ਅਧਿਆਪਕਾਂ ਦਾ ਮੂਲ ਧਿਆਨ ਵਿਦਿਆਰਥੀਆਂ ਦੀਆਂ ਸਕਿਲਜ਼ ਦੇ ਵਿਕਾਸ ’ਤੇ ਕੇਂਦ੍ਰਿਤ ਹੋਵੇ – ਪ੍ਰੋ. ਬਲਵਿੰਦਰ ਸਿੰਘ ਸੈਣੀ
ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਸਫਲ ਸਮਾਪਨ
ਰੋਹਿਤ ਗੁਪਤਾ
ਗੁਰਦਾਸਪੁਰ, 1 ਮਈ
ਸਰਕਾਰੀ ਕਾਲਜ ਗੁਰਦਾਸਪੁਰ ਵਿੱਚ 27 ਅਪ੍ਰੈਲ 2026 ਤੋਂ 01 ਮਈ 2026 ਤੱਕ ਕਰਵਾ8ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਸਮਾਪਨ ਅੱਜ ਬਹੁਤ ਹੀ ਉਤਸ਼ਾਹਪੂਰਵਕ ਅਤੇ ਸਫਲਤਾਪੂਰਵਕ ਹੋਇਆ।
ਪ੍ਰੋਗਰਾਮ ਦੇ ਪੰਜਵੇਂ ਅਤੇ ਆਖਰੀ ਦਿਨ ਦੇ ਸਵੇਰ ਦੇ ਸੈਸ਼ਨ ਦੀ ਸ਼ੁਰੂਆਤ ਡਾ. ਸੰਦੀਪ ਕੌਰ ਵੱਲੋਂ ਡਾ. ਤਜਿੰਦਰਪਾਲ ਸਿੰਘ ਦੇ ਜੀਵਨ ਅਤੇ ਉਪਲੱਬਧੀਆਂ ਦੇ ਪਰਿਚਯ ਨਾਲ ਕੀਤੀ ਗਈ। ਇਸ ਤੋਂ ਬਾਅਦ ਡਾ. ਜਤਿੰਦਰ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।
ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਮੁੱਖ ਵਕਤਾ ਡਾ. ਤਜਿੰਦਰਪਾਲ ਸਿੰਘ ਦਾ ਸਨਮਾਨਿਤ ਸਵਾਗਤ ਕਰਦੇ ਹੋਏ ਸਿੱਖਿਆ ਵਿੱਚ ਟੈਕਨੋਲੋਜੀ ਅਤੇ ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ।
ਡਾ. ਤਜਿੰਦਰਪਾਲ ਸਿੰਘ, ਜੋ ਡਿਜ਼ਿਟਲ ਪੈਡਾਗੌਜੀ ਅਤੇ ਇਨਫ਼ੋਰਮੇਸ਼ਨ ਟੈਕਨਾਲੋਜੀ ਟੂਲਜ਼ ਦੇ ਵਿਸ਼ੇਸ਼ ਗਿਆਨ ਹਨ, ਨੇ ਆਪਣੇ ਲੈਕਚਰ ਵਿੱਚ ਦਰਸਾਇਆ ਕਿ ਕਿਵੇਂ ਆਰਟੀਫ਼ਿਸ਼ਲ ਇੰਟੈਲੀਜੈਂਸ ਅਤੇ ਲਾਰਜ ਲੈਂਗਵੇਜ ਮਾਡਲ (ChatGPT, Gemini, Claude ਆਦਿ) ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਅਤੇ ਪ੍ਰਭਾਵਸ਼ਾਲੀ ਬਣਾ ਸਕਦੇ ਹਨ।
ਉਨ੍ਹਾਂ ਨੇ ਗੂਗਲ ਨੋਟਬੁੱਕ ਐੱਲ ਐਮ ਵਰਗੇ ਏ.ਆਈ ਟੂਲ ਦੀ ਵਰਤੋਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਿਸ ਰਾਹੀਂ ਅਧਿਆਪਕ ਆਪਣੇ ਸੋਰਸ ਮੈਟੀਰੀਅਲ ਨੂੰ ਇੰਟਰਐਕਟਿਵ ਰੂਪ ਵਿੱਚ ਤਿਆਰ ਕਰ ਸਕਦੇ ਹਨ, ਜਿਵੇਂ ਕਿ ਆਡੀਓ, ਫਲੈਸ਼ਕਾਰਡ ਅਤੇ ਪ੍ਰੇਜ਼ੈਂਟੇਸ਼ਨ, ਜਿਸ ਨਾਲ ਵਿਦਿਆਰਥੀਆਂ ਦੀ ਭਾਗੀਦਾਰੀ ਵਿੱਚ ਵਾਧਾ ਹੁੰਦਾ ਹੈ।
ਉਨ੍ਹਾਂ ਨੇ ਸੋਰਸਿੰਗ, ਚੈਟਿੰਗ ਅਤੇ ਕ੍ਰੀਏਟਿੰਗ ਦੇ ਤਿੰਨ-ਚਰਨੀ ਮਾਡਲ ਨੂੰ ਅਪਣਾਉਣ ਦੀ ਸਿਫ਼ਾਰਸ਼ ਕੀਤੀ, ਜਿਸ ਨਾਲ ਸਿੱਖਣ ਦੇ ਨਤੀਜੇ ਹੋਰ ਸੁਧਰੇ ਅਤੇ ਭਵਿੱਖ-ਕੇਂਦ੍ਰਿਤ ਸਿੱਖਣ ਪੱਧਤੀਆਂ ਵਿਕਸਿਤ ਹੋ ਸਕਦੀਆਂ ਹਨ।
ਸ਼ਾਮ ਦੇ ਸੈਸ਼ਨ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਵੱਲੋਂ ਮੁੱਖ ਮਹਿਮਾਨ ਡਾ. ਕੰਵਲਜੀਤ ਸਿੰਘ ਅਤੇ ਡਾ. ਬਲਵਿੰਦਰ ਸਿੰਘ ਸੈਣੀ ਦਾ ਸਵਾਗਤ ਕਰਕੇ ਕੀਤੀ ਗਈ। ਡਾ. ਕੰਵਲਜੀਤ ਸਿੰਘ ਨੇ ਆਰਟੀਫ਼ਿਸ਼ਲ ਇੰਟੈਲੀਜੈਂਸ ਅਤੇ ਡਿਜ਼ਿਟਲ ਪੈਡਾਗੌਜੀ ਦੀ ਵਰਤੋਂ ਰਾਹੀਂ ਕਲਾਸਰੂਮ ਵਿੱਚ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਵਧਾਉਣ ਬਾਰੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਡਾ. ਬਲਵਿੰਦਰ ਸਿੰਘ ਸੈਣੀ, ਡਾਇਰੈਕਟਰ HRDC, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਧਿਆਪਕਾਂ ਦਾ ਮੁੱਖ ਧਿਆਨ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀਆਂ ਸਕਿਲਜ਼ ਦੇ ਵਿਕਾਸ ’ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਜੀਵਨ ਭਰ ਸਿੱਖਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਅਧਿਆਪਕਾਂ ਨੂੰ ਹਮੇਸ਼ਾ ਆਪਣੇ ਆਪ ਨੂੰ ਅਪਡੇਟ ਰੱਖਣਾ ਚਾਹੀਦਾ ਹੈ ਅਤੇ ਨਵੀਆਂ ਸਿੱਖਣ-ਸਿਖਾਉਣ ਦੀਆਂ ਤਕਨੀਕਾਂ ਨੂੰ ਅਪਣਾਉਣਾ ਚਾਹੀਦਾ ਹੈ।
ਉਨ੍ਹਾਂ ਨੇ ਵਿਅਕਤੀਗਤ ਵਿਕਾਸ ਅਤੇ ਪੇਸ਼ਾਵਰ ਯੋਗਤਾਵਾਂ ਨੂੰ ਨਿਖਾਰਨ ਦੀ ਮਹੱਤਤਾ ਉੱਤੇ ਵੀ ਚਰਚਾ ਕੀਤੀ ਅਤੇ ਅਧਿਆਪਕਾਂ ਨੂੰ ਨਵੀਨਤਮ ਰਣਨੀਤੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ, ਤਾਂ ਜੋ ਵਿਦਿਆਰਥੀ ਸਿੱਖਣ ਪ੍ਰਕਿਰਿਆ ਵਿੱਚ ਸਰਗਰਮ ਅਤੇ ਰੁਚੀਸ਼ੀਲ ਰਹਿਣ।
ਸੈਸ਼ਨ ਦੇ ਅੰਤ ਵਿੱਚ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ, ਪ੍ਰੋ. ਰਾਜ ਕੁਮਾਰ, ਡਾ. ਜਤਿੰਦਰ ਸਿੰਘ (IQAC ਕੋਆਰਡੀਨੇਟਰ), ਪਰਮਿੰਦਰ ਸਿੰਘ ਸੈਣੀ ਅਤੇ IQAC ਅਤੇ IIC ਟੀਮ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ
ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਪੰਜਵਾਂ ਦਿਨ ਸਿੱਖਿਆ ਵਿੱਚ ਨਵੀਨਤਾ, ਟੈਕਨੋਲੋਜੀ ਅਤੇ ਸਕਿਲ-ਅਧਾਰਿਤ ਸਿੱਖਣ ਦੇ ਮਹੱਤਵ ਨੂੰ ਉਜਾਗਰ ਕਰਦਾ ਹੋਇਆ ਬਹੁਤ ਹੀ ਪ੍ਰੇਰਣਾਦਾਇਕ ਅਤੇ ਸਫਲ ਰਿਹਾ।
Click to Follow Babushahi Facebook page →