ਮਜ਼ਦੂਰ ਦਿਵਸ- ਪੜ੍ਹੇ-ਲਿਖੇ ਬੇਰੁਜ਼ਗਾਰਾਂ 'ਤੇ ਮੁੱਖ ਮੰਤਰੀ ਦੀ ਕੋਠੀ ਅੱਗੇ ਜ਼ਬਰ
ਗ੍ਰਿਫਤਾਰੀ ਮਗਰੋਂ ਰਿਹਾਅ
ਕੱਪੜੇ ਪਾਟੇ, ਬੇਹੋਸ਼ ਲੜਕੀ ਹਸਪਤਾਲ ਭੇਜੀ
ਦਲਜੀਤ ਕੌਰ
ਸੰਗਰੂਰ, 1 ਮਈ, 2026; ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਰਿਹਾਇਸ਼ ਨੇੜੇ ਉਸ ਵੇਲੇ ਸਥਿਤੀ ਤਣਾਅ ਪੂਰਨ ਬਣ ਗਈ ਜਦੋਂ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਸੈਂਕੜੇ ਦੇ ਕਰੀਬ ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਦੀ ਕੋਠੀ ਅੱਗੇ ਪਹੁੰਚ ਕੇ ਲੱਗੀਆਂ ਪੁਲਿਸ ਰੋਕਾਂ ਨੂੰ ਟੱਪਣ ਦੀ ਕੋਸਿਸ਼ ਕੀਤੀ। ਸਥਾਨਕ ਵੇਰਕਾ ਮਿਲਕ ਪਲਾਂਟ ਵਿੱਚ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ,ਅਮਨ ਸੇਖਾ ਅਤੇ ਹਰਜਿੰਦਰ ਝੁਨੀਰ ਦੀ ਅਗਵਾਈ ਵਿੱਚ ਇਕੱਠੇ ਹੋਕੇ ਬੇਰੁਜ਼ਗਾਰਾਂ ਦੀ ਮੰਗ ਸੀ ਕਿ ਉਹਨਾਂ ਦੀ ਮੀਟਿੰਗ ਮੁੱਖ ਮੰਤਰੀ ਨਾਲ ਕਰਵਾਈ ਜਾਵੇ। ਲੰਬੀ ਉਡੀਕ ਮਗਰੋਂ ਬਾਅਦ ਦੁਪਹਿਰ ਕਰੀਬ ਡੇਢ ਵਜੇ ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਦੀ ਕੋਠੀ ਵੱਲ ਨੂੰ ਮਾਰਚ ਸ਼ੁਰੂ ਕਰ ਦਿੱਤਾ। ਕੋਠੀ ਅੱਗੇ ਪਹੁੰਚਦੇ ਹੀ ਬੇਰੁਜ਼ਗਾਰਾਂ ਦੀ ਪੁਲਿਸ ਨਾਲ ਝੜਪ ਹੋ ਗਈ। ਜਿਸ ਵਿੱਚ ਕੁਝ ਬੇਰੁਜ਼ਗਾਰਾਂ ਦੇ ਕੱਪੜੇ ਫਟ ਗਏ। ਲੰਬੀ ਜੱਦੋ ਜਹਿਦ ਮਗਰੋਂ ਪ੍ਰਸ਼ਾਸ਼ਨ ਵੱਲੋਂ ਬੇਰੁਜ਼ਗਾਰਾਂ ਦੀ ਮੀਟਿੰਗ ਪੰਜਾਬ ਸਰਕਾਰ ਦੀ ਸਬ ਕਮੇਟੀ ਨਾਲ ਕਰਵਾਉਣ ਦਾ ਭਰੋਸਾ ਦਿੱਤਾ। ਪ੍ਰੰਤੂ ਲੰਬਾ ਸਮਾਂ ਉਡੀਕ ਮਗਰੋ ਵੀ ਜਦੋਂ ਬੇਰੁਜ਼ਗਾਰਾਂ ਨੂੰ ਮੀਟਿੰਗ ਦੀ ਪੱਤ੍ਰਿਕਾ ਨਾ ਮਿਲੀ ਤਾਂ ਬੇਰੁਜ਼ਗਾਰਾਂ ਨੇ ਮੁੜ ਕੋਠੀ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਬੇਰੁਜ਼ਗਾਰਾਂ ਵਿੱਚੋ ਸੁਖਵਿੰਦਰ ਸਿੰਘ ਢਿੱਲਵਾਂ, ਅਮਨ ਸੇਖਾ, ਗੁਰਪ੍ਰੀਤ ਸਿੰਘ ਪੱਕਾ ਕਲਾਂ, ਸ਼ਿੰਦਰਪਾਲ ਕੌਰ, ਗਗਨਦੀਪ ਕੌਰ, ਬੇਅੰਤ ਕੌਰ, ਕਰਮਜੀਤ ਸਿੰਘ ਜਗਜੀਤਪੁਰਾ, ਸੰਦੀਪ ਮੋਫ਼ਰ, ਲਖਵੀਰ ਬੀਹਲਾ, ਕਮਲ ਲੁਧਿਆਣਾ, ਮੁਨੀਸ਼ ਫਾਜ਼ਿਲਕਾ ਸਮੇਤ ਦਰਜਨ ਭਰ ਬੇਰੁਜ਼ਗਾਰਾਂ ਨੂੰ ਪੁਲਿਸ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ। ਇਸ ਮੌਕੇ ਬੇਅੰਤ ਕੌਰ ਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਉੱਧਰ ਬੇਰੁਜ਼ਗਾਰਾਂ ਦੀ ਮੀਟਿੰਗ 13 ਮਈ ਲਈ ਪੰਜਾਬ ਕੈਬਨਿਟ ਸਬ ਕਮੇਟੀ, ਮੁੱਖ ਮੰਤਰੀ ਦੇ ਸਕੱਤਰ, ਸਿੱਖਿਆ ਅਤੇ ਸਿਹਤ ਸਕੱਤਰ ਸਮੇਤ ਪਰਸੋਨਲ ਸਕੱਤਰ ਨਾਲ ਤੈਅ ਕਰਵਾਈ ਗਈ। ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਤੋਂ ਰੇਸ਼ਮ ਸਿੰਘ ਖੇਮੂਆਣਾ, ਹਰਜੀਤ ਸਿੰਘ ਜੀਦਾ, 4161 ਮਾਸਟਰ ਕੇਡਰ ਅਧਿਆਪਕ ਯੂਨੀਅਨ ਤੋਂ ਸੂਬਾ ਪ੍ਰਧਾਨ ਸੰਦੀਪ ਗਿੱਲ, ਬਲਕਾਰ ਸਿੰਘ ਮਾਨਸਾ ਅਤੇ ਜਮਹੂਰੀ ਅਧਿਕਾਰ ਸਭਾ ਤੋਂ ਮਨਧੀਰ ਸਿੰਘ ਤੋਂ ਇਲਾਵਾ ਮਨਜੀਤ ਕੌਰ, ਰਾਜਵੀਰ ਕੌਰ, ਕਰਨ ਸਿੰਘ ਸ੍ਰੀ ਤਰਨਤਾਰਨ ਸਾਹਿਬ, ਇੰਦਰਜੀਤ ਸਿੰਘ ਗੁਰਦਾਸਪੁਰ, ਲਲਿਤਾ ਪਟਿਆਲਾ,ਰਿੰਕੂ ਝਾੜੋਂ, ਜਗਸੀਰ ਸਿੰਘ ਜਲੂਰ, ਹਰਵਿੰਦਰ ਸਿੰਘ, ਸੱਤਪਾਲ ਸਿੰਘ ਕਾਂਗੜ, ਸੁਖਪਾਲ ਖਾਨ, ਕੁਲਦੀਪ ਭੁਟਾਲ, ਮਨਦੀਪ ਕੌਰ ਨਦਾਮਪੁਰ, ਸ਼ਿੰਦਰ ਕੌਰ, ਮਾਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਇਹ ਸਨ ਬੇਰੁਜ਼ਗਾਰਾਂ ਦੀਆਂ ਜਾਇਜ਼ ਮੰਗਾਂ:-
1. ਮਾਸਟਰ ਕੇਡਰ ਅਤੇ ਲੈਕਚਰਾਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਉਮਰ ਹੱਦ ਛੋਟ ਦੇ ਕੇ ਇਸ਼ਤਿਹਾਰ ਜਾਰੀ ਕੀਤਾ ਜਾਵੇ।
2. ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਕੀਤੀ ਜਾਵੇ।
3. ਆਰਟ ਐਂਡ ਕਰਾਫਟ ਦੀਆਂ ਪਹਿਲਾਂ ਜਾਰੀ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ।
4. ਮਲਟੀ ਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਉਮਰ ਹੱਦ ਛੋਟ ਦੇ ਕੇ ਭਰਤੀ ਕੀਤੀ ਜਾਵੇ।