ਸਰਕਾਰੀ ਕਾਲਜ ਦੀ ਕਾਮਰਸ ਅਤੇ ਬਿਜਨੈਸ ਫੈਕਲਟੀ ਵੱਲੋਂ ਕੋਰੀਡੋਰ ਦੇ ਅਧਿਕਾਰੀਆਂ ਲਈ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ
ਰੋਹਿਤ ਗੁਪਤਾ
ਗੁਰਦਾਸਪੁਰ, 20 ਦਸੰਬਰ ਸਰਕਾਰੀ ਉੱਚ ਸਿੱਖਿਆ ਦੇ ਖੇਤਰ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਸਰਕਾਰੀ ਕਾਲਜ ਗੁਰਦਾਸਪੁਰ ਦੀ ਕਾਮਰਸ ਅਤੇ ਬਿਜਨੈਸ ਮੈਨੇਜਮੈਂਟ ਫੈਕਲਟੀ ਵੱਲੋਂ ਡੇਰਾ ਬਾਬਾ ਨਾਨਕ ਕੋਰੀਡੋਰ ਵਿੱਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਇੱਕ ਰੋਜ਼ਾ ਲੀਡਰਸ਼ਿਪ ਟ੍ਰੇਨਿੰਗ ਵਰਕਸ਼ਾਪ ਲਗਾਈ ਗਈ, ਜੋ ਕਿ ਕਾਲਜ ਲਈ ਮਾਣ ਦੀ ਗੱਲ ਹੈ।
ਇਹ ਵਰਕਸ਼ਾਪ ਮੈਨੇਜਰ ਸੰਦੀਪ ਮਹਾਜਨ, ਲੈਂਡ ਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਕੋਰੀਡੋਰ ਵਿੱਚ ਤਾਇਨਾਤ ਵੱਖ-ਵੱਖ ਏਜੰਸੀਆਂ ਦੇ ਕਰਮਚਾਰੀਆਂ ਲਈ ਕੀਤੀ ਗਈ। ਵਰਕਸ਼ਾਪ ਵਿੱਚ ਸਰਕਾਰੀ ਕਾਲਜ ਗੁਰਦਾਸਪੁਰ ਦੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਤੋਂ ਅਸਿਸਟੈਂਟ ਪ੍ਰੋਫੈਸਰ ਜਤਿਨ ਮਹਾਜਨ ਅਤੇ ਅਸਿਸਟੈਂਟ ਪ੍ਰੋਫੈਸਰ ਗੁਰਪ੍ਰੀਤ ਕੌਰ ਸਿੱਧੂ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ।
ਟ੍ਰੇਨਿੰਗ ਪ੍ਰੋਗਰਾਮ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ। ਪਹਿਲੇ ਭਾਗ ‘ਲੀਡਰਸ਼ਿਪ ਅਤੇ ਟੀਮ ਮੈਨੇਜਮੈਂਟ’ ਵਿੱਚ ਅਸਿਸਟੈਂਟ ਪ੍ਰੋ. ਜਤਿਨ ਮਹਾਜਨ ਨੇ ਪ੍ਰਭਾਵਸ਼ਾਲੀ ਲੀਡਰਸ਼ਿਪ ਦੇ ਅਸੂਲਾਂ ਅਤੇ ਮਜ਼ਬੂਤ ਟੀਮ ਬਣਾਉਣ ਦੇ ਤਰੀਕਿਆਂ ’ਤੇ ਵਿਸਥਾਰਪੂਰਵਕ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ‘ਡਾਇਵਰਸਿਟੀ ਅਤੇ ਇਨਕਲੂਜ਼ਨ ਇਨ ਵਰਕਪਲੇਸ’ ਵਿਸ਼ੇ ਤਹਿਤ ਵੱਖ-ਵੱਖ ਵਿਭਿੰਨਤਾਮਈ ਵਾਤਾਵਰਣਾਂ ਵਿੱਚ ਟੀਮਾਂ ਨੂੰ ਨਾਲ ਲੈ ਕੇ ਕੰਮ ਕਰਨ ਅਤੇ ਸਰਹੱਦੀ ਖੇਤਰਾਂ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਦੇ ਉਪਾਇਆ’ਤੇ ਵੀ ਪ੍ਰਮੁੱਖ ਚਰਚਾ ਕੀਤੀ।
ਦੂਜੇ ਭਾਗ ਵਿੱਚ ਅਸਿਸਟੈਂਟ ਪ੍ਰੋ. ਗੁਰਪ੍ਰੀਤ ਕੌਰ ਸਿੱਧੂ ਨੇ ‘ਸਟਰੈਟਿਜਿਕ ਪਲੈਨਿੰਗ ਅਤੇ ਇਫੈਕਟਿਵ ਡਿਸੀਜ਼ਨ ਮੇਕਿੰਗ’ ਅਤੇ ‘ਇੰਟਰ-ਏਜੰਸੀ ਕੋਆਰਡੀਨੇਸ਼ਨ ਅਤੇ ਸਟੇਕਹੋਲਡਰ ਮੈਨੇਜਮੈਂਟ’ ਵਿਸ਼ਿਆਂ ’ਤੇ ਵਿਸਥਾਰ ਨਾਲ ਵਿਚਾਰ ਰੱਖੇ।
ਇਸ ਮੌਕੇ ਮੈਨੇਜਰ ਸੰਦੀਪ ਮਹਾਜਨ ਨੇ ਸਰਕਾਰੀ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਜੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਪ੍ਰੋਫੈਸਰ ਸਾਹਿਬਾਨ ਨੂੰ ਵਿਸ਼ੇਸ਼ ਲੈਕਚਰ ਲਈ ਭੇਜਣਾ ਕੋਰੀਡੋਰ ਵਿੱਚ ਤਾਇਨਾਤ ਕਰਮਚਾਰੀਆਂ ਦੀ ਪ੍ਰਸ਼ਿਕਸ਼ਣ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਨੇ ਦੋਵੇਂ ਮੁੱਖ ਵਕਤਾਵਾਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।