ਟ੍ਰਾਈਡੈਂਟ ਗਰੁੱਪ ‘ਤੇ ਛਾਪਾ! ਕੇਜਰੀਵਾਲ ਅਤੇ ਭਗਵੰਤ ਮਾਨ ਦੇ ਇਸ਼ਾਰੇ ‘ਤੇ ਬਦਲੇ ਦੀ ਕਾਰਵਾਈ: ਅਸ਼ਵਨੀ ਸ਼ਰਮਾ
ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਚ ਰਾਜਨੀਤਿਕ ਵੈਂਡੇਟਾ ਦੀ ਬੂ; ਉਦਯੋਗ ਜਗਤ ਦੀਆਂ ਆਵਾਜ਼ਾਂ ਨੂੰ ਨਿਸ਼ਾਨਾ ਬਣਾ ਰਹੀ ਆਪ
ਟ੍ਰਾਈਡੈਂਟ ਗਰੁੱਪ ‘ਤੇ ਪ੍ਰਦੂਸ਼ਣ ਬੋਰਡ ਦੀ ਕਾਰਵਾਈ ਦੇ ਪਿੱਛੇ ਵੈਂਡੇਟਾ ਦੀ ਰਾਜਨੀਤੀ: ਸ਼ਰਮਾ
ਚੰਡੀਗੜ੍ਹ, 30 ਅਪ੍ਰੈਲ 2026: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਰਕਿੰਗ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ (PPCB) ਵੱਲੋਂ ਟ੍ਰਾਈਡੈਂਟ ਗਰੁੱਪ ਦੇ ਪਰਿਸਰਾਂ ਵਿੱਚ ਕੀਤੇ ਗਏ ਛਾਪੇ ਦੀ ਕੜੀ ਨਿੰਦਾ ਕਰਦਿਆਂ ਇਸਨੂੰ “ਨਿੰਦਣਯੋਗ ਅਤੇ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਕਾਰਵਾਈ” ਕਰਾਰ ਦਿੱਤਾ। ਸ਼ਰਮਾ ਨੇ ਦੋਸ਼ ਲਗਾਇਆ ਕਿ ਇਹ ਕਾਰਵਾਈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ ‘ਤੇ ਕੀਤੀ ਗਈ ਹੈ, ਜਿਸਦਾ ਮਕਸਦ ਰਾਜਨੀਤਿਕ ਹਿਸਾਬ ਚੁਕਤਾ ਕਰਨਾ ਅਤੇ ਰਾਜ ਸਭਾ ਮੈਂਬਰ ਰਜਿੰਦਰ ਕੁਮਾਰ ਗੁਪਤਾ ਦੇ ਖ਼ਿਲਾਫ਼ ਰਾਜਨੀਤਿਕ ਵੈਂਡੇਟਾ ਲੈਣਾ ਹੈ, ਜੋ ਟ੍ਰਾਈਡੈਂਟ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਵੀ ਹਨ। ਸ਼ਰਮਾ ਨੇ ਕਿਹਾ ਕਿ ਰਾਜਿੰਦਰ ਗੁਪਤਾ ਦੀ ਇਕੱਲੀ “ਗਲਤੀ” ਇਹ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਹਿੱਤ ਵਿੱਚ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ਦੀ ਹਿੰਮਤ ਕੀਤੀ, ਜਿਸ ਕਰਕੇ ਉਹ ਸੱਤਾਰੂੜ ਸਰਕਾਰ ਦੇ ਨਿਸ਼ਾਨੇ ‘ਤੇ ਆ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਲੰਤੇ ਮੁੱਦਿਆਂ ਅਤੇ ਸੁਸ਼ਾਸਨ ‘ਤੇ ਧਿਆਨ ਦੇਣ ਦੀ ਬਜਾਏ ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਦੀ ਮਸ਼ੀਨਰੀ ਦਾ ਦੁਰੁਪਯੋਗ ਕਰਕੇ ਰਾਜਨੀਤਿਕ ਵਿਰੋਧੀਆਂ ਅਤੇ ਉਦਯੋਗਪਤੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਸ਼ਰਮਾ ਨੇ ਕਿਹਾ, “ਇਹੋ ਜਿਹੀਆਂ ਵੈਂਡੇਟਾ ਭਰੀਆਂ ਕਾਰਵਾਈਆਂ ਉਦਯੋਗ ਅਤੇ ਨਿਵੇਸ਼ਕਾਂ ਲਈ ਨਕਾਰਾਤਮਕ ਸੰਦੇਸ਼ ਦਿੰਦੀਆਂ ਹਨ ਅਤੇ ਸਰਕਾਰ ਦੀ ਅਸਹਿਮਤੀ ਪ੍ਰਤੀ ਅਸਹਿਨਸ਼ੀਲਤਾ ਨੂੰ ਦਰਸਾਉਂਦੀਆਂ ਹਨ।” ਸ਼ਰਮਾ ਨੇ ਅੱਗੇ ਕਿਹਾ ਕਿ ਰਾਜਨੀਤਿਕ ਦਬਾਅ ਹੇਠ ਇੱਕ ਮਾਣਯੋਗ ਉਦਯੋਗਿਕ ਗਰੁੱਪ ਨੂੰ ਨਿਸ਼ਾਨਾ ਬਣਾਉਣਾ ਪ੍ਰਦੂਸ਼ਣ ਬੋਰਡ ਵਰਗੀਆਂ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਘਟਾਉਂਦਾ ਹੈ ਅਤੇ ਸੱਤਾ ਦੇ ਦੁਰੁਪਯੋਗ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰਦਾ ਹੈ। ਉਨ੍ਹਾਂ ਨੇ ਰਾਜ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੋਂ ਬਚਿਆ ਜਾਵੇ ਅਤੇ ਪ੍ਰਸ਼ਾਸਨਿਕ ਕਾਰਵਾਹੀ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਯਕੀਨੀ ਬਣਾਈ ਜਾਵੇ। ਇਸ ਛਾਪੇ ਨੂੰ “ਅਤਿਅੰਤ ਨਿੰਦਣਯੋਗ” ਕਰਾਰ ਦਿੰਦਿਆਂ ਸ਼ਰਮਾ ਨੇ ਪੰਜਾਬ ਸਰਕਾਰ ਤੋਂ ਕਾਰਵਾਈ ਦੇ ਆਧਾਰ ਨੂੰ ਸਪਸ਼ਟ ਕਰਨ ਅਤੇ ਸਰਕਾਰੀ ਏਜੰਸੀਆਂ ਨੂੰ ਰਾਜਨੀਤਿਕ ਵੈਂਡੇਟਾ ਲਈ ਵਰਤਣਾ ਬੰਦ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਦੁਹਰਾਇਆ ਕਿ ਭਾਜਪਾ ਪੰਜਾਬ ਇਸ ਤਰ੍ਹਾਂ ਦੇ ਸੱਤਾ ਦੇ ਦੁਰੁਪਯੋਗ ਦੇ ਖ਼ਿਲਾਫ਼ ਡਟ ਕੇ ਖੜੀ ਹੈ ਅਤੇ ਲੋਕਤੰਤਰਿਕ ਮੁੱਲਾਂ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਆਪਣੀ ਆਵਾਜ਼ ਉਠਾਉਂਦੀ ਰਹੇਗੀ।
Click to Follow Babushahi Facebook page →