Babushahi Special ਗੈਂਗਸਟਰਾਂ ਦਾ ਦਬਦਬਾ ਕਾਇਮ ਕਰਨ ਲਈ ਖੂਨ ਨਾਲ ਰੰਗੇ ਜਾ ਰਹੇ ਕਬੱਡੀ ਦੇ ਮੈਦਾਨ
ਅਸ਼ੋਕ ਵਰਮਾ
ਬਠਿੰਡਾ,20 ਦਸੰਬਰ 2025: ਗੈਂਗਸਟਰਾਂ ਵੱਲੋਂ ਕਬੱਡੀ ਤੇ ਦਬਦਬਾ ਕਾਇਮ ਕਰਨ ਲਈ ਖਿਡਾਰੀਆਂ ਨੂੰ ਕਤਲ ਕਰਵਾਉਣ ਦਾ ਸ਼ੁਰੂ ਹੋਇਆ ਸਿਲਸਿਲਾ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਤੱਥ ਗਵਾਹ ਹਨ ਕਿ ਲੰਘੇ ਪੰਜ ਸਾਲਾਂ ਦੌਰਾਨ ਇੱਕ ਦਰਜਨ ਖਿਡਾਰੀਆਂ ਅਤੇ ਪ੍ਰਮੋਟਰਾਂ ਨੂੰ ਕਤਲ ਕੀਤਾ ਜਾ ਚੁੱਕਿਆ ਹੈ। ਇਹ ਲੜੀ ਕਦੋਂ ਖਤਮ ਹੋਵੇਗੀ ਇਹ ਕਹਿਣਾ ਮੁਸ਼ਕਿਲ ਹੈ ਪਰ ਇਹ ਕਤਲ ਸਮਾਜਿਕ ਢਾਂਚੇ ਲਈ ਚੁਣੌਤੀ ਬਣ ਗਏ ਹਨ। ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਕਤਲਾਂ ਦਾ ਮਕਸਦ ਵਿਦੇਸ਼ੀ ਪੈਸੇ ਅਤੇ ਕਬੱਡੀ ਮੈਚਾਂ ਤੇ ਕੰਟਰੋਲ ਕਰਨਾ ਹੈ। ਐੱਸਐੱਸਪੀ ਹਰਮਨਦੀਪ ਹਾਂਸ ਨੇ ਮੰਨਿਆ ਸੀ ਕਿ ਰਾਣਾ ਬਲਾਚੌਰੀਆ ਦਾ ਕਤਲ ਕਬੱਡੀ ਟੂਰਨਾਮੈਂਟਾਂ ’ਤੇ ਗੈਂਗਸਟਰਾਂ ਦਾ ਦਬਦਬਾ ਕਾਇਮ ਕਰਨ ਲਈ ਕੀਤਾ ਗਿਆ ਹੈ। ਜਾਂਚ ਅਧਿਕਾਰੀ ਆਖਦੇ ਹਨ ਕਿ ਇੰਨ੍ਹਾਂ ਕਤਲਾਂ ’ਚ ਜੱਗੂ ਭਗਵਾਨਪੁਰੀਆ ਗਰੁੱਪ , ਲੱਕੀ ਪਟਿਆਲ, ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ, ਕੌਸ਼ਲ ਗਰੁੱਪ ਸਮੇਤ ਕਈ ਗੈਂਗ ਅਤੇ ਸਹਿਯੋਗੀ ਸ਼ੂਟਰ ਸ਼ਾਮਲ ਹਨ।
ਪੰਜਾਬ ’ਚ ਚੱਲਦੇ ਕਬੱਡੀ ਮੈਚਾਂ ਦੌਰਾਨ ਮੁਹਾਲੀ ਵਿਖੇ ਰਾਣਾ ਬਲਾਚੌਰੀਆਂ ਦਾ ਕਤਲ ਕੋਈ ਪਹਿਲਾ ਮਾਮਲਾ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਇਸ ਤਰਾਂ ਦੀਆਂ ਹੱਤਿਆਵਾਂ ਦੇ ਮਾਮਲੇ ਸਾਹਮਣੇ ਆਏ ਹਨ। ਦਰਅਸਲ ਕਬੱਡੀ ਦਾ ਧੁਰਾ ਅਖਵਾਉਂਦੇ ਪੰਜਾਬ ਵਿੱਚ ਇਸ ਖੂਨੀ ਖੇਡ ਦੀ ਸ਼ੁਰੂਆਤ ਮਈ 2020 ਦੌਰਾਨ ਕਪੂਰਥਲਾ ’ਚ ਕੌਮਾਂਤਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਪੱਡਾ ਦੇ ਕਤਲ ਨਾਲ ਹੋਈ ਸੀ। ਇਸ ਤੋਂ ਬਾਅਦ ਅਗਸਤ 2020 ਵਿੱਚ ਹੀ ਗੁਰਦਾਸਪੁਰ ਜਿਲ੍ਹੇ ਦੇ ਬਟਾਲਾ ’ਚ ਪੈਂਦੇ ਪਿੰਡ ਭਗਵਾਨਪੁਰ ’ਚ ਸਾਬਕਾ ਸਰਪੰਚ ਦੇ ਪੁੱਤਰ ਅਤੇ ਕਬੱਡੀ ਖਿਡਾਰੀ ਗੁਰਮੇਜ ਸਿੰਘ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਇੰਨ੍ਹਾਂ ਦੋਵਾਂ ਵਾਰਦਾਤਾਂ ਨੂੰ ਕਬੱਡੀ ਖਿਡਾਰੀਆਂ ਦੇ ਕਤਲਾਂ ਦੀ ਸ਼ੁਰੂਆਤ ਵਜੋਂ ਦੇਖਿਆ ਜਾਂਦਾ ਹੈ। ਮਾਰਚ 2022 ਦੌਰਾਨ ਜਲੰਧਰ ਸ਼ਹਿਰ ਦੇ ਨਜ਼ਦੀਕ ਪਿੰਡ ਮੱਲ੍ਹੀਆਂ ਕਲਾਂ ਵਿਖੇ ਨਾਮਵਰ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਚੱਲਦੇ ਮੈਚ ਦੌਰਾਨ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ।
ਹਾਲਾਂਕਿ ਸ਼ੁਰੂਆਤੀ ਜਾਂਚ ਦੌਰਾਨ ਪੁਲਿਸ ਨੇ ਇੰਨ੍ਹਾਂ ਕਤਲਾਂ ਨੂੰ ਜਾਤੀ ਦੁਸ਼ਮਣੀ ਦੇ ਪਹਿਲੂ ਵਜੋਂ ਵਿਚਾਰਿਆ ਸੀ ਪਰ ਜਦੋਂ ਡੂੰਘਾਈ ਨਾਲ ਤਫਤੀਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਸ ਤਰਾਂ ਕਤਲ ਕਰਨ ਦਾ ਕਾਰਨ ਕਬੱਡੀ ਟੂਰਨਾਮੈਂਟਾਂ ਤੋਂ ਹੁੰਦੀ ਮੋਟੀ ਕਮਾਈ ਤੇ ਕੰਟਰੋਲ ਅਤੇ ਖਿਡਾਰੀਆਂ ਤੇ ਦਬਦਬਾ ਬਨਾਉਣਾ ਹੈ। ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇੰਨ੍ਹਾਂ ਕਤਲਾਂ ਪਿੱਛੋਂ ਹੀ ਕਬੱਡੀ ’ਚ ਗੈਂਗਸਟਰਾਂ ਦਾ ਖੁੱਲ੍ਹਮ ਖੁੱਲ੍ਹਾ ਦਖਲ ਸ਼ੁਰੂ ਹੋਇਆ ਹੈ। ਇਸੇ ਤਰਾਂ ਅਪ੍ਰੈਲ 2022 ’ਚ ਕਬੱਡੀ ਖਿਡਾਰੀ ਧਰਮਿੰਦਰ ਸਿੰਘ ਉਰਫ ਭਿੰਦਾ ਵਾਸੀ ਪਿੰਡ ਦੌਣ ਕਲਾਂ ਨੂੰ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ। ਧਰਮਿੰਦਰ ਕਲੱਬ ਪ੍ਰਧਾਨ ਸੀ ਤੇ ਖੇਡਾਂ ਨੂੰ ਉੱਚਾ ਚੁੱਕਣ ‘ਚ ਯੋਗਦਾਨ ਵੀ ਪਾਉਂਦਾ ਸੀ। ਇਸੇ ਸਾਲ ਅਕਤੂਬਰ ਮਹੀਨੇ ਦੌਰਾਨ ਕਬੱਡੀ ਖਿਡਾਰੀ ਤੇਜਪਾਲ ਨੂੰ ਕਤਲ ਕਰਨ ਦਾ ਮਾਮਲਾ ਠੰਢਾ ਵੀ ਨਹੀਂ ਹੋਇਆ ਸੀ ਕਿ 4 ਨਵੰਬਰ ਨੂੰ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਨੂੰ ਜਾਨੋਂ ਮਾਰ ਦਿੱਤਾ ਗਿਆ ਸੀ।
ਗੁਰਵਿੰਦਰ ਦੇ ਕਤਲ ਦੀ ਜਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ ਜਿਸ ਨੇ ਕਬੱਡੀ ਅਤੇ ਅਪਰਾਧ ਦੀ ਕਾਲੀ ਦੁਨੀਆਂ ਦਾ ਨਾਤਾ ਬੇਪਰਦ ਕਰ ਦਿੱਤਾ ਹੈ। ਇੰਨ੍ਹਾਂ ਵਾਰਦਾਤਾਂ ਦੀ ਰੌਸ਼ਨੀ ’ਚ ਨਜ਼ਰ ਮਾਰੀਏ ਤਾਂ ਜਾਪਦਾ ਹੈ ਕਿ ਕਬੱਡੀ ਦਾ ਮਤਲਬ ਪੈਸਾ, ਪਾਵਰ ਅਤੇ ਪਾਪੂਲੈਰਟੀ ਰਹਿ ਗਿਆ ਹੈ ਜਿਸ ਕਰਕੇ ਕਬੱਡੀ ਦੇ ਮੈਦਾਨ ਖੂਨ ਨਾਲ ਰੰਗੇ ਜਾ ਰਹੇ ਹਨ। ਕਾਫੀ ਸਮਾਂ ਪਹਿਲਾਂ ਇੱਕ ਗੈਂਗਸਟਰ ਦੀ ਮਾਂ ਦੇ ਨਾਮ ਤੇ ਕਰਵਾਇਆ ਜਾ ਰਿਹਾ ਕਬੱਡੀ ਕੱਪ ਗੈਂਗਸਟਰਾਂ ਨੇ ਧਮਕੀ ਦੇਕੇ ਬੰਦ ਕਰਵਾ ਦਿੱਤਾ ਸੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਪਰਾਧੀ ਲੋਕ ਖਿਡਾਰੀਆਂ ਨੂੰ ਮਜਬੂਰ ਕਰਕੇ ਮੈਚ ਫਿਕਸ ਕਰਵਾਉਂਦੇ ਹਨ ਜਾਂ ਫਿਰ ਆਪਣੀ ਲੀਗ ’ਚ ਸ਼ਮੂਲੀਅਤ ਲਈ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਜਿਆਦਾਤਾਰ ਮੈਚ ਕੈਨੇਡਾ, ਆਸਟਰੇਲੀਆ ਜਾਂ ਇੰਗਲੈਂਡ ’ਚ ਹੁੰਦੇ ਹਨ ਜਿੰਨ੍ਹਾਂ ਦੀ ਇਨਾਮੀ ਰਾਸ਼ੀ ਕਰੋੜਾਂ ਵਿੱਚ ਹੁੰਦੀ ਹੈ ਜੋ ਦੋ ਧੜਿਆਂ ’ਚ ਮੁਕਾਬਲੇਬਾਜੀ ਅਤੇ ਰੰਜਿਸ਼ ਦਾ ਕਾਰਨ ਬਣਦੀ ਹੈ।
ਸੂਤਰ ਦੱਸਦੇ ਹਨ ਕਿ ਇਕੱਲੇ ਪੰਜਾਬ ਦੇ ਵੱਡੇ ਕਬੱਡੀ ਟੂਰਨਾਮੈਂਟਾਂ ’ਚ 30 ਤੋਂ 35 ਕਰੋੜ ਦਾ ਨਿਵੇਸ਼ ਹੁੰਦਾ ਹੈ ਜਦੋਂਕਿ ਕਰੋੜਾਂ ਦਾ ਸੱਟਾ ਇਸ ਤਾਂ ਵੱਖਰਾ ਹੈ। ਸੂਤਰਾਂ ਮੁਤਾਬਕ ਪੰਜਾਬ ਅਤੇ ਕੈਨੇਡਾ ’ਚ ਕਰਵਾਏ ਟੂਰਨਾਮੈਂਟਾਂ ’ਚ ਗੈਗਸਟਰ ਜੱਗੂ ਭਗਵਾਨਪੁਰੀਆ ਦੀ ਭੂਮਿਕਾ ਸਾਹਮਣੇ ਆਈ ਸੀ। ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਵੀ ਕਬੱਡੀ ਮੈਂਚਾਂ ਵਿੱਚ ਨਿਵੇਸ਼ ਨਾਲ ਜੁੜੇ ਹੋਏ ਹਨ। ਸੂਤਰਾਂ ਮੁਤਾਬਕ ਗੈਂਗਸਟਰ ਆਪਣੇ ਪ੍ਰਭਾਵ ਤਹਿਤ ਨਵੇਂ ਕਬੱਡੀ ਕਲੱਬ ਬਣਾਉਂਦੇ ਹਨ ਅਤੇ ਮੌਜੂਦਾ ਕਲੱਬਾਂ ਵਿੱਚ ਵੀ ਹਿੱਸੇਦਾਰੀ ਪਾਈ ਜਾਂਦੀ ਹੈ। ਜਿਸਮਾਨੀ ਨੁਕਸਾਨ ਕਰਨ ਦੀਆਂ ਧਮਕੀਆਂ ਰਾਹੀਂ ਖਿਡਾਰੀਆਂ ਤੇ ਉਨ੍ਹਾਂ ਦੇ ਕਲੱਬਾਂ ਵੱਲੋਂ ਖੇਡਣ ਲਈ ਦਬਾਅ ਪਾਇਆ ਜਾਂਦਾ ਹੈ। ਕੈਨੇਡਾ ਵਿੱਚਲੇ ਕਬੱਡੀ ਟੂਰਨਾਮੈਂਟਾਂ ’ਚ ਅਪਰਾਧ ਦੀ ਮਾਇਆ ਲੱਗਣ ਦੀ ਚਰਚਾ ਹੈ ਜਿਸ ਕਰਕੇ ਪਿਛਲੇ ਦੋ ਸਾਲਾਂ ਦੌਰਾਨ ਕਈ ਹਿੰਸਕ ਘਟਨਾਵਾਂ ਹੋਈਆਂ ਹਨ। ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਕਬੱਡੀ ਅੰਡਰਵਰਲਡ ਲਈ ਮੋਟੀ ਕਮਾਈ ਦਾ ਜਰੀਆ ਬਣ ਚੁੱਕੀ ਹੈ।
ਪੁਲਿਸ ਪ੍ਰਸ਼ਾਸ਼ਨ ਦੀ ਦਲੀਲ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿਪੁਲਿਸ ਪੰਜਾਬ ’ਚ ਗੈਂਗਸਟਰਵਾਦ ਖਤਮ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਤਲਾਂ ਨੂੰ ਪੁਲਿਸ ਗੰਭੀਰਤਾ ਨਾਲ ਲੈ ਰਹੀ ਹੈ। ਸਮੂਹ ਮਾਮਲਿਆਂ ਦੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ ਅਤੇ ਭਵਿੱਖ ’ਚ ਵੀ ਕਾਰਵਾਈ ਜਾਰੀ ਰਹੇਗੀ।