2027 ਦੀਆਂ ਵੋਟਾਂ ਤੋਂ ਪਹਿਲਾਂ ਪੰਜਾਬ ਦਾ ਰਾਜਨੀਤਿਕ ਸਮੀਕਰਨ ਕੇਹੜਾ ਨਵਾਂ ਮੋੜ ਲੈਂਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਇੱਕ ਵਿਸ਼ੇਸ਼ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਦਾਅਵਾ ਕੀਤਾ ਸੀ ਕਿ ਪੰਜਾਬ ਦੇ ਅੰਦਰ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਐੱਨ.ਡੀ.ਏ. (NDA) ਗੱਠਜੋੜ ਦੀ ਹੀ ਸਰਕਾਰ ਬਣੇਗੀ। ਗ੍ਰਹਿ ਮੰਤਰੀ ਦੇ ਇਸ ਬਿਆਨ ਦੇ ਬਾਅਦ ਤੋਂ ਹੀ ਪੰਜਾਬ ਵਿੱਚ ਪੁਰਾਣੇ ਅਕਾਲੀ-ਭਾਜਪਾ ਗੱਠਜੋੜ ਦੇ ਫਿਰ ਤੋਂ ਮੁੜ ਸੁਰਜੀਤ ਹੋਣ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ ਅਤੇ ਸਿਆਸੀ ਮਾਹਰ ਇਸ ਦੇ ਵੱਖ-ਵੱਖ ਅਰਥ ਕੱਢ ਰਹੇ ਹਨ।
- Download Babushahi App
-
-