ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝੇ ਫਰੰਟ ਵੱਲੋਂ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਨਾਰੇਬਾਜ਼ੀ ਕਰਕੇ ਮਨਾਇਆ ਮਈ ਦਿਵਸ
ਦਲਜੀਤ ਕੌਰ
ਸੰਗਰੂਰ, 1 ਮਈ, 2026: ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ਤੇ ਸੰਗਰੂਰ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਥਾਨਕ ਬੱਸ ਸਟੈਂਡ ਦੇ ਸਾਹਮਣੇ ਇਕੱਠੇ ਹੋ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਕਨਵੀਨਰ ਅਵਿਨਾਸ਼ ਸ਼ਰਮਾ, ਰਾਜ ਕੁਮਾਰ ਅਰੋੜਾ, ਮਾਲਵਿੰਦਰ ਸਿੰਘ ਸੰਧੂ, ਜਗਦੀਸ਼ ਸ਼ਰਮਾ ਅਤੇ ਮੇਲਾ ਸਿੰਘ ਪੁੰਨਾਂਵਾਲ ਦੀ ਅਗਵਾਈ ਵਿੱਚ ਹੋਏ ਰੋਹ ਭਰਪੂਰ ਮੁਜਾਹਰੇ ਵਿੱਚ ਇਕੱਠੇ ਹੋਏ ਸਾਥੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਡਟਣ ਦਾ ਸੱਦਾ ਦਿੰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਪੂੰਜੀਪਤੀਆਂ ਦੀ ਹੱਥ ਠੋਕਾ ਬਣ ਕੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਪੈਨਸਨਰਾਂ ਅਤੇ ਗਰੀਬ ਵਰਗ ਦਾ ਘਾਣ ਕਰ ਰਹੀਆਂ ਹਨ। ਮੌਜੂਦਾ ਸਰਕਾਰਾਂ ਹਰ ਸਮੇਂ ਲੁੱਟੇ ਜਾਣ ਵਾਲੀ ਜਮਾਤ ਦੇ ਹੱਕ ਵਿੱਚ ਖੜਦੀਆਂ ਹਨ ਅਤੇ ਉਹਨਾਂ ਦੇ ਹੱਕ ਵਿੱਚ ਕਾਨੂੰਨ ਬਣਾਉਂਦੀਆਂ ਹਨ। ਦੇਸ਼ ਦੀ ਪੂੰਜੀ ਕੁਝ ਹੱਥਾਂ ਵਿੱਚ ਇਕੱਠੇ ਹੋਣਾ ਵੀ ਦੇਸ਼ ਲਈ ਘਾਤਕ ਸਿੱਧ ਹੋਵੇਗਾ। ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਹੁਣ ਇਹਨਾਂ ਦੋਵਾਂ ਸਰਕਾਰਾਂ ਨੂੰ ਘਰ ਤੋਰਨ ਦਾ ਸਮਾਂ ਆ ਗਿਆ ਹੈ।
ਕਸਤੂਰੀ ਲਾਲ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਦਰਸ਼ਨ ਸਿੰਘ, ਫਕੀਰ ਸਿੰਘ ਟਿੱਬਾ, ਭੁਪਿੰਦਰ ਸਿੰਘ, ਆਰਐਲ ਪਾਂਧੀ, ਰਾਣੋ ਖੇੜੀ ਗਿਲਾਂ, ਕਿਸਾਨ ਆਗੂ ਉਧਮ ਸਿੰਘ ਸੰਤੋਖਪੁਰਾ, ਰਵਿੰਦਰ ਗੁੱਡੂ, ਸਰਬਜੀਤ ਸਿੰਘ, ਬਲਦੇਵ ਬਡਰੁੱਖਾਂ, ਰਘਵਿੰਦਰ ਸਿੰਘ, ਕਰਨੈਲ ਸਿੰਘ, ਪਰਮਿੰਦਰ ਸਿੰਘ, ਇੰਦਰਜੀਤ ਸਿੰਘ ਲੋਟ, ਸੁਰਿੰਦਰ ਵਾਲੀਆ, ਬਲਵੰਤ ਢਿੱਲੋ, ਬਿੱਕਰ ਸਿੰਘ, ਮੋਹਨ ਸਿੰਘ ਬਾਵਾ, ਕੁਲਵੰਤ ਸਿੰਘ, ਹਰਪਾਲ ਸਿੰਘ ਸੁਨਾਮ, ਸਰਬਜੀਤ ਸਿੰਘ ਪੁੰਨਾਵਾਲ, ਸੀਤਾ ਰਾਮ, ਗੁਰਪ੍ਰੀਤ ਮੰਗਵਾਲ, ਰੁਪਿੰਦਰ ਕੌਰ ਰਾਮਪੁਰਾ, ਸਰੋਜ ਉਭਾਵਾਲ, ਰੀਨਾ, ਅਮਨਦੀਪ ਕੌਰ ਭੱਟੀਵਾਲ, ਲਾਲ ਚੰਦ ਸੈਣੀ, ਮੰਗਤ ਰਾਜ ਸਖੀਜਾ, ਕੁਲਵੰਤ ਰਾਏ, ਜਸਵੀਰ ਸਿੰਘ ਖਾਲਸਾ, ਸੁਰਿੰਦਰ ਸਿੰਘ ਸੋਢੀ ਅਤੇ ਗਿਰਧਾਰੀ ਲਾਲ ਨੇ ਵੀ ਸੰਬੋਧਨ ਕੀਤਾ।