ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ
ਢੱਕੀ ਸਾਹਿਬ ਵਿਖੇ 20 ਤੋਂ 28 ਦਸੰਬਰ ਤੱਕ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ
ਰਵਿੰਦਰ ਸਿੰਘ ਢਿੱਲੋਂ
ਖੰਨਾ , ਕੁਦਰਤ ਦੀ ਗੋਦ ਵਿੱਚ ਵਸੇ ਰੂਹਾਨੀਅਤ ਦੇ ਕੇਂਦਰ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਰਸ਼ਨ ਸਿੰਘ ਜੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੋਹ ਮਹੀਨੇ ਦੀ ਮੱਸਿਆ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਤਪੋਬਣ ਦੇ ਖੁੱਲ੍ਹੇ ਜੰਗਲ ਵਿੱਚ ਕੀਰਤਨ ਦੀਵਾਨ ਸਜਾਏ ਗਏ ਜਿਸ ਵਿੱਚ ਤਪੋਬਣ ਦੇ ਹਜ਼ੂਰੀ ਜੱਥੇ ਵਲੋਂ ਸ਼ਬਦ ਕੀਰਤਨ ,ਧਾਰਨਾ ਤੇ ਕਵਿਤਾਵਾਂ ਰਾਹੀ ਗੁਰੂ ਸਾਹਿਬਾਨਾਂ ਤੇ ਸਾਧੂਆਂ ਦਾ ਜਸ ਗਾਇਨ ਕੀਤਾ ਗਿਆ ਉਪਰੰਤ ਸੰਤ ਬਾਬਾ ਦਰਸ਼ਨ ਸਿੰਘ ਜੀ ਵੱਲੋਂ ਰੱਬੀ ਕੀਰਤਨ ਤੇ ਗੁਰਬਾਣੀ ਕਥਾ ਵਿਖਿਆਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਉਨਾ ਕਿਹਾ ਕਿ ਕਲਯੁਗ ਦੇ ਅਵਤਾਰ ਪੂਰੇ ਗੁਰੂ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰ ਤੋਂ ਵੱਡਾ ਕੋਈ ਦਰ ਨਹੀਂ ਹੈ ਸਾਨੂੰ ਦਰ ਦਰ ਦੀ ਭਟਕਣਾ ਛੱਡਕੇ ਪੂਰੇ ਗੁਰੂ ਦੀ ਸ਼ਰਨ ਅਖਤਿਆਰ ਕਰਨੀ ਚਾਹੀਦੀ ਹੈ। ਮਹਾਂਪੁਰਸ਼ਾਂ ਨੇ ਕਿਹਾ ਕਿ ਸਿੱਖ ਸੇਵਕ ਲਈ ਸਭ ਤੋਂ ਕੀਮਤੀ ਦਾਤ ਪ੍ਰਭੂ ਦਾ,ਗੁਰੂ ਦਾ ਦਰਸ਼ਨ ਹੈ ਜਿਸ ਲਈ ਉਹ ਆਪਣੇ ਸੀਸ ਦੀ ਭੇਟਾ ਦੇਣ ਲਈ ਵੀ ਤਿਆਰ ਰਹਿੰਦਾ ਹੈ। ਉਨਾ ਕਿਹਾ ਕਿ ਗੁਰੂ ਦੀ ਖੁਸ਼ੀ ਲੈਣ ਲਈ ਆਪਣਾ ਤਨ ਮਨ ਧਨ ਸਭ ਕੁਰਬਾਨ ਕਰਨਾ ਪੈੰਦਾ ਹੈ। ਇਸ ਮੌਕੇ ਸੰਤ ਰੇਨ ਬਾਬਾ ਲਖਵੀਰ ਸਿੰਘ ਤੇ ਬਾਬਾ ਜਗਜੀਤ ਸਿੰਘ ਕਕਰਾਲਾ ਤੇ ਗਿਆਨੀ ਬਲਵੀਰ ਸਿੰਘ ਗਹੌਰ ਵਾਲਿਆਂ ਨੇ ਵੀ ਹਾਜਰੀ ਭਰੀ। ਸਮਾਗਮ ਦੀ ਸਮਾਪਤੀ ਉਪਰੰਤ ਭਾਈ ਗੁਰਦੀਪ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਧੰਨ ਧੰਨ ਮਾਤਾ ਗੁਜਰ ਕੌਰ ਜੀ, ਗੁਰੂ ਸਾਹਿਬ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਢੱਕੀ ਸਾਹਿਬ ਵਿਖੇ 20 ਤੋਂ 28 ਦਸੰਬਰ ਤੱਕ ਰਾਤ 7 ਤੋਂ 10 ਵਜੇ ਤੱਕ ਜਪ ਤਪ ਸਮਾਗਮ ਸ਼ੂਰੂ ਹੋ ਰਹੇ ਹਨ। ਉਨਾ ਦੱਸਿਆ ਕਿ 23 ਦਸੰਬਰ ਨੂੰ ਸ੍ਰੀ ਚਮਕੌਰ ਸਾਹਿਬ ਵਿਖੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਅਤੇ ਨਮਸ਼ਕਾਰ ਕਰਨ ਲਈ ਸਮੂਹ ਸੰਗਤਾਂ ਸਵੇਰੇ 10 ਵਜੇ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਤੋਂ ਰਵਾਨਾ ਹੋਣਗੀਆਂ। ਉਨਾ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ 21 ਤੇ 22 ਦਸੰਬਰ ਨੂੰ ਨੀਲੋਂ ਪੁਲ ਰੋਪੜ ਰੋਡ ਤੇ 24 ਤੋਂ 28 ਦਸੰਬਰ ਤੱਕ ਜੀ ਟੀ ਰੋਡ ਦੋਰਾਹਾ ਕਸ਼ਮੀਰ ਗਾਰਡਨ ਦੇ ਸਾਹਮਣੇ ਗੁਰੂ ਕੇ ਲੰਗਰ ਲਗਾਏ ਜਾ ਰਹੇ ਹਨ। ਉਨਾ ਸੰਗਤਾਂ ਨੂੰ ਇਨਾ ਸਮਾਗਮਾ ਅਤੇ ਸ਼ਹੀਦੀ ਸਭਾ ਮੌਕੇ ਲਗਾਏ ਜਾਣ ਵਾਲੇ ਲੰਗਰਾਂ ਵਿੱਚ ਵੱਧ ਤੋਂ ਵੱਧ ਸੇਵਾਵਾਂ ਨਿਭਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰੋਫੈਸਰ ਹਰਸਿਮਰਨ ਸਿੰਘ ਬਿੰਝਲ , ਪਰਮਿੰਦਰ ਸਿੰਘ ਲੁਧਿਆਣਾ, ਰੁਪਿੰਦਰ ਸਿੰਘ ਮਾਲੇਰਕੋਟਲਾ, ਇਕਬਾਲ ਸਿੰਘ ਫੈਜਉੱਲਾਪੁਰ, ਅਮਨਦੀਪ ਸਿੰਘ ਕੱਦੋਂ, ਸ਼ੱਤਰੂਜੀਤ ਸਿੰਘ ਕੋਟ ਮੰਡਿਆਲਾ, ਸ਼ਰਨਦੀਪ ਸਿੰਘ ਨਰੈਣਗੜ੍ਹ, ਗੁਰਕੰਵਲ ਸਿੰਘ ਕੱਦੋਂ, ਗੁਰਬਿੰਦਰ ਸਿੰਘ ਫਤਿਹਗੜ੍ਹ ਸਾਹਿਬ ਤੇ ਓਂਕਾਰ ਸਿੰਘ ਚਕੋਹੀ ਆਦਿਕ ਵੀ ਹਾਜ਼ਰ ਸਨ। ਗੁਰੂ ਕਾ ਲੰਗਰ ਅਤੁੱਟ ਵਰਤਿਆ।