ਏਮਜ਼ ਬਠਿੰਡਾ ਵਿੱਚ ਕੈਂਸਰ ਮਰੀਜ਼ਾਂ ਨੂੰ ਉਪਲਬਧ ਹੈ ਬ੍ਰੈਕੀਥੈਰੇਪੀ ਇਲਾਜ
ਕੈਂਸਰ ਦੇ ਨਿਸ਼ਾਨਾਬੱਧ ਇਲਾਜ ਬਾਰੇ ਮਾਹਿਰਾਂ ਵੱਲੋਂ ਕੀਤਾ ਗਿਆ ਵਿਚਾਰ-ਵਟਾਂਦਰਾ
ਅਸ਼ੋਕ ਵਰਮਾ
ਬਠਿੰਡਾ, 20 ਜੁਲਾਈ 2026 :ਬ੍ਰੈਕੀਥੈਰੇਪੀ ਇਲਾਜ ਦੀ ਉੱਚ ਸਟੀਕਤਾ ਅਤੇ ਸਥਾਨਕੀਕ੍ਰਿਤ ਪ੍ਰਕਿਰਤੀ ਨੇ ਇਸ ਨੂੰ ਇਸਤਰੀ ਰੋਗਾਂ ਨਾਲ ਸੰਬੰਧਿਤ ਕੈਂਸਰਾਂ ਦੇ ਇਲਾਜ ਵਿੱਚ ਬਹੁਤ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ, ਜਿਸ ਕਾਰਨ ਇਹ ਕੈਂਸਰ ਮਰੀਜ਼ਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਸਮੇਂ ਦੀ ਲੋੜ ਹੈ ਕਿ ਦੇਸ਼ ਦੇ ਵੱਧ ਤੋਂ ਵੱਧ ਮੈਡੀਕਲ ਸੰਸਥਾਨ ਏਮਜ਼ ਬਠਿੰਡਾ ਦੀ ਤਰਜ਼ 'ਤੇ ਆਪਣੇ ਕੈਂਸਰ ਮਰੀਜ਼ਾਂ ਨੂੰ ਬ੍ਰੈਕੀਥੈਰੇਪੀ ਇਲਾਜ ਮੁਹੱਈਆ ਕਰਵਾਉਣ।ਇਹ ਗੱਲ ਏਮਜ਼ ਬਠਿੰਡਾ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋ. (ਡਾ.) ਰਤਨ ਗੁਪਤਾ ਨੇ ਰੇਡੀਏਸ਼ਨ ਔਂਕੋਲੋਜੀ ਵਿਭਾਗ, ਏਮਜ਼ ਬਠਿੰਡਾ ਵੱਲੋਂ ਆਯੋਜਿਤ ਦੋ ਰੋਜ਼ਾ ਰਾਸ਼ਟਰੀ ਐਡਵਾਂਸਡ ਗਾਇਨੇਕੋਲੋਜੀਕਲ ਬ੍ਰੈਕੀਥੈਰੇਪੀ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੌਰਾਨ ਕਹੀ।ਇਸ ਰਾਸ਼ਟਰੀ ਪੱਧਰ ਦੇ ਅਕਾਦਮਿਕ ਪ੍ਰੋਗਰਾਮ ਵਿੱਚ ਏਮਜ਼, ਟਾਟਾ ਮੈਮੋਰੀਅਲ ਹਸਪਤਾਲ (ਟੀਐੱਮਐੱਚ), ਮੁੰਬਈ, ਪੀ. ਜੀ ਆਈ ਚੰਡੀਗੜ੍ਹ ਅਤੇ ਹੋਰ ਸਿਹਤ ਸੰਸਥਾਵਾਂ ਦੇ ਮਾਹਿਰ ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਦੇਸ਼ ਭਰ ਤੋਂ ਆਏ ਡਾਕਟਰਾਂ ਅਤੇ ਮਾਹਿਰਾਂ ਨੇ ਬ੍ਰੈਕੀਥੈਰੇਪੀ ਅਤੇ ਕੈਂਸਰ ਮਰੀਜ਼ਾਂ ਲਈ ਇਸ ਦੀ ਉਪਯੋਗਤਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ।
ਮੁੱਖ ਸਰਪ੍ਰਸਤ ਪ੍ਰੋ. (ਡਾ.) ਨੀਰਜਾ ਭਾਟਲਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਮਹਿਲਾਵਾਂ ਵਿੱਚ ਇਸਤਰੀ ਰੋਗਾਂ ਨਾਲ ਸੰਬੰਧਿਤ ਕੈਂਸਰ, ਖ਼ਾਸ ਕਰਕੇ ਬੱਚੇਦਾਨੀ ਦੇ ਮੂੰਹ (ਸਰਵਾਈਕਲ), ਬੱਚੇਦਾਨੀ (ਯੂਟੇਰਾਈਨ), ਯੋਨੀ (ਵੈਜਾਈਨਲ) ਅਤੇ ਵਲਵਾ (ਵਲਵਰ) ਕੈਂਸਰ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਸਰਵਾਈਕਲ ਕੈਂਸਰ ਅੱਜ ਵੀ ਭਾਰਤੀ ਮਹਿਲਾਵਾਂ ਵਿੱਚ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ਅਜਿਹੇ ਹਾਲਾਤਾਂ ਵਿੱਚ ਬਾਹਰੀ ਰੇਡੀਏਸ਼ਨ ਥੈਰੇਪੀ (ਐਕਸਟਰਨਲ ਬੀਮ ਰੇਡੀਓਥੈਰੇਪੀ) ਨਾਲ ਬ੍ਰੈਕੀਥੈਰੇਪੀ ਦਾ ਮੇਲ ਮਰੀਜ਼ਾਂ ਦੀ ਜੀਵਨ ਦਰ ਅਤੇ ਜੀਵਨ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਲਿਆਉਣ ਵਿੱਚ ਬਹੁਤ ਸਹਾਇਕ ਸਾਬਤ ਹੋਇਆ ਹੈ।ਉਨ੍ਹਾਂ ਦੱਸਿਆ ਕਿ ਬ੍ਰੈਕੀਥੈਰੇਪੀ ਅੰਦਰੂਨੀ ਰੇਡੀਏਸ਼ਨ (ਇੰਟਰਨਲ ਰੇਡੀਏਸ਼ਨ) ਇਲਾਜ ਦੀ ਇੱਕ ਕਿਸਮ ਹੈ, ਜਿਸ ਵਿੱਚ ਰੇਡੀਓਐਕਟਿਵ ਪਦਾਰਥ—ਜਿਵੇਂ ਕਿ ਸੀਡਜ਼, ਪੈਲੇਟਸ ਜਾਂ ਕੈਪਸੂਲ—ਨੂੰ ਸਿੱਧੇ ਟਿਊਮਰ ਦੇ ਅੰਦਰ ਜਾਂ ਉਸ ਦੇ ਬਹੁਤ ਨੇੜੇ ਰੱਖਿਆ ਜਾਂਦਾ ਹੈ। ਇਸ ਨਿਸ਼ਾਨਾਬੱਧ ਇਲਾਜ ਰਾਹੀਂ ਕੈਂਸਰ ਕੋਸ਼ਿਕਾਵਾਂ ਨੂੰ ਰੇਡੀਏਸ਼ਨ ਦੀ ਉੱਚ ਖੁਰਾਕ ਦਿੱਤੀ ਜਾਂਦੀ ਹੈ, ਜਦਕਿ ਆਲੇ-ਦੁਆਲੇ ਦੇ ਸਿਹਤਮੰਦ ਟਿਸ਼ੂਆਂ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਦਾ ਹੈ।
ਦੋ ਰੋਜ਼ਾ ਵਰਕਸ਼ਾਪ ਦੌਰਾਨ ਕੈਂਸਰ ਦੇ ਇਲਾਜ ਦੇ ਮਾਹਰਾਂ ਨੇ ਇਲਾਜ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕਰਨ ਦੇ ਨਾਲ-ਨਾਲ ਵਿਹਾਰਕ (ਹੈਂਡਜ਼-ਆਨ) ਸਿਖਲਾਈ ਵੀ ਹਾਸਲ ਕੀਤੀ। ਉਨ੍ਹਾਂ ਨੂੰ ਦਵਾਈ ਦੀ ਖੁਰਾਕ, ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਲੋੜੀਂਦੀਆਂ ਸਾਵਧਾਨੀਆਂ, ਇਸਤਰੀ ਰੋਗਾਂ ਨਾਲ ਸੰਬੰਧਿਤ ਬ੍ਰੈਕੀਥੈਰੇਪੀ ਦੀ ਕਲੀਨਿਕਲ ਵਰਕਫਲੋ, ਐੱਮਆਰਆਈ ਅਤੇ ਸੀਟੀ ਸਕੈਨ ਆਧਾਰਿਤ ਟਾਰਗੇਟਿੰਗ, ਕੰਟੂਰਿੰਗ ਵਰਕਸ਼ਾਪ, ਵੀਡੀਓ ਡੈਮੋਨਸਟ੍ਰੇਸ਼ਨ ਅਤੇ ਇਲਾਜ ਯੋਜਨਾ (ਟ੍ਰੀਟਮੈਂਟ ਪਲਾਨਿੰਗ) ਸਬੰਧੀ ਸਿਖਲਾਈ ਦਿੱਤੀ ਗਈ। ਡਾ. ਅਨਿਲ ਗੋਇਲ ਅਤੇ ਡਾ. ਸਪਨਾ ਮਾਰਕਸ ਭੱਟੀ ਅਤੇ ਡਾ. ਰੋਹਿਤ ਮਹਾਜਨ ਨੇ ਦੱਸਿਆ ਕਿ ਏਮਜ਼ ਬਠਿੰਡਾ ਅਤਿ-ਆਧੁਨਿਕ ਕੈਂਸਰ ਇਲਾਜ ਸਹੂਲਤਾਂ ਨਾਲ ਲੈਸ ਹੈ। ਸੰਸਥਾਨ ਵਿੱਚ ਦੋ ਆਧੁਨਿਕ ਲੀਨੀਅਰ ਐਕਸੀਲੇਰੇਟਰ (ਲੀਨੈਕ) ਮਸ਼ੀਨਾਂ, ਸਮਰਪਿਤ ਬ੍ਰੈਕੀਥੈਰੇਪੀ ਯੂਨਿਟ ਅਤੇ ਪੂਰੀ ਤਰ੍ਹਾਂ ਸਾਜ਼ੋ-ਸਮਾਨ ਨਾਲ ਲੈਸ ਬ੍ਰੈਕੀਥੈਰੇਪੀ ਆਪਰੇਸ਼ਨ ਥੀਏਟਰ ਉਪਲਬਧ ਹਨ। ਇਸ ਤੋਂ ਇਲਾਵਾ ਸੰਸਥਾਨ ਵੱਖ-ਵੱਖ ਸਰਕਾਰੀ ਕੈਂਸਰ ਇਲਾਜ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਦਿਆਂ ਪੰਜਾਬ ਅਤੇ ਗੁਆਂਢੀ ਰਾਜਾਂ ਦੇ ਮਰੀਜ਼ਾਂ ਨੂੰ ਕਿਫਾਇਤੀ ਅਤੇ ਗੁਣਵੱਤਾ ਭਰਪੂਰ ਇਲਾਜ ਮੁਹੱਈਆ ਕਰਵਾ ਰਿਹਾ ਹੈ।ਇਸ ਮੌਕੇ ਡਾ. ਡੀ.ਐਨ. ਸ਼ਰਮਾ, ਡਾ. ਭਾਵਨਾ ਰਾਏ, ਡਾ. ਅਰੁਣ ਓਇਨਾਮ, ਡਾ. ਕਰੁਣ ਕੰਬੋਜ, ਡਾ. ਤਪਸ ਡੋਰਾ ਸਮੇਤ ਕਈ ਮਾਹਿਰ ਵੀ ਹਾਜ਼ਰ ਸਨ।