ਪੰਜਾਬ ਵਿੱਚ ਨਸ਼ੇ ਲਈ ਭਾਜਪਾ ਅਤੇ "ਆਪ" ਜਿੰਮੇਵਾਰ; ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਬਾਅਦ ਵੇਰਕਾ ਨੇ ਚੁੱਕੇ ਸਵਾਲ
ਮਜੀਠੀਆ ਨੂੰ ਵਾਰ-ਵਾਰ ਸੰਮਣ ਭੇਜਣ ਤੇ ਵੀ ਕੀਤੀ ਟਿੱਪਣੀ
ਕੁਲਵਿੰਦਰ ਸਿੰਘ
ਅੰਮ੍ਰਿਤਸਰ 30 ਸਤੰਬਰ
ਅੱਜ ਜਲੰਧਰ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਸਮਾਪਤੀ ਸਮਾਗਮ ਦੌਰਾਨ ਪੰਜਾਬ ਨੂੰ 31 ਦਸੰਬਰ 2029 ਤੱਕ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਸਰਕਾਰ 'ਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਨਿਸ਼ਾਨਾ ਸਾਧਿਆ। ਅਮਿਤ ਸ਼ਾਹ ਦੇ ਇਸ ਬਿਆਨ 'ਤੇ ਸਾਬਕਾ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਡਾ. ਵੇਰਕਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਪੰਜਾਬ ਦੀ ਅੰਤਰਰਾਸ਼ਟਰੀ ਸਰਹੱਦ ਅਤੇ ਬੀ.ਐੱਸ.ਐੱਫ. ਕੇਂਦਰ ਸਰਕਾਰ ਦੇ ਅਧੀਨ ਹਨ ਤਾਂ ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ ਵਿੱਚ ਹੈਰੋਇਨ, ਸਮੈਕ ਅਤੇ ਗੈਰ-ਕਾਨੂੰਨੀ ਹਥਿਆਰ ਕਿਵੇਂ ਪਹੁੰਚ ਰਹੇ ਹਨ। ਡਾ. ਵੇਰਕਾ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਸਰਹੱਦੀ ਇਲਾਕੇ ਵਿੱਚ ਸੁਰੱਖਿਆ ਦੀ ਜ਼ਿੰਮੇਵਾਰੀ ਕੇਂਦਰੀ ਏਜੰਸੀਆਂ ਦੇ ਅਧੀਨ ਆਉਂਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੇ ਬਾਵਜੂਦ ਸਰਹੱਦ ਪਾਰੋਂ ਡਰੋਨ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀਆਂ ਖੇਪਾਂ ਆਉਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਇਸ ਸਬੰਧੀ ਜਵਾਬ ਮੰਗਿਆ।
ਵੇਰਕਾ ਨੇ ਨਸ਼ਿਆਂ ਦੇ ਮੁੱਦੇ 'ਤੇ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਾਲੇ ਮਿਲੀਭੁਗਤ ਦੇ ਇਲਜ਼ਾਮ ਵੀ ਲਗਾਏ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਕਰ ਰਹੀ ਹੈ, ਜਦਕਿ ਦੂਜੇ ਪਾਸੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਜਾਰੀ ਹੈ। ਉਨ੍ਹਾਂ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਵੀ ਸਵਾਲ ਚੁੱਕਦਿਆਂ ਜੇਲ੍ਹਾਂ ਵਿੱਚੋਂ ਫਿਰੌਤੀ ਮੰਗਣ ਅਤੇ ਗੈਂਗਸਟਰ ਨੈੱਟਵਰਕ ਦਾ ਜ਼ਿਕਰ ਕੀਤਾ। ਡਾ. ਵੇਰਕਾ ਨੇ ਅਮਿਤ ਸ਼ਾਹ ਦੇ ਪੰਜਾਬ ਦੌਰੇ 'ਤੇ ਸਿਆਸੀ ਤਨਜ਼ ਕਰਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ, ਰੁਜ਼ਗਾਰ ਅਤੇ ਉਦਯੋਗ ਵਰਗੇ ਮੁੱਦਿਆਂ 'ਤੇ ਵੀ ਗੱਲ ਕਰਨੀ ਚਾਹੀਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੌਰਾ ਸਿਰਫ਼ ਵੋਟਾਂ ਦੀ ਰਾਜਨੀਤੀ ਤੱਕ ਸੀਮਤ ਹੈ।
ਨਸ਼ਿਆਂ ਅਤੇ ਗੈਂਗਸਟਰਵਾਦ ਦੀ ਸਮੱਸਿਆ ਦੇ ਹੱਲ ਬਾਰੇ ਵੇਰਕਾ ਨੇ ਕਿਹਾ ਕਿ ਇਸ ਲਈ ਸਿਰਫ਼ ਬਿਆਨਾਂ ਦੀ ਨਹੀਂ, ਸਗੋਂ ਠੋਸ ਨੀਤੀ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਕੋਲ ਪੰਜਾਬ ਵਿੱਚ ਵਿਕਾਸ, ਕਾਰੋਬਾਰ ਅਤੇ ਰੁਜ਼ਗਾਰ ਵਧਾਉਣ ਲਈ ਆਪਣਾ ਰੋਡਮੈਪ ਹੈ ਅਤੇ ਉਨ੍ਹਾਂ ਮੁਤਾਬਕ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਕਾਂਗਰਸ ਵੱਲ ਉਮੀਦ ਨਾਲ ਦੇਖ ਰਹੇ ਹਨ।
ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਨੂੰ ਵਾਰ-ਵਾਰ ਸੰਮਨ ਭੇਜੇ ਜਾਣ ਦੇ ਮਾਮਲੇ 'ਤੇ ਵੀ ਡਾ. ਵੇਰਕਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀਆਂ ਨੂੰ ਸਿਆਸੀ ਬਦਲਾਖੋਰੀ ਤੋਂ ਉੱਪਰ ਉੱਠ ਕੇ ਨਿਰਪੱਖ ਢੰਗ ਨਾਲ ਜਾਂਚ ਕਰਨੀ ਚਾਹੀਦੀ ਹੈ। ਜੇਕਰ ਕੋਈ ਵਿਅਕਤੀ ਦੋਸ਼ੀ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਠੋਸ ਕਾਰਵਾਈ ਕੀਤੀ ਜਾਵੇ ਅਤੇ ਜੇਕਰ ਦੋਸ਼ ਸਾਬਤ ਨਹੀਂ ਹੁੰਦੇ ਤਾਂ ਮਾਮਲੇ ਨੂੰ ਉਸੇ ਅਨੁਸਾਰ ਨਿਪਟਾਇਆ ਜਾਵੇ। ਉਨ੍ਹਾਂ ਵਾਰ-ਵਾਰ ਸੰਮਨ ਭੇਜਣ ਦੀ ਬਜਾਏ ਕਾਨੂੰਨੀ ਪ੍ਰਕਿਰਿਆ ਨੂੰ ਅੰਤ ਤੱਕ ਲਿਜਾਣ ਦੀ ਗੱਲ ਕਹੀ। ਮਜੀਠੀਆ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਐੱਸ.ਆਈ.ਟੀ. ਵੱਲੋਂ ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਡੀ.ਐੱਸ.ਪੀ. ਜਗਦੀਸ਼ ਸਿੰਘ ਭੋਲਾ ਨੂੰ 5 ਅਕਤੂਬਰ ਨੂੰ ਪੁੱਛਗਿੱਛ ਲਈ ਤਲਬ ਕੀਤੇ ਜਾਣ ਦੀ ਰਿਪੋਰਟ ਵੀ ਸਾਹਮਣੇ ਆਈ ਹੈ।
ਉੱਥੇ ਹੀ ਭਾਜਪਾ ਅਤੇ ਅਕਾਲੀ ਦਲ ਦੇ ਸੰਭਾਵੀ ਗੱਠਜੋੜ ਦੀਆਂ ਚਰਚਾਵਾਂ 'ਤੇ ਡਾ. ਵੇਰਕਾ ਨੇ ਤਨਜ਼ ਕੱਸਿਆ। ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਧਿਰਾਂ ਨੂੰ ਉਹ ‘ਜ਼ੀਰੋ’ ਮੰਨਦੇ ਹਨ ਤਾਂ ਦੋ ਜ਼ੀਰੋ ਮਿਲ ਕੇ ਵੀ ਜ਼ੀਰੋ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਿਸਾਨ ਅੰਦੋਲਨ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਨਹੀਂ ਭੁੱਲੇ ਅਤੇ ਇਸ ਦਾ ਸਿਆਸੀ ਪ੍ਰਭਾਵ ਆਉਣ ਵਾਲੀਆਂ ਚੋਣਾਂ ਵਿੱਚ ਦੇਖਣ ਨੂੰ ਮਿਲੇਗਾ।
- Download Babushahi App
-
-