ਪੰਜਾਬ ਸਟੂਡੈਂਟ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਦਿੱਲੀ ਜੰਤਰ-ਮੰਤਰ ਪ੍ਰਦਰਸ਼ਨ ਦੀ ਹਮਾਇਤ
ਅਸ਼ੋਕ ਵਰਮਾ
ਬਠਿੰਡਾ,20 ਜੁਲਾਈ 2026 :ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ ਦਿੱਲੀ ਜੰਤਰ-ਮੰਤਰ 'ਤੇ ਵਿਦਿਆਰਥੀ ਨੌਜਵਾਨ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਹਮਾਇਤ ਅਤੇ ਪੁਲਿਸ ਕਾਰਵਾਈ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਜੰਤਰ-ਮੰਤਰ 'ਤੇ ਧਰਨਾ ਪ੍ਰਦਰਸ਼ਨ ਕਰ ਰਹੇ ਨੌਂਜਵਾਨ ਵਿਦਿਆਰਥੀਆਂ ਵੱਲੋਂ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ। ਨੀਟ ਪੇਪਰ ਲੀਕ ਅਤੇ ਮੁਕਾਬਲਾ ਪ੍ਰੀਖਿਆਵਾਂ ਦੇ ਕੇਂਦਰੀ ਢਾਂਚੇ 'ਚ ਭ੍ਰਸ਼ਟਾਚਾਰ ਵਿਰੁੱਧ ਹੋ ਰਹੇ ਇਸ ਪ੍ਰਦਰਸ਼ਨ ਨੂੰ ਕੇਂਦਰ ਸਰਕਾਰ ਬਾਕੀ ਸ਼ੰਘਰਸ਼ਾਂ ਵਾਂਗ ਹੀ ਅੱਖੋਂ ਪਰੋਖੇ ਕਰ ਰਹੀ ਹੈ। ਸਿੱਖਿਆ ਖੇਤਰ ਵਿੱਚ ਹੋਈ ਇਹ ਕੁਤਾਹੀ ਜਿਸ ਨੇ ਬੁਹਤ ਸਾਰੇ ਵਿਦਿਆਰਥੀਆਂ ਨੂੰ ਆਤਮ ਹੱਤਿਆਂ ਕਰਨ ਲਈ ਮਜ਼ਬੂਰ ਕੀਤਾ ਹੈ।
ਉਹਨਾਂ ਕਿਹਾ ਕਿ ਸਾਡੇ ਗੰਧਲ਼ੇ ਹੋਏ ਸਿੱਖਿਆ ਪ੍ਰਬੰਧ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਜਿਸ ਨੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ, ਹਰ ਵਾਰ ਦੀ ਤਰ੍ਹਾਂ ਸਰਕਾਰ ਆਪਣਾਂ ਪੱਲਾ ਝਾੜ ਰਹੀ ਹੈ, ਚੁੱਪ ਵੱਟ ਕੇ ਕਿਸੇ ਵੀ ਜਿੰਮੇਵਾਰੀ ਅਤੇ ਜਵਾਬਦੇਹੀ ਤੋਂ ਭੱਜ ਰਹੀ ਹੈ। ਬਜਾਏ ਉਨ੍ਹਾਂ ਦੀ ਗੱਲ ਸੁਣਨ ਦੇ ਸਰਕਾਰ ਧੱਕੜ ਪੁਲਿਸ ਕਾਰਵਾਈਆਂ ਤੇ ਉਤਰੀ ਹੋਈ ਹੈ। ਆਂਸੂ ਗੈਸ ਗੋਲੇ ਦਾਗੇ ਗਏ, ਬਰਬਰਤਾ ਨਾਲ ਨੌਜਵਾਨਾਂ ਨੂੰ ਸੜਕਾਂ ਤੇ ਘੜੀਸਿਆ ਗਿਆ ਅਤੇ ਲਾਠੀਚਾਰਜ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਜ਼ੁਬਾਨਬੰਦੀ ਕਰਨ ਲਈ ਸਾਰੇ ਢੰਗ ਵਰਤੇ ਜਾ ਰਹੇ ਹਨ ਵਿਕਾਊ ਪੱਤਰਕਾਰਾਂ ਅਤੇ ਗੋਦੀ ਮੀਡੀਆ ਵੱਲੋਂ ਪ੍ਰਦਰਸ਼ਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਦੇ ਹੱਕ ਵਿੱਚ ਪ੍ਰਚਾਰ ਕੀਤਾ ਰਿਹਾ ਹੈ। ਦੇਸ਼ ਦੀ ਸੁਰੱਖਿਆ ਨੂੰ ਖਤਰੇ ਵਾਲੇ ਰਾਗ ਨੂੰ ਮੁੜ ਅਲਾਪਿਆ ਜਾ ਰਿਹਾ ਹੈ। ਅਸੀ ਕੇਂਦਰ ਸਰਕਾਰ ਦੇ ਇਸ ਫਾਸ਼ੀ ਢੰਗ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ, ਗਿਰਫ਼ਤਾਰ ਕੀਤੇ ਨੌਜਵਾਨਾਂ ਨੂੰ ਫੌਰੀ ਰਿਹਾ ਕੀਤਾ ਜਾਵੇ ਅਤੇ ਮਸਲੇ ਦਾ ਹੱਲ ਕੀਤਾ ਜਾਵੇ। ਜਾਰੀ