ਮਜ਼ਦੂਰ ਪਰਿਵਾਰ ਦੇ ਘਰ 'ਚ ਲੱਗੀ ਭਿਆਨਕ ਅੱਗ ਨੇ ਸਾੜਿਆ ਘਰ ਦਾ ਪੂਰਾ ਸਮਾਨ
ਪੀੜਤਾਂ ਲਈ ਢੁਕਵੇਂ ਮੁਆਵਜ਼ੇ ਦੀ ਕੀਤੀ ਮੰਗ
ਅਸ਼ੋਕ ਵਰਮਾ
ਬਰਨਾਲਾ, 30 ਸਤੰਬਰ 2026 :ਪਿੰਡ ਹਮੀਦੀ ਵਿਖੇ ਅੱਜ ਦਿਨ ਸਮੇਂ ਹੀ ਇੱਕ ਮਜ਼ਦੂਰ ਪਰਿਵਾਰ ਦੇ ਘਰ ਵਿੱਚ ਬਿਜਲੀ ਸਰਕਟ ਸ਼ਾਟ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਘਰ ਅੰਦਰ ਪਿਆ ਘਰੇਲੂ ਸਮਾਨ ਬੁਰੀ ਤਰ੍ਹਾਂ ਸੜਨ ਕਾਰਨ ਕਰੀਬ ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਜ਼ੋਰਾ ਸਿੰਘ ਪੁੱਤਰ ਹਰਦਮ ਸਿੰਘ ਵਾਸੀ ਹਮੀਦੀ ਨੇ ਦੱਸਿਆ ਕਿ ਘਟਨਾ ਸਮੇਂ ਉਸ ਦੀ ਪਤਨੀ ਜੀਤ ਕੌਰ ਮਗਨਰੇਗਾ ਵਿੱਚ ਕੰਮ ਕਰਨ ਲਈ ਗਈ ਹੋਈ ਸੀ, ਜਦਕਿ ਪਰਿਵਾਰ ਦੇ ਬਾਕੀ ਸਾਰੇ ਮੈਂਬਰ ਜ਼ਰੂਰੀ ਕੰਮ ਲਈ ਬਰਨਾਲਾ ਗਏ ਹੋਏ ਸਨ। ਇਸ ਸਮੇਂ ਦੌਰਾਨ ਘਰ ਅੰਦਰ ਬਿਜਲੀ ਦਾ ਸਰਕਟ ਸ਼ਾਟ ਹੋਣ ਕਾਰਨ ਅਚਾਨਕ ਅੱਗ ਲੱਗ ਗਈ।
ਆਲੇ ਦੁਆਲੇ ਦੇ ਲੋਕਾਂ ਤਰਦੱਦ ਕਰਕੇ ਅੱਗ 'ਤੇ ਕਾਬੂ ਪਾਇਆ। ਨੁਕਸਾਨ ਸਬੰਧੀ ਦੱਸਿਆ ਕਿ ਘਰ ਅੰਦਰ ਪਿਆ ਕਰੀਬ 20 ਹਜ਼ਾਰ ਦਾ ਬੈੱਡ,15 ਹਜ਼ਾਰ ਦੇ ਫਰਿੱਜ਼ ਸਮੇਤ ਹੋਰ ਘਰੇਲੂ ਸਾਮਾਨ ਤੇ ਕੱਪੜੇ ਆਦਿ ਸੜ ਕੇ ਸੁਆਹ ਹੋ ਗਏ। ਜ਼ੋਰਾ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ।
ਸਰਪੰਚ ਓਮਨਦੀਪ ਸਿੰਘ ਸੋਹੀ, ਪੰਚ ਏਕਮ ਸਿੰਘ ਦਿਓਲ, ਬਲਾਕ ਸੰਮਤੀ ਮੈਂਬਰ ਜਗਜੀਤ ਸਿੰਘ ਰਾਣੂ, ਤਰਸੇਮ ਸਿੰਘ ਸਹੋਤਾ, ਰਾਜ ਸਿੰਘ ਫੌਜੀ, ਦਰਬਾਰਾ ਸਿੰਘ ਦਿਓਲ, ਜਸਵੀਰ ਸਿੰਘ ਰਾਣੂ ਆਦਿ ਪਤਵੰਤਿਆਂ ਜਿੱਥੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਉੱਥੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਗ਼ਰੀਬ ਪਰਿਵਾਰ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।
- Download Babushahi App
-
-