ਚੌਥੀ ਮੈਗਾ ਮਾਪੇ-ਅਧਿਆਪਕ ਮਿਲਣੀ: ਪੰਜਾਬ ਦੀ ਸਭ ਤੋਂ ਵੱਡੀ ਸਿੱਖਿਆ ਮੁਹਿੰਮ ਵਿੱਚ 23 ਲੱਖ ਤੋਂ ਵੱਧ ਮਾਪਿਆਂ ਨੇ ਹਿੱਸਾ ਲਿਆ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੈਗਾ ਪੀਟੀਐਮ ‘ਚ ਕੀਤੀ ਸ਼ਮੂਲੀਅਤ
ਵਿਧਾਇਕਾਂ ਅਤੇ ਅਧਿਕਾਰੀਆਂ ਵੱਲੋਂ 7500 ਤੋਂ ਵੱਧ ਸਕੂਲਾਂ ਦਾ ਦੌਰਾ
ਚੰਡੀਗੜ੍ਹ, 20 ਦਸੰਬਰ 2025- ਬੱਚਿਆਂ ਦੇ ਸੰਪੂਰਨ ਵਿਕਾਸ ਲਈ ਮਾਪਿਆਂ ਅਤੇ ਅਧਿਆਪਕਾਂ ਦਰਮਿਆਨ ਸੰਬੰਧਾਂ ਨੂੰ ਹੋਰ ਮਜ਼ਬੂਤੀ ਦੇਣ ਦੇ ਉਦੇਸ਼ ਨਾਲ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈ ਗਈ ਚੌਥੀ ਮੈਗਾ ਮਾਪੇ-ਅਧਿਆਪਕ ਮਿਲਣੀ ਨੂੰ ਭਰਵਾਂ ਹੁੰਗਾਰਾ ਮਿਲਿਆ, ਜਿਸ ਵਿੱਚ 23.30 ਲੱਖ ਤੋਂ ਵੱਧ ਮਾਪਿਆਂ ਨੇ ਸ਼ਮੂਲੀਅਤ ਕੀਤੀ।
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਰਾਜ ਪੱਧਰੀ ਸਮਾਗਮ ਦੇ ਹਿੱਸੇ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਸ੍ਰੀ ਅਨੰਦਪੁਰ ਸਾਹਿਬ ਵਿਖੇ ਪੀਟੀਐਮ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸਦੇ ਨਾਲ ਹੀ 'ਆਪ' ਪੰਜਾਬ ਇੰਚਾਰਜ ਸ੍ਰੀ ਮਨੀਸ਼ ਸਿਸੋਦੀਆ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਵਿਖੇ ਮੈਗਾ ਪੀਟੀਐਮ ਵਿੱਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਇਸ ਮਿਲਣੀ ਦੇ ਸਬੰਧ ਵਿੱਚ ਵਿਧਾਇਕਾਂ, ਸਕੱਤਰ ਸਕੂਲ ਸਿੱਖਿਆ ਸ੍ਰੀਮਤੀ ਅਨਿੰਦਿਤਾ ਮਿੱਤਰਾ, ਡਾਇਰੈਕਟਰ ਐਸ.ਸੀ.ਈ.ਆਰ.ਟੀ. ਕਿਰਨ ਸ਼ਰਮਾ, ਡਿਪਟੀ ਕਮਿਸ਼ਨਰਾਂ ਅਤੇ ਸਿੱਖਿਆ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ 7500 ਤੋਂ ਵੱਧ ਸਕੂਲਾਂ ਦਾ ਦੌਰਾ ਕੀਤਾ।
ਸ. ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਨਵੀਆਂ ਉਚਾਈਆਂ ਛੂਹ ਰਿਹਾ ਹੈ। ਪੰਜਾਬ ਸਰਕਾਰ ਇਸ ਤਰ੍ਹਾਂ ਦੇ ਸਮਾਗਮ ਕਰਵਾ ਕੇ "ਮਾਂ ਪਿਓ ਦੀ ਭਾਗੀਦਾਰੀ" (ਮਾਪਿਆਂ ਦੀ ਭਾਈਵਾਲੀ) ਥੀਮ ਹੇਠ ਮਾਪਿਆਂ ਅਤੇ ਸਕੂਲਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੇ ਪੱਧਰ ਦੀ ਇਹ ਪਹਿਲਕਦਮੀ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਵਿੱਚ ਭਾਈਵਾਲ ਵਜੋਂ ਸਰਗਰਮੀ ਨਾਲ ਸ਼ਾਮਲ ਕਰਕੇ ਬੱਚਿਆਂ ਦੇ ਪੜ੍ਹਾਈ-ਲਿਖਾਈ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਸਬੰਧੀ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਉਨ੍ਹਾਂ ਦੱਸਿਆ ਕਿ 40,000 ਤੋਂ ਵੱਧ ਅਧਿਆਪਕਾਂ, ਜਿਨ੍ਹਾਂ ਵਿੱਚ ਹਰੇਕ ਸਰਕਾਰੀ ਸਕੂਲ ਤੋਂ ਘੱਟੋ-ਘੱਟ ਇੱਕ ਅਧਿਆਪਕ ਨੂੰ ਸ਼ਾਮਲ ਕੀਤਾ ਗਿਆ, ਨੂੰ ਪੇਰੈਂਟਸ ਵਰਕਸ਼ਾਪ ਕਰਵਾਉਣ ਸਬੰਧੀ ਬਲਾਕ ਅਤੇ ਕਲੱਸਟਰ ਪੱਧਰ 'ਤੇ ਢਾਂਚਾਗਤ ਸਿਖਲਾਈ ਦਿੱਤੀ ਗਈ ਹੈ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਪਹਿਲਕਦਮੀ ਤਹਿਤ ਜਿਥੇ ਸਿਖਲਾਈ ਪ੍ਰਾਪਤ ਅਧਿਆਪਕ ਗੱਲਬਾਤ ਸੈਸ਼ਨਾਂ ਦਾ ਪ੍ਰਬੰਧ ਕਰਦੇ ਹਨ ਉਥੇ ਹੀ ਐਸਐਮਸੀ ਮੈਂਬਰ ਮਾਪਿਆਂ ਨਾਲ ਤਾਲਮੇਲ ਤੇ ਲਾਮਬੰਦੀ ਤੋਂ ਇਲਾਵਾ ਹੋਰ ਸਹਾਇਤਾ ਪ੍ਰਦਾਨ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ, ਜਿਸ ਨਾਲ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਅਕਾਦਮਿਕ, ਭਾਵਨਾਤਮਕ ਅਤੇ ਸਮਾਜਿਕ ਵਿਕਾਸ ਵਿੱਚ ਸਹਾਇਤਾ ਲਈ ਆਪਣੀ ਭੂਮਿਕਾ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਮਿਲਦੀ ਹੈ।
ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਤਹਿਤ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਪੱਧਰ ਤੱਕ ਦੀਆਂ ਕਲਾਸਾਂ ਦੇ ਵਿਦਿਆਰਥੀਆਂ ਦੇ ਮਾਪੇ ਸਮਾਗਮ ਵਿੱਚ ਹਿੱਸਾ ਲੈਂਦੇ ਹਨ।
ਸ. ਬੈਂਸ ਨੇ ਕਿਹਾ ਕਿ 1-1.5 ਘੰਟੇ ਦੀ ਪੇਰੈਂਟਸ ਵਰਕਸ਼ਾਪ ਅਤੇ ਉਸ ਤੋਂ ਬਾਅਦ ਮੈਗਾ ਪੀ.ਟੀ.ਐਮ. ਨੂੰ ਇੱਕ ਸਾਂਝੇ ਵਰਕਸ਼ਾਪ ਡਿਜ਼ਾਈਨ ਅਤੇ ਐਸ.ਐਮ.ਸੀ.ਦੀ ਅਗਵਾਈ ਵਾਲੀਆਂ ਮੀਟਿੰਗ ਯੋਜਨਾਵਾਂ ਰਾਹੀਂ ਲਾਗੂ ਕੀਤਾ ਜਾਂਦਾ ਹੈ ਅਤੇ ਮਾਪਿਆਂ ਨੂੰ ਜਾਣਕਾਰੀ ਲਈ ਹੈਂਡਆਉਟਸ ਉਪਲੱਬਧ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵਰਕਸ਼ਾਪਾਂ ਦਾ ਉਦੇਸ਼ ਬੱਚਿਆਂ ਦੀ ਸਿੱਖਿਆ ਵਿੱਚ ਮਾਪਿਆਂ ਦੀ ਭੂਮਿਕਾ ਬਾਰੇ ਸਮਝ ਨੂੰ ਮਜ਼ਬੂਤ ਕਰਨਾ, ਘਰ ਅਤੇ ਸਕੂਲ ਵਿੱਚ ਸਰਗਰਮ ਅਤੇ ਸਕਾਰਾਤਮਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ ਅਤੇ ਸੰਪੂਰਨ ਬਾਲ ਵਿਕਾਸ ਲਈ ਮਾਪਿਆਂ, ਅਧਿਆਪਕਾਂ ਅਤੇ ਸਕੂਲ ਪ੍ਰਬੰਧਨ ਕਮੇਟੀਆਂ (ਐਸ.ਐਮ.ਸੀ.) ਵਿਚਕਾਰ ਮਜ਼ਬੂਤ ਸਹਿਯੋਗ ਨੂੰ ਯਕੀਨੀ ਬਣਾਉਣਾ ਹੈ।
ਸ. ਬੈਂਸ ਨੇ ਕਿਹਾ ਕਿ ਇਹ ਪਹਿਲਕਦਮੀ ਬੱਚਿਆਂ ਦੀ ਸਿੱਖਿਆ, ਤੰਦਰੁਸਤੀ ਤੇ ਭਲਾਈ ਲਈ ਜ਼ਿੰਮੇਵਾਰੀਆਂ ਦੀ ਸਾਂਝੀ ਸਮਝ ਪੈਦਾ ਕਰਦਿਆਂ ਮਾਪਿਆਂ ਅਤੇ ਸਕੂਲ ਦਰਮਿਆਨ ਮਜ਼ਬੂਤ ਆਪਸੀ ਸਬੰਧਾਂ ਨੂੰ ਯਕੀਨੀ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦੇ ਨਤੀਜਿਆਂ ਵਿੱਚ ਕਾਫ਼ੀ ਹੱਦ ਤੱਕ ਸੁਧਾਰ ਹੋਣ ਦੀ ਉਮੀਦ ਹੈ ਕਿਉਂਕਿ ਇਸ ਪਹਿਲਕਦਮੀ ਤਹਿਤ ਘਰ ਅਤੇ ਸਕੂਲ ਦਰਮਿਆਨ ਤਾਲਮੇਲ ਨੂੰ ਮਜ਼ੂਬਤ ਕਰਨ ਵੱਲ ਧਿਆਨ ਕੇਂਦਰਤ ਕੀਤਾ ਜਾਂਦਾ ਹੈ, ਜਿਸ ਨਾਲ ਬੱਚਿਆਂ ਦੇ ਚੰਗੇ ਅਕਾਦਮਿਕ ਪ੍ਰਦਰਸ਼ਨ, ਨਿਯਮਤ ਹਾਜ਼ਰੀ ਅਤੇ ਭਾਵਨਾਤਮਕ ਤੰਦਰੁਸਤੀ ਵਿੱਚ ਮਦਦ ਮਿਲਦੀ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਮਾਪੇ-ਅਧਿਆਪਕ ਮਿਲਣੀ ਦੌਰਾਨ ਆਪਸੀ ਗੱਲਬਾਤ ਵਿਦਿਆਰਥੀਆਂ ਦੇ ਯਤਨਾਂ ਅਤੇ ਮਾਪਿਆਂ ਦੇ ਸਮਰਥਨ ਦੀ ਪ੍ਰਸ਼ੰਸਾ ਨਾਲ ਸ਼ੁਰੂ ਹੁੰਦੀ ਹੈ, ਜੋ ਗੱਲਬਾਤ ਲਈ ਇੱਕ ਸਕਾਰਾਤਮਕ ਅਤੇ ਸਨਮਾਨਜਨਕ ਨੀਂਹ ਨੂੰ ਯਕੀਨੀ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਅਭਿਆਸ ਬੱਚਿਆਂ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਕਰਦਾ ਹੈ ਕਿਉਂਕਿ ਇਸ ਗੱਲਬਾਤ ਦੌਰਾਨ ਅਧਿਆਪਕ ਅਤੇ ਮਾਪੇ ਵਿਦਿਆਰਥੀਆਂ ਦੀਆਂ ਰੁਚੀਆਂ, ਇੱਛਾਵਾਂ ਅਤੇ ਪੜ੍ਹਾਈ-ਲਿਖਾਈ ਦੀ ਕਾਰਗੁਜ਼ਾਰੀ ਬਾਰੇ ਚੰਗੀ ਤਰ੍ਹਾਂ ਚਰਚਾ ਕਰਦੇ ਹਨ ਅਤੇ ਇੱਕ ਦੂਜੇ ਤੋਂ ਫੀਡਬੈਕ ਲੈਂਦੇ ਹਨ।
ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਆਪਣੀ ਕਿਸਮ ਦੀ ਨਵੀਂ ਪਹਿਲ ਹੈ ਕਿਉਂਕਿ ਇਸ ਰਾਹੀਂ ਮਾਪਿਆਂ ਨੂੰ ਅਕਾਦਮਿਕ ਟੀਚਿਆਂ ਅਤੇ ਸਿੱਖਿਆ ਖੇਤਰ ਵਿੱਚ ਆਗਾਮੀ ਪਹਿਲਕਦਮੀਆਂ ਬਾਰੇ ਸਪੱਸ਼ਟ ਜਾਣਕਾਰੀ ਮਿਲਦੀ ਹੈ ਅਤੇ ਉਨ੍ਹਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਉਹ ਘਰ ਵਿੱਚ ਬੱਚੇ ਦੀ ਪੜ੍ਹਾਈ-ਲਿਖਾਈ ਲਈ ਬਿਹਤਰ ਮਾਹੌਲ ਨੂੰ ਕਿਵੇਂ ਯਕੀਨੀ ਬਣਾ ਸਕਦੇ ਹਨ।