ਰੇਲਵੇ ਟਰੈਕ ਧਮਾਕਾ: ਪੁਲਿਸ ਨੂੰ ਮਿਲੀ ਵੱਡੀ ਸਫਲਤਾ; ਪੰਜਵੜ ਤੋਂ RPG, RDX ਅਤੇ ਪਿਸਤੌਲਾਂ ਸਮੇਤ ਭਾਰੀ ਅਸਲਾ ਬਰਾਮਦ
Baljeet Singh
ਤਰਨ ਤਾਰਨ/ਪਟਿਆਲਾ 30 ਅਪ੍ਰੈਲ 2026: ਪਟਿਆਲਾ ਨੇੜੇ ਰੇਲਵੇ ਟਰੈਕ 'ਤੇ ਹੋਏ ਧਮਾਕੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਨੂੰ ਬੁੱਧਵਾਰ ਸ਼ਾਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ, ਜਦੋਂ ਤਰਨ ਤਾਰਨ ਦੇ ਪਿੰਡ ਪੰਜਵੜ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿੱਚ ਵਿਸਫੋਟਕ ਅਤੇ ਅਸਲਾ ਬਰਾਮਦ ਕੀਤਾ ਗਿਆ।
ਪਟਿਆਲਾ ਪੁਲਿਸ ਅਤੇ ਐਸ.ਐਸ.ਓ.ਸੀ. (SSOC) ਅੰਮ੍ਰਿਤਸਰ ਦੀ ਸਾਂਝੀ ਟੀਮ ਨੇ ਧਮਾਕੇ ਦੌਰਾਨ ਮਾਰੇ ਗਏ ਨਿਹੰਗ ਜਗਰੂਪ ਸਿੰਘ ਦੇ ਭਰਾ ਸਤਨਾਮ ਸਿੰਘ ਪੰਜਵੜ ਨੂੰ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਸਤਨਾਮ ਸਿੰਘ ਵੱਲੋਂ ਕੀਤੇ ਗਏ ਖੁਲਾਸਿਆਂ ਦੇ ਅਧਾਰ 'ਤੇ ਪਿੰਡ ਪੰਜਵੜ ਵਿੱਚ ਛਾਪੇਮਾਰੀ ਕੀਤੀ ਗਈ, ਜਿੱਥੋਂ 3 ਕਿਲੋ ਆਰ.ਪੀ.ਜੀ. (RPG), ਡੇਢ ਕਿਲੋ ਆਰ.ਡੀ.ਐਕਸ. (RDX), 3 ਡੈਟੋਨੇਟਰ ਅਤੇ ਇੱਕ ਹੈਂਡ ਗਰਨੇਡ, 3 ਪਿਸਤੌਲਾਂ ਅਤੇ 5 ਮੈਗਜ਼ੀਨ, 2 ਵਾਇਰਲੈੱਸ ਸੈੱਟ, 1 ਹੈੱਡਫੋਨ, ਟਾਈਮਰ ਸਵਿੱਚ ਅਤੇ ਇੱਕ ਬੈਟਰੀ ਬਰਾਮਦ ਹੋਇਆ।
ਪੰਜਾਬ ਪੁਲਿਸ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਪਟਿਆਲਾ ਪੁਲਿਸ ਅਤੇ SSOC ਅੰਮ੍ਰਿਤਸਰ ਦੀ ਇਹ ਸਾਂਝੀ ਕਾਰਵਾਈ ਪੂਰੀ ਤਰ੍ਹਾਂ ਕਾਮਯਾਬ ਰਹੀ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਇਹ ਬਰਾਮਦਗੀ ਸਤਨਾਮ ਸਿੰਘ ਪੰਜਵੜ ਦੇ ਖੁਲਾਸਿਆਂ ਤੋਂ ਬਾਅਦ ਹੀ ਸੰਭਵ ਹੋ ਸਕੀ ਹੈ।
ਜ਼ਿਕਰਯੋਗ ਹੈ ਕਿ ਪਟਿਆਲਾ ਰੇਲਵੇ ਟਰੈਕ 'ਤੇ ਹੋਏ ਧਮਾਕੇ ਦੌਰਾਨ ਤਰਨ ਤਾਰਨ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਨਿਹੰਗ ਜਗਰੂਪ ਸਿੰਘ ਮੌਕੇ 'ਤੇ ਹੀ ਮਾਰਿਆ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਜਗਰੂਪ ਸਿੰਘ ਦੇ ਭਰਾ ਸਤਨਾਮ ਸਿੰਘ ਅਤੇ ਉਸਦੇ ਕਰੀਬੀ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਗੋਪੀ (ਨਿਵਾਸੀ ਮੁਰਾਦਪੁਰਾ) ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ।
ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਸਾਜ਼ਿਸ਼ ਦੇ ਤਾਰ ਕਿੱਥੇ-ਕਿੱਥੇ ਜੁੜੇ ਹੋਏ ਹਨ ਅਤੇ ਇੰਨੀ ਵੱਡੀ ਮਾਤਰਾ ਵਿੱਚ ਅਸਲਾ ਕਿੱਥੋਂ ਸਪਲਾਈ ਹੋਇਆ ਸੀ।
Click to Follow Babushahi Facebook page →