ਮਜਦੂਰ ਦਿਹਾੜੇ 'ਤੇ ਕਾਨਫਰੰਸ ਅਤੇ ਮੁਜ਼ਾਹਰਾ
ਪ੍ਰਮੋਦ ਭਾਰਤੀ / ਬਾਬੂਸ਼ਾਹੀ ਬਿਊਰੋ
ਨਵਾਂਸ਼ਹਿਰ 01 ਮਈ , 2026
ਜਿਲ੍ਹੇ ਦੀਆਂ ਸਮੂਹ ਟਰੇਡ ਯੂਨੀਅਨਾਂ, ਫੈਡਰੇਸ਼ਨਾਂ, ਪੈਨਸ਼ਨਰਾਂ, ਵਿਭਾਗੀ ਜਥੇਬੰਦੀਆਂ, ਕਿਸਾਨ, ਮਜ਼ਦੂਰ, ਨੌਜਵਾਨ ਅਤੇ ਵਿਦਿਆਰਥੀ ਜਥੇਬੰਦੀਆਂ ਵਲੋਂ ਬੱਸ ਅੱਡਾ ਨਵਾਂਸ਼ਹਿਰ ਵਿਖੇ ਮਈ ਦਿਵਸ ਸਾਂਝੇ ਤੌਰ 'ਤੇ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ ।ਇਸ ਮੌਕੇ ਕੀਤੀ ਗਈ ਕਾਨਫਰੰਸ ਦੀ ਪ੍ਰਧਾਨਗੀ ਕਮਲਜੀਤ ਸਾਣਾਵਾ, ਬਲਜੀਤ ਕੌਰ ਮੱਲਪੁਰੀ,ਹਰਪਾਲ ਸਿੰਘ ਜਗਤਪੁਰ ਅਤੇ ਰਾਮ ਆਸਰਾ ਆਗੂਆਂ ਨੇ ਕੀਤੀ।ਜਥੇਬੰਦੀਆਂ ਦੇ ਲਾਲ ਝੰਡਿਆਂ ਨਾਲ ਸਜੇ ਪੰਡਾਲ ਵਿਚ ਮਜਦੂਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੀ ਟੂ ਦੇ ਸੂਬਾ ਜਨਰਲ ਸਕੱਤਰ ਮਹਾਂ ਸਿੰਘ ਰੌੜੀ, ਇਫਟੂ ਦੇ ਸੂਬਾ ਸਕੱਤਰ ਅਵਤਾਰ ਸਿੰਘ ਤਾਰੀ, ਟਰੇਡ ਯੂਨੀਅਨ ਆਗੂ ਕੁਲਦੀਪ ਸਿੰਘ ਦੌੜਕਾ,ਏਟਕ ਦੇ ਆਗੂ ਹਸਮਤ ਅਲੀ, ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮਈ ਦਿਵਸ ਦੇ ਸ਼ਹੀਦ ਪੂੰਜੀਵਾਦ ਨੂੰ ਨਫ਼ਰਤ ਕਰਦੇ ਸਨ ਕਿਉਂਕਿ ਇਹ ਕੁਝ ਲੋਕਾਂ ਦੁਆਰਾ ਬਹੁਤ ਸਾਰੇ ਲੋਕਾਂ ਦੇ ਸ਼ੋਸ਼ਣ 'ਤੇ ਅਧਾਰਤ ਹੈ ਅਤੇ ਸਮਾਜਵਾਦ ਦੀ ਵਕਾਲਤ ਕਰਦੇ ਸਨ ਕਿਉਂਕਿ ਇਹ ਹਰੇਕ ਮਨੁੱਖ ਦੀ ਭਲਾਈ ਨੂੰ ਸੁਰੱਖਿਅਤ ਕਰ ਸਕਦਾ ਹੈ। ਇਹਨਾਂ ਸ਼ਹੀਦਾਂ ਵੱਲੋਂ ਪੂੰਜੀਵਾਦ ਦੇ ਬਦਲ ਵਜੋਂ ਸਮਾਜਵਾਦ ਲਈ ਦਿੱਤਾ ਗਿਆ ਸੱਦਾ ਅਜੋਕੇ ਪੂੰਜੀਵਾਦ ਦੇ ਸੰਸਾਰ ਵਿੱਚ ਬਹੁਤ ਸਾਰਥਕ ਹੈ।
ਚਾਰ ਲੇਬਰ ਕੋਡ ਬਾਰੇ ਬੋਲਦਿਆਂ ਆਗੂਆਂ ਨੇ ਕਿਹਾ ਕਿ
ਦੇਖਿਆ ਜਾਵੇ ਤਾਂ, ਚਾਰ ਲੇਬਰ ਕੋਡ, ਜੇਕਰ ਲਾਗੂ ਕੀਤੇ ਜਾਂਦੇ ਹਨ, ਤਾਂ ਬੇਰੁਜ਼ਗਾਰੀ ਵਧੇਗੀ ਅਤੇ ਨੌਕਰੀਆਂ ਦੇ ਨੁਕਸਾਨ ਵਿੱਚ ਹੋਰ ਵਾਧਾ ਕਰਨਗੇ ਕਿਉਂਕਿ ਪ੍ਰਬੰਧਕਾਂ ਨੂੰ ਭਰਤੀ ਅਤੇ ਛਾਂਟੀ ਦੀ ਆਗਿਆ ਦੇ ਕੇ ਛਾਂਟੀ ਅਤੇ ਤਾਲਾਬੰਦੀ ਵਿੱਚ ਢਿੱਲ ਦਿੱਤੀ ਗਈ ਹੈ ਇਸ ਨਾਲ ਮਜ਼ਦੂਰਾਂ ਦੀ ਖਰੀਦ ਸ਼ਕਤੀ 'ਚ ਹੋਰ ਗਿਰਾਵਟ ਆਉਣ ਨਾਲ ਬਾਜ਼ਾਰ 'ਚ ਮੰਗ ਹੋਰ ਵੀ ਘੱਟ ਜਾਵੇਗੀ, ਜਿਸ ਦਾ ਅਰਥਚਾਰੇ 'ਤੇ ਹੋਰ ਮਾੜਾ ਅਸਰ ਪਵੇਗਾ।
ਆਰਐਸਐਸ-ਭਾਜਪਾ ਸਰਕਾਰ ਜਨਤਕ ਜਾਇਦਾਦ ਨੂੰ ਨਿੱਜੀ ਹੱਥਾਂ ਵਿੱਚ ਵੇਚਣ ਦੀ ਆਪਣੀ ਵਚਨਬੱਧਤਾ ਦਾ ਐਲਾਨ ਕਰਦੀ ਰਹੀ ਹੈ। ਜਨਤਕ ਖੇਤਰ ਦੇ ਉਦਯੋਗ ਅਤੇ ਜਨਤਕ ਖੇਤਰ ਦੇ ਬੈਂਕ ਪਹਿਲਾਂ ਹੀ ਨਿੱਜੀਕਰਨ ਦੀ ਤਲਵਾਰ ਹੇਠ ਹਨ। ਸਰਕਾਰ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਈ ਜਨਤਕ ਖੇਤਰ ਮੁਨਾਫਾ ਕਮਾ ਰਹੇ ਹਨ ਅਤੇ ਸਰਕਾਰ ਨੂੰ ਟੈਕਸ ਅਤੇ ਲਾਭਅੰਸ਼ ਦੀ ਵੱਡੀ ਰਕਮ ਅਦਾ ਕਰ ਰਹੇ ਹਨ। ਸਰਕਾਰ ਨਿੱਜੀਕਰਨ ਨੂੰ ਉਸੇ ਤਰ੍ਹਾਂ ਪਿਆਰ ਕਰਦੀ ਹੈ ਜਿਵੇਂ ਉਹ ਅਡਾਨੀਆਂ ਅਤੇ ਅੰਬਾਨੀਆਂ ਨੂੰ ਪਿਆਰ ਕਰਦੀ ਹੈ।
ਇਹ ਮਈ ਦਿਵਸ ਅਜਿਹੇ ਸਮੇਂ ਆਇਆ ਹੈ ਜਦੋਂ ਕਿਰਤੀ ਵਰਗ ਅਤੇ ਆਮ ਲੋਕ ਡੀਜ਼ਲ, ਗੈਸ ਵਰਗੀਆਂ ਤੇਲ ਦੀਆਂ ਕੀਮਤਾਂ ਸਮੇਤ ਹੋਰ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਹੇਠ ਦੱਬੇ ਜਾ ਰਹੇ ਹਨ। ਇਨ੍ਹਾਂ ਵਸਤਾਂ ਦੀ ਕੀਮਤ ਦਾ ਵੱਡਾ ਹਿੱਸਾ ਟੈਕਸਾਂ ਦਾ ਹੈ ਜੋ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਜੇਬਾਂ ਵਿੱਚ ਜਾਂਦਾ ਹੈ। ਟਰਾਂਸਪੋਰਟ ਕਾਮਿਆਂ, ਆਟੋ ਵਰਕਰਾਂ ਨੂੰ ਭਾਰੀ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਦੇ ਕਈ ਰਾਜਾਂ ਵਿੱਚ ਮਜਦੂਰਾਂ ਦੇ ਸੰਘਰਸ਼ ਫੁਟ ਰਹੇ ਹਨ।ਹੜਤਾਲਾਂ,ਧਰਨੇ,ਮੁਜਾਹਰੇ ਜਾਰੀ ਹਨ।ਇਹ ਸੰਘਰਸ਼ਸ਼ੀਲ ਮਜਦੂਰ ਨਾ ਸਿਰਫ ਆਪਣੀ ਸਗੋਂ ਸਾਰੇ ਦੇਸ਼ ਦੇ ਮਜ਼ਦੂਰ ਵਰਗ ਦੀ ਲੜਾਈ ਲੜ ਰਹੇ ਹਨ ਇਸ ਲਈ ਸਾਨੂੰ ਇਹਨਾਂ ਦੇ ਸਮਰਥਨ ਵਿੱਚ ਡਟਣਾ ਚਾਹੀਦਾ ਹੈ।ਉਹਨਾਂ ਨੇ
ਨੇ ਕਿਹਾ ਕਿ ਅੱਜ ਕੌਮੀ ਪੱਧਰ ਅਤੇ ਕੌਮਾਂਤਰੀ ਪੱਧਰ ਉੱਤੇ ਕਿਰਤੀ ਵਰਗ ਅੱਗੇ ਬੜੀਆਂ ਵੱਡੀਆਂ ਚਣੌਤੀਆਂ ਹਨ।ਮੋਦੀ ਸਰਕਾਰ ਨੇ ਪਹਿਲੇ ਮਜਦੂਰ ਪੱਖੀ ਕਿਰਤ ਕਾਨੂੰਨ ਰੱਦ ਕਰਕੇ ਮਜਦੂਰ ਵਿਰੋਧੀ ਅਤੇ ਪੂੰਜੀਪਤੀ ਪੱਖੀ ਚਾਰ ਲੇਬਰ ਕੋਡ ਲਿਆਂਦੇ ਹਨ ਜੋ ਕਿਰਤੀ ਵਰਗ ਉੱਤੇ ਮੋਦੀ ਸਰਕਾਰ ਦਾ ਬਹੁਤ ਵੱਡਾ ਹਮਲਾ ਹੈ।ਦੇਸ਼ ਵਿਚ ਕੰਮ ਸਥਾਨਾਂ ਦੀ ਅਸੁਰੱਖਿਆ ਨਿੱਤ ਮਜਦੂਰਾਂ ਦੀਆਂ ਜਾਨਾਂ ਲੈ ਰਹੀ ਹੈ।ਮਾਲਕਾਂ ਖਿਲਾਫ ਕੋਈ ਕਾਰਵਾਈ ਕਰਨ ਦੀ ਥਾਂ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬਾ ਸਰਕਾਰਾਂ ਮਾਲਕਾਂ ਦੀ ਪਿੱਠ ਥਾਪੜ ਰਹੀਆਂ ਹਨ।ਇਹ ਸਰਕਾਰਾਂ ਕਿਰਤੀਆਂ, ਕਿਸਾਨਾਂ, ਮੁਲਾਜਮਾ ਦੇ ਪੁਰਅਮਨ ਰੈਲੀਆਂ, ਧਰਨਿਆਂ ਅਤੇ ਮੁਜਾਹਰਿਆਂ ਉੱਤੇ ਫਾਸ਼ੀਵਾਦੀ ਹੱਲੇ ਬੋਲ ਰਹੀਆਂ ਹਨ।ਸਰਕਾਰਾਂ ਲੋਕਾਂ ਵਿਚ ਧਾਰਮਿਕ ਜਨੂੰਨ ਭੜਕਾ ਕੇ ਉਹਨਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭਟਕਾ ਕੇ ਪੂੰਜੀਪਤੀਆਂ ਦੀ ਸੇਵਾ ਕਰ ਰਹੀਆਂ ਹਨ।ਮਹਿੰਗਾਈ ,ਬੇਰੁਜ਼ਗਾਰੀ ,ਭ੍ਰਿਸ਼ਟਾਚਾਰ ਤੋਂ ਦੁਖੀ ਆਮ ਜਨਤਾ ਕਰਾਹ ਰਹੀ ਹੈ।ਹਾਕਮ ਜਮਾਤੀ ਪਾਰਟੀਆਂ ਦੀਆਂ ਸਰਕਾਰਾਂ ਜਮਹੂਰੀ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਖੁਦ ਹੀ ਪੈਰਾਂ ਹੇਠ ਦਰੜ ਰਹੀਆਂ ਹਨ।
ਇਸ ਮੌਕੇ ਡੀ ਐਲ ਏ ਪੰਜਾਬ ਦੇ ਸੂਬਾ ਕਨਵੀਨਰ ਦਲਜੀਤ ਸਿੰਘ ਐਡਵੋਕੇਟ,ਜਸਬੀਰ ਦੀਪ,ਕੁਲਦੀਪ ਸਿੰਘ ਸੁੱਜੋਂ, ਜਸਵਿੰਦਰ ਸਿੰਘ ਭੰਗਲ,ਨਰਿੰਦਰ ਕੁਮਾਰ ਪੰਡੋਰੀ, ਮਾਸਟਰ ਪ੍ਰੇਮ ਰੱਕੜ,ਰਘਵੀਰ ਚੰਦ, ਗੁਰਦਿਆਲ ਰੱਕੜ, ਪੁਨੀਤ ਕੁਮਾਰ ਕਲੇਰ,ਪਰਵੀਨ ਕੁਮਾਰ ਨਿਰਾਲਾ, ਸੁਰਿੰਦਰ ਭੱਟੀ, ਵਿਜੈ ਕੁਮਾਰ, ਸੋਮ ਨਾਥ ਤਕਲਾ,ਸੁਰਿੰਦਰ ਸਿੰਘ ਬੈਂਸ,ਚਰਨਜੀਤ ਸਿੰਘ ਦੌਲਤਪੁਰ,ਸ਼ਕੁੰਤਲਾ ਸਰੋਏ,ਸੁਨੀਤਾ ਤਲਵੰਡੀ,ਨੇ ਵੀ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਮਾਨ ਸਰਕਾਰ ਲੋਕਾਂ ਨਾਲ ਚੋਣਾਂ ਵਿਚ ਕੀਤੇ ਵਾਅਦੇ ਪੂਰੇ ਕਰਨ ਤੋਂ ਭੱਜ ਰਹੀ ਹੈ ਅਤੇ ਇਸਦੇ ਲਈ ਨਵੇਂ ਨਵੇਂ ਬਹਾਨੇ ਤਲਾਸ਼ ਰਹੀ ਹੈ। ਮਾਨ ਸਰਕਾਰ ਨੇ ਪਿਛਲੇ 13 ਸਾਲਾਂ ਤੋਂ ਘੱਟੋ ਘੱਟ ਤਨਖਾਹ ਵਿੱਚ ਵਾਧਾ ਨਹੀਂ ਕੀਤਾ ਅਤੇ ਨਾ ਹੀ ਕਿਸੇ ਵਿਭਾਗ ਵਿੱਚ ਕਿਸੇ ਮੁਲਾਜ਼ਮ ਨੂੰ ਪੱਕਾ ਕੀਤਾ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਚਾਰ ਲੇਬਰ ਕੋਡ ਲਾਗੂ ਕਰਨ ਲਈ ਤਤਭਰ ਹੈ ਪਰ ਟਰੇਡ ਯੂਨੀਅਨਾਂ ਦੇ ਤਿੱਖੇ ਵਿਰੋਧ ਕਰਨ ਇਹ ਲਾਗੂ ਕਰਨ ਦੀ ਹਿੰਮਤ ਨਹੀਂ ਕਰ ਸਕੀ।
ਉਹਨਾਂ ਮਈ ਦਿਵਸ 'ਤੇ ਮਜ਼ਦੂਰ ਜਮਾਤ 'ਤੇ ਹੋ ਰਹੇ ਹਮਲਿਆਂ ਦਾ ਟਾਕਰਾ ਕਰਨ ਅਤੇ ਹੱਕਾਂ ਦੀ ਰਾਖੀ ਅਤੇ ਨੌਕਰੀਆਂ ਦੀ ਰਾਖੀ ਲਈ ਜਨਤਕ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਜਸਵੀਰ ਮੋਰੋਂ,ਅਲੀਸ਼ਾ ਕਾਠਗੜ੍ਹ ਅਤੇ ਸਤਪਾਲ ਰਾਹੀਂ ਨੇ ਇਨਕਲਾਬੀ ਗੀਤ ਪੇਸ਼ ਕੀਤੇ।