CRIME SPECIAL-ਹੁਣ ਝੋਟੇ ਦੇ ਪਿਤਾ ਭੀਮ ਸਿੰਘ ਦੀਆਂ ਅੱਖਾਂ ’ਚ ਮਾਨਸਾ ਜਿਲ੍ਹੇ ਦਾ ਨਵਾਂ SSP ਰੜਕਿਆ
ਅਸ਼ੋਕ ਵਰਮਾ
ਬਠਿੰਡਾ , 24 ਅਕਤੂਬਰ 2026 : ਹੁਣ ਤੱਕ ਦੇ ਸਭ ਤੋਂ ਹਾਈਪ੍ਰੋਫਾਈਲ ਮਾਮਲੇ ਪਰਮਿੰਦਰ ਸਿੰਘ ਝੋਟਾ ਕਤਲ ਨੂੰ ਲੈ ਕੇ ਉਨ੍ਹਾਂ ਦੇ ਪਿਤਾ ਭੀਮ ਸਿੰਘ ਨੇ ਮਾਨਸਾ ਦੇ ਐੱਸ ਐੱਸ ਪੀ ਵੈਭਵ ਚੌਧਰੀ ਦੇ ਤੁਰੰਤ ਤਬਾਦਲੇ ਦੀ ਮੰਗ ਕੀਤੀ ਹੈ। ਇਸ ਸਬੰਧੀ ਭੀਮ ਸਿੰਘ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ’ਚ ਉਨ੍ਹਾਂ ਜਿਲ੍ਹਾ ਪੁਲਿਸ ਮੁਖੀ ਦੀ ਕਾਰਕਰਦਗੀ ’ਤੇ ਸਵਾਲ ਚੁੱਕਦਿਆਂ ਆਪਣੀ ਇਹ ਨਵੀਂ ਮੰਗ ਰੱਖੀ ਹੈ। ਆਈਪੀਐਸ ਅਧਿਕਾਰੀ ਵੈਭਵ ਚੌਧਰੀ ਨੂੰ ਭਾਗੀਰਥ ਸਿੰਘ ਮੀਨਾ ਦੀ ਥਾਂ ਤਕਰੀਬਨ ਮਹੀਨਾ ਪਹਿਲਾਂ ਲੰਘੀ 9 ਸਤੰਬਰ ਨੂੰ ਮਾਨਸਾ ਜਿਲ੍ਹੇ ਦਾ ਨਵਾਂ ਪੁਲਿਸ ਮੁਖੀ ਨਿਯੁਕਤ ਕੀਤਾ ਗਿਆ ਸੀ। ਭੀਮ ਸਿੰਘ ਵੱਲੋਂ ਪੁਲੀਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਉਂਗਲ ਚੁੱਕਣ ਤੋਂ ਬਾਅਦ ਝੋਟਾ ਦੇ ਕਤਲ ਦਾ ਮਾਮਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਬਣ ਗਿਆ ਹੈ। ਇਸ ਤੋਂ ਪਹਿਲਾਂ ਪਰਿਵਾਰ ਵੱਲੋਂ ਇਸ ਮਾਮਲੇ ਵਿੱਚ ਇਨਸਾਫ਼ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ।
ਪੀੜਤ ਪ੍ਰੀਵਾਰ ਅਤੇ ਐਕਸ਼ਨ ਕਮੇਟੀ ਦੀਆਂ ਮੁੱਖ ਮੰਗਾਂ ’ਚ ਸਭ ਤੋਂ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਦਾ ਅਸਤੀਫਾ ਸ਼ਾਮਲ ਹੈ। ਹਾਲਾਂਕਿ ਪ੍ਰੀਵਾਰ ਅਤੇ ਇਸ ਮਾਮਲੇ ’ਚ ਬਣੀ ਐਕਸ਼ਨ ਕਮੇਟੀ ਦੀ ਮੰਗ ਤੋਂ ਬਾਅਦ ਪੰਜਾਬ ਸਰਕਾਰ ਨੇ ਝੋਟਾ ਕਤਲ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੂੰ ਸੌਂਪ ਦਿੱਤੀ ਹੈ ਪਰ ਹੁਣ ਪ੍ਰਵੀਵਾਰ ਵੱਲੋਂ ਐੱਸ ਐੱਸ ਪੀ ਮਾਨਸਾ ਦੇ ਕੰਮਕਾਜ ਨੂੰ ਲੈ ਕੇ ਜ਼ਾਹਰ ਕੀਤੀ ਨਰਾਜਗੀ ਤੋਂ ਇਹ ਮਾਮਲਾ ਨਵਾਂ ਮੋੜ ਲੈਂਦਾ ਨਜ਼ਰ ਆ ਰਿਹਾ ਹੈ। ਝੋਟਾ ਦੇ ਪਿਤਾ ਭੀਮ ਸਿੰਘ ਨੇ ਵੀਡੀਓ ਰਾਹੀਂ ਸਖਤ ਸ਼ਬਦਾਂ ’ਚ ਕਿਹਾ ਹੈ ਕਿ ਐੱਸਐੱਸਪੀ ਵੈਭਵ ਚੌਧਰੀ ਦੀ ਮੌਜੂਦਗੀ ਵਿੱਚ ਪੰਜਾਬ ਸਰਕਾਰ ਦੇ ਪੈਨਲ ਨਾਲ ਮੀਟਿੰਗਾਂ ਵਿੱਚ ਸ਼ਾਮਲ ਨਹੀਂ ਹੋਇਆ ਜਾਏਗਾ। ਪੀੜਤ ਸਾਬਕਾ ਫੌਜੀ ਭੀਮ ਸਿੰਘ ਦੇ ਐਲਾਨ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਚੱਲ ਰਹੀ ਗੱਲਬਾਤ ਦੀ ਪ੍ਰਕਿਰਿਆ ਇੱਕ ਵਾਰ ਖਟਾਈ ’ਚ ਪੈਂਦੀ ਦਿਖਾਈ ਦੇ ਰਹੀ ਹੈ।
ਭੀਮ ਸਿੰਘ ਨੇ ਅੱਜ ਰਿਕਾਰਡ ਕੀਤੀ ਵੀਡੀਓ ਵਿੱਚ ਦੋਸ਼ ਲਾਇਆ ਕਿ ਪ੍ਰਸ਼ਾਸਨ ਨਾਲ ਮੀਟਿੰਗਾਂ ਦੌਰਾਨ ਪਰਿਵਾਰ ਨਾਲ ਅਪਮਾਨਜਨਕ ਵਿਵਹਾਰ ਕੀਤਾ ਜਾ ਰਹਾ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਤਾਂ ਪੁਲੀਸ ਤੁਰੰਤ ਕਾਰਵਾਈ ਕਰਨ ਵਿੱਚ ਅਸਫਲ ਰਹੀ ਸੀ । ਉਨ੍ਹਾਂ ਕਿਹਾ ਕਿ ਜਿਸ ਅਧਿਕਾਰੀ ਦੇ ਕਥਿਤ ਇਸ਼ਾਰੇ ’ਤੇ ਮੇਰੇ ਪੁੱਤਰ ਦਾ ਕਤਲ ਹੋਇਆ , ਉਹ ਇਨ੍ਹਾਂ ਮੀਟਿੰਗਾਂ ਦੌਰਾਨ ਸਾਡੇ ਸਾਹਮਣੇ ਬੈਠਦਾ ਹੈ ਜਿਸ ਨਾਲ ਸਾਨੂੰ ਦੁੱਖ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਐੱਸਐੱਸਪੀ ਮੀਟਿੰਗ ਵਿੱਚ ਮੌਜੂਦ ਹੋਣਗੇ , ਤਾਂ ਮੇਰੀ ਨੂੰਹ ਮਨਪ੍ਰੀਤ ਕੌਰ ਅਤੇ ਮੈਂ ਸੂਬਾ ਸਰਕਾਰ ਦੇ ਪੈਨਲ ਨਾਲ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵਾਂਗੇ। ਉਨ੍ਹਾਂ ਨੇ ਹਾਲ ਹੀ ਵਿੱਚ ਕੁੱਝ ਅਧਿਕਾਰੀਆਂ ਦੀ ਕੀਤੀਆਂ ਗਈਆਂ ਮੁਅੱਤਲੀਆਂ ਨੂੰ ਵੀ ਕਟਹਿਰੇ ’ਚ ਖੜ੍ਹਾਇਆ ਅਤੇ ਮੁਅੱਤਲੀ ਦੇ ਹੁਕਮਾਂ ਦੀਆਂ ਕਾਪੀਆਂ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ ਹੈ।
ਬਜੁਰਗ ਭੀਮ ਸਿੰਘ ਨੇ ਦੋਸ਼ ਲਾਇਆ ਕਿ ਹੁਣ ਤੱਕ ਕੀਤੀ ਕਾਰਵਾਈ ਨਾਕਾਫੀ ਹੈ ਅਤੇ ਸਬੰਧਤ ਅਧਿਕਾਰੀਆਂ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕਰਵਾਉਣੀ ਚਾਹੀਦੀ ਹੈ। ਐੱਸਐੱਸਪੀ ਦੇ ਤਬਾਦਲੇ ਦੀ ਮੰਗ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਗੱਲਬਾਤ ਦੌਰਾਨ ਇਸ ਅਧਿਕਾਰੀ ਦੀ ਮੌਜੂਦਗੀ ਪਰਿਵਾਰ ਅਤੇ ਧਰਨਾਕਾਰੀਆਂ ਨੂੰ ਪ੍ਰਵਾਨ ਨਹੀਂ ਹੈ। ਉਨ੍ਹਾਂ ਵੀਡੀਓ ’ਚ ਮੁੱਖ ਮੰਤਰੀ ਅਤੇ ਡੀਜੀਪੀ ਦੇ ਅਸਤੀਫੇ ਮੰਗਣ ਦੇ ਕਾਰਨਾਂ ਸਬੰਧੀ ਵੀ ਖੁਲਾਸਾ ਕੀਤਾ ਅਤੇ ਅਗਾਮੀ ਚੋਣਾਂ ਸਬੰਧੀ ਆਪਣੇ ਖਦਸ਼ਿਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਈ ਅਗਲਾ ਫੈਸਲਾ ਲੈਣ ਤੋਂ ਪਹਿਲਾਂ ਸੰਘਰਸ਼ ਦੇ ਹੋਰ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਏਗਾ। ਅਹਿਮ ਪ੍ਰਸ਼ਾਸ਼ਨਿਕ ਸੂਤਰਾਂ ਦਾ ਵੀ ਇਹੋ ਕਹਿਣਾ ਹੈ ਕਿ ਐਐਸਪੀ ਮਾਮਲੇ ਨੂੰ ਨਜਿੱਠ ਨਹੀਂ ਸਕੇ ਹਨ ਜਿੰਨ੍ਹਾਂ ’ਚ ਐਸਐਚਓ ਇੰਸਪੈਕਟਰ ਬੇਅੰਤ ਕੌਰ ਖਿਲਾਫ ਦੇਰੀ ਨਾਲ ਕੀਤੀ ਕਾਰਵਾਈ ਸ਼ਾਮਲ ਹੈ ਜਦੋਂਕਿ ਉਸ ਨੂੰ ਆਪਣੀ ਡਿਊਟੀ ਨਿਭਾਉਣ ’ਚ ਕੋਤਾਹੀ ਕਰਨ ਕਾਰਨ ਤੁਰੰਤ ਮੁਅੱਤਲ ਕਰਨਾ ਚਾਹੀਦਾ ਸੀ।
ਓਧਰ ਇਸ ਮਾਮਲੇ ’ਚ ਐਕਸ਼ਨ ਕਮੇਟੀ ਅਤੇ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਅਸਤੀਫ਼ੇ ਸਮੇਤ ਆਪਣੀਆਂ ਮੁੱਖ ਮੰਗਾਂ ’ਤੇ ਡਟਣ ਕਾਰਨ ਦੋਵਾਂ ਧਿਰਾਂ ਵਿਚਕਾਰ ਡੈਡਲਾਕ ਬਣਿਆ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਬਣਾਈ ਅਧਿਕਾਰੀਆਂ ਦੀ ਟੀਮ ਨੇ ਕਈ ਮੰਗਾਂ ਪੂਰੀਆਂ ਕਰਨ ਲਈ ਲਿਖਤੀ ਜਵਾਬ ਦੇ ਦਿੱਤਾ ਹੈ। ਇੰਨ੍ਹਾਂ ਵਿੱਚ ਕਤਲ ਦੀ ਸੀਬੀਆਈ ਜਾਂਚ ( ਜੋ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ) , ਪੀਜੀਆਈ ਚੋਂ ਪੋਸਟਮਾਰਟਮ , ਸੁਰੱਖਿਆ, ਮਾਨਸਾ ’ਚ ਝੋਟਾ ਦਾ ਬੁੱਤ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੈਡੀਕਲ ਸਟੋਰਾਂ ਵਿਰੁੱਧ ਕਾਰਵਾਈ ਸ਼ਾਮਲ ਹੈ। ਹਾਲਾਂਕਿ ਪ੍ਰੀਵਾਰ ਨੇ ਦੋ ਅਸਤੀਫਿਆਂ ਸਮੇਤ ਸਮੂਹ ਮੰਗਾਂ ਪੂਰੀਆਂ ਹੋਣ ਤੱਕ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਰਾਹਤ ਵਾਲੀ ਗੱਲ ਇਹੋ ਹੈ ਕਿ ਝੋਟੇ ਦੇ ਪਿਤਾ ਭੀਮ ਸਿੰਘ ਦਾ ਕਹਿਣਾ ਹੈ ਕਿ ਉਹ ਮਾਮਲੇ ਨੂੰ ਲੰਮਾ ਨਹੀਂ ਖਿੱਚਣਾ ਚਾਹੁੰਦੇ ਹਨ।
- Download Babushahi App
-
-