ਸਿਹਤ ਵਿਭਾਗ ਬਠਿੰਡਾ ਵੱਲੋਂ ਮੀਜਲ ਰੁਬੇਲਾ ਮੁਹਿੰਮ ਦੀ ਸ਼ੁਰੂਆਤ 20 ਜੁਲਾਈ ਤੋਂ : ਡਾ ਤਪਿੰਦਰਜੋਤ
ਅਸ਼ੋਕ ਵਰਮਾ
ਬਠਿੰਡਾ, 20 ਜੁਲਾਈ 2026 :ਸਿਹਤ ਵਿਭਾਗ ਵੱਲੋਂ ਮੀਜ਼ਲ-ਰੁਬੇਲਾ ਟੀਕਾਕਰਨ ਮੁਹਿੰਮ ਤਹਿਤ ਜ਼ਿਲ੍ਹੇ ਦੇ ਯੋਗ ਬੱਚਿਆਂ ਨੂੰ ਟੀਕਾਕਰਨ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਬੰਧੀ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੀਜ਼ਲ ਅਤੇ ਰੁਬੇਲਾ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਸਭ ਤੋਂ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਉਪਾਅ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ, ਆਂਗਣਵਾੜੀ ਕੇਂਦਰਾਂ ਅਤੇ ਸਿਹਤ ਸੰਸਥਾਵਾਂ ਵਿੱਚ ਜਾ ਕੇ ਯੋਗ ਬੱਚਿਆਂ ਨੂੰ ਮੁਫ਼ਤ ਐਮ.ਆਰ. ਟੀਕਾ ਲਗਾਉਣਗੀਆਂ । ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਟੀਕਾਕਰਨ ਸਮੇਂ ਸਿਰ ਕਰਵਾਉਣ ਅਤੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇ ਪੱਤਰ ਅਨੁਸਾਰ 20 ਜੁਲਾਈ ਤੋਂ 25 ਜੁਲਾਈ 2026 ਤੱਕ ਜਿਹੜੇ ਬੱਚੇ ਨਿਯਮਤ ਟੀਕਾਕਰਨ ਤੋਂ ਵਾਂਝੇ ਰਹਿ ਗਏ ਹਨ ਲਈ ਵਿਸੇਸ ਕੈਂਪ ਲਗਾ ਕੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕੀਤਾ ਜਾਵੇਗਾ । ਸਰਕਾਰੀ ਟੀਕਾਕਰਨ ਸਾਰਨੀ ਅਨੁਸਾਰ ਮੀਜਲ ਰੁਬੈਲਾ ਦੀਆਂ ਬੱਚੇ ਨੂੰ 2 ਖੁਰਾਕਾਂ ਚੋਂ ਪਹਿਲੀ 9 ਮਹੀਨੇ ਤੋਂ 12 ਅਤੇ ਦੂਜੀ ਖੁਰਾਕ 16 ਤੋਂ 24 ਮਹੀਨੇ ਦੀ ਉਮਰ ਚ ਲਗਾਈ ਜਾਂਦੀ ਹੈ ਜੇਕਰ ਕੋਈ ਬੱਚਾ ਕਿਸੇ ਕਾਰਨ ਕਰਕੇ ਸਮੇਂ ਸਿਰ ਟੀਕਾਕਰਨ ਨਹੀਂ ਕਰਵਾ ਸਕਿਆ ਤਾਂ ਉਸ ਨੂੰ ਇਸ ਵਿਸੇਸ ਮੁਹਿੰਮ ਤਹਿਤ ਮੀਜਲ-ਰੁਬੈਲਾ ਟੀਕਾਕਰਨ ਜਰੂਰ ਕਰਵਾਇਆ ਜਾਵੇ। ਮੀਜ਼ਲ ਇੱਕ ਬਹੁਤ ਹੀ ਛੂਤ ਦੀ ਬਿਮਾਰੀ ਹੈ, ਜੋ ਬੱਚਿਆਂ ਵਿੱਚ ਨਿਮੋਨੀਆ, ਦਸਤ, ਕੁਪੋਸ਼ਣ ਅਤੇ ਹੋਰ ਗੰਭੀਰ ਪੇਚੀਦਗੀਆਂ ਦਾ ਕਾਰਨ ਬਣ ਸਕਦੀ ਹੈ। ਇਸੇ ਤਰ੍ਹਾਂ ਰੁਬੇਲਾ ਦਾ ਸੰਕਰਮਣ ਗਰਭਵਤੀ ਮਹਿਲਾਵਾਂ ਲਈ ਖਤਰਨਾਕ ਹੋ ਸਕਦਾ ਹੈ ਅਤੇ ਨਵਜੰਮੇ ਬੱਚੇ ਵਿੱਚ ਜਨਮਜਾਤ ਖਾਮੀਆਂ ਦਾ ਕਾਰਨ ਬਣ ਸਕਦਾ ਹੈ। ਇਸ ਲਈ ਹਰ ਯੋਗ ਬੱਚੇ ਦਾ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ ਹੈ।
ਉਹਨਾਂ ਦੱਸਿਆ ਕਿ ਟੀਕਾਕਰਨ ਲਈ ਸਾਰੀਆਂ ਲੋੜੀਂਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸਿਹਤ ਕਰਮਚਾਰੀਆਂ ਨੂੰ ਲੋੜੀਂਦੀ ਸਿਖਲਾਈ ਵੀ ਦਿੱਤੀ ਗਈ ਹੈ। ਮੁਹਿੰਮ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਆਸਾ ਵਰਕਰਾਂ ਵੱਲੋਂ ਸਲੱਮ ਏਰੀਏ, ਭੱਠੇ, ਝੁੱਗੀ ਝੌਂਪੜੀ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਦੀ ਸੂਚੀ ਤਿਆਰ ਕਰਕੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦਾ ਮੁਕੰਮਲ ਟੀਕਾਕਰਨ ਕੀਤਾ ਜਾਵੇਗਾ ।
ਅੰਤ ਵਿੱਚ ਸਿਵਲ ਸਰਜਨ ਨੇ ਸਮੂਹ ਮਾਪਿਆਂ, ਸਕੂਲ ਪ੍ਰਬੰਧਕਾਂ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ, ਸਮਾਜਿਕ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੀਜ਼ਲ-ਰੁਬੇਲਾ ਟੀਕਾਕਰਨ ਮੁਹਿੰਮ ਵਿੱਚ ਸਿਹਤ ਵਿਭਾਗ ਦਾ ਪੂਰਾ ਸਹਿਯੋਗ ਕਰਨ ਤਾਂ ਜੋ ਜ਼ਿਲ੍ਹੇ ਦਾ ਕੋਈ ਵੀ ਯੋਗ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ।