Election Special ਸਿਆਸੀ ਸੁਫਨੇ ਲੈ ਰਹੀ ਭਾਜਪਾ ਨੂੰ ਦਿੱਤਾ ਪੇਂਡੂ ਚੋਣ ਨਤੀਜਿਆਂ ਨੇ ਬਠਿੰਡਾ ਜਿਲ੍ਹੇ ’ਚ ਹਲੂਣਾ
ਅਸ਼ੋਕ ਵਰਮਾ
ਬਠਿੰਡਾ,19 ਦਸੰਬਰ 2025: ਸਿਆਸੀ ਸੁਫ਼ਨੇ ਲੈ ਰਹੀ ਭਾਜਪਾ ਨੂੰ ਬਠਿੰਡਾ ਜਿਲ੍ਹੇ ’ਚ ਕਰਵਾਈਆਂ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਦੇ ਨਤੀਜੇ ਨੇ ਰਲਵਾਂ ਮਿਲਵਾਂ ਹੁੰਗਾਰਾ ਦਿੱਤਾ ਹੈ। ਹਾਲਾਂਕਿ ਪਿੰਡਾਂ ’ਚ ਬੂਥ ਲੱਗਣੇ ਅਤੇ ਵੋਟਾਂ ਪੈਣੀਆਂ ਭਗਵਾ ਪਾਰਟੀ ਲਈ ਪਿੱਠ ਥਾਪੜਨ ਵਾਲਾ ਹੈ ਪਰ ਸਮੁੱਚੇ ਤੌਰ ਤੇ ਦੇਖੀਏ ਤਾਂ ਚੋਣਾਂ ਦਾ ਨਤੀਜਾ ਇੱਕ ਤਰਾਂ ਨਾਲ ਸਪਸ਼ਟ ਸੁਨੇਹਾ ਹੈ ਕਿ ਲੋਕ ਭਾਜਪਾ ਦੇ ਪੰਜਾਬ ਖਿਲਾਫ ਨਜ਼ਰੀਏ ਨੂੰ ਛੇਤੀ ਕਿਤੇ ਭੁੱਲਣ ਵਾਲੇ ਨਹੀਂ ਹਨ। ਇਹ ਪਹਿਲੀ ਵਾਰ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਨਾਲੋਂ ਗਠਜੋੜ ਟੁੱਟਣ ਮਗਰੋਂ ਭਾਜਪਾ ਪੇਂਡੂ ਪੰਜਾਬ ਦੀਆਂ ਚੋਣਾਂ ’ਚ ਆਪਣੇ ਦਮਖਮ ਨਾਲ ਕੁੱਦੀ ਸੀ। ਚੋਣ ਪ੍ਰਚਾਰ ਦੌਰਾਨ ਭਾਜਪਾ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਉਭਾਰਿਆ ਅਤੇ ਪਾਰਟੀ ਦੇ ਪੰਜਾਬ ਹਿਤੈਸ਼ੀ ਹੋਣ ਦੀ ਗੱਲ ਰੱਖੀ ਇਸ ਦੇ ਬਾਵਜੂਦ ਬਠਿੰਡਾ ਜਿਲ੍ਹੇ ਦੀ ਕਿਸੇ ਵੀ ਪੰਚਾਇਤ ਸੰਮਤੀ ’ਚ ਭਾਜਪਾ ਦਾ ਖਾਤਾ ਨਹੀਂ ਖੁੱਲ੍ਹ ਸਕਿਆ।
ਬਠਿੰਡਾ ਜਿਲ੍ਹੇ ਦੇ ਚੋਣ ਨਤੀਜਿਆਂ ਦੀ ਪੁਣਛਾਣ ਕਰੀਏ ਤਾਂ ਬਲਾਕ ਮੌੜ ਦੇ 15 ਜੋਨਾਂ ਚੋਂ ਭਾਜਪਾ ਨੂੰ 8 ਵਿੱਚ ਹੌਂਸਲੇ ਵਾਲਾ ਹੁੰਗਾਰਾ ਮਿਲਿਆ ਹੈ। ਵਿਧਾਨ ਸਭਾ ਹਲਕਾ ਮੌੜ ਤੋਂ ਭਾਜਪਾ ਪੰਜਾਬ ਦੇ ਜਰਨਲ ਸਕੱਤਰ ਦਿਆਲ ਸਿੰਘ ਸੋਢੀ ਨੇ ਚੋਣ ਲੜੀ ਸੀ। ਮੌੜ ਬਲਾਕ ਦੇ ਬੁਰਜ ਜੋਨ ਚੋਂ ਭਾਜਪਾ ਨੂੰ 549 ਵੋਟਾਂ ਪਈਆਂ ਜਦੋਂਕਿ ਰਾਏਖਾਨਾ ਚੋਂ 243, ਜੋਧਪੁਰ ਪਾਖਰ ’ਚ 49 , ਕੋਟਭਾਰਾ ’ਚ 229 , ਕੋਟਲੀ ਖੁਰਦ ’ਚ 207, ਮਾਈਸਰਖਾਨਾ ’ਚ 53 ,ਰਾਜਗੜ੍ਹ ਕੁੱਬੇ ’ਚ 127 ਅਤੇ ਸਵੈਚ ਜੋਨ ’ਚ 321 ਵੋਟਾਂ ਪਈਆਂ ਹਨ। ਬਲਾਕ ਨਥਾਣਾ ਦੇ 8 ਜੋਨਾਂ ’ਚ ਭਾਜਪਾ ਹਾਜ਼ਰੀ ਲੁਆਉਣ ’ਚ ਸਫਲ ਰਹੀ ਹੈ ਜਿਸ ’ਚ ਦਿਆਲ ਸੋਢੀ ਦਾ ਪਿੰਡ ਤੁੰਗਵਾਲੀ ਵੀ ਹੈ। ਇਹ ਵੱਖਰੀ ਗੱਲ ਹੈ ਭਾਜਪਾ ਜਿੱਤੀ ਜਾਂ ਦੂਸਰੇ ਸਥਾਨ ਤੇ ਨਹੀਂ ਰਹੀ। ਬਲਾਕ ਨਥਾਣਾ ਦੇ ਤੁੰਗਵਾਲੀ ਜੋਨ ’ਚ ਭਾਜਪਾ ਨੂੰ 230 ਵੋਟਾਂ ਪਈਆਂ ਹਨ।
ਨਥਾਣਾ ਬਲਾਕ ਦੇ ਜੋਨ ਪੂਹਲਾ ’ਚ ਭਾਜਪਾ ਨੂੰ 288 ਵੋਟਾਂ ਪਈਆਂ ਹਨ ਜਦੋਂਕਿ ਚੱਕ ਫਤਿਹ ਸਿੰਘ ਵਾਲਾ ’ਚ 208, ਪੂਹਲੀ ’ਚ 185, ਲਹਿਰਾਖਾਨਾ ’ਚ 147, ਚੱਕ ਰਾਮ ਸਿੰਘ ਵਾਲਾ ’ਚ 71, ਬੱਜੋਆਣਾ ’ਚ 59 ਅਤੇ ਭੁੱਚੋ ਕਲਾਂ ਜੋਨ ’ਚ ਇਹ ਅੰਕੜਾ 85 ਰਿਹਾ ਹੈ। ਬਲਾਕ ਬਠਿੰਡਾ ਦੇ ਦਿਉਣ ਜੋਨ ਵਿੱਚ ਭਾਜਪਾ ਨੂੰ 274 , ਬੁਲਾਢੇਵਾਲਾ ’ਚ 212 ਅਤੇ ਝੁੰਬਾ ਜੋਨ ’ਚ ਭਾਜਪਾ ਨੂੰ 328 ਵੋਟਾਂ ਪਈਆਂ ਹਨ। ਬਠਿੰਡਾ ਬਲਾਕ ਦੇ ਬਾਕੀ ਜੋਨਾਂ ’ਚ ਭਾਜਪਾ ਦੇ ਜਾਂ ਤਾਂ ਉਮੀਦਵਾਰ ਹੀ ਨਹੀਂ ਸਨ ਜਾਂ ਫਿਰ ਆਪਣਾ ਖਾਤਾ ਵੀ ਨਹੀਂ ਖੋਹਲ ਸਕੀ । ਬਲਾਕ ਗੋਨਿਆਣਾ ਦੇ 4 ਜੋਨ ਹੀ ਅਜਿਹੇ ਹਨ ਜਿੰਨ੍ਹਾਂ ਨੇ ਭਾਜਪਾ ਦੀ ਮਾੜੀ ਮੋਟੀ ਬਾਂਹ ਫੜ੍ਹੀ ਹੈ। ਗੰਗਾ ਜੋਨ ’ਚ ਭਾਜਪਾ ਨੂੰ 126, ਅਕਲੀਆ ਕਲਾਂ ਜੋਨ ’ਚ 149, ਮਹਿਮਾ ਸਵਾਈ ’ਚ 155 ਅਤੇ ਜੰਡਵਾਲਾ ਜੋਨ ’ਚ 155 ਵੋਟਾਂ ਪਈਆਂ ਹਨ।
ਬਲਾਕ ਫੂਲ ਦੇ ਜੋਨ ਸੇਲਬਰਾਹ ’ਚ ਭਾਜਪਾ 256 ਵੋਟਾਂ ਲਿਜਾਣ ’ਚ ਸਫਲ ਰਹੀ ਹੈ। ਰਾਈਆ ਜੋਨ ’ਚ 274, ਢਿਪਾਲੀ ਜੋਨ ’ਚ 79 ਅਤੇ ਮਹਿਰਾਜ ਖੁਰਦ ’ਚ 93 ਵੋਟਾਂ ਪੈਣ ਤੋਂ ਇਲਾਵਾ ਬੁਰਜ ਲੱਧਾ ਜੋਨ ’ਚ ਭਾਜਪਾ ਨੂੰ 385 ਅਤੇ ਸਿਰੀਏਵਾਲਾ ਜੋਨ ’ਚ 104 ਵੋਟਾਂ ਪਈਆਂ ਹਨ। ਇੰਨ੍ਹਾਂ ਦੋਵਾਂ ਜੋਨਾਂ ‘ਚ ਭਾਜਪਾ ਦੇ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਜੋ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੇ ਲੜਕੇ ਹਨ, ਨੇ ਧੂੰਆਂਧਾਰ ਪ੍ਰਚਾਰ ਕੀਤਾ ਸੀ। ਬੁਰਜ ਲੱਧਾ ਸਿੰਘ ਵਾਲਾ ਭਾਜਪਾ ਦੇ ਉਮੀਦਵਾਰ ਦਾ ਪਿੰਡ ਵੀ ਹੈ। ਬਲਾਕ ਰਾਮਪੁਰਾ ਦੇ ਪਿੰਡ ਬੁਗਰਾਂ ’ਚ ਭਾਜਪਾ ਨੂੰ 203 ਵੋਟਾਂ ਪਈਆਂ ਹਨ। ਵੋਟਾਂ ਪੈਣ ਦੇ ਮਾਮਲੇ ’ਚ ਜਿਉਂਦ ਜੋਨ ਨੇ ਹੈਰਾਨ ਕੀਤਾ ਹੈ ਜਿੱਥੇ ਭਾਜਪਾ 508 ਵੋਟਾਂ ਲਿਜਾਣ ’ਚ ਸਫਲ ਰਹੀ ਹੈ। ਜਿਉਂਦ ਕਿਸਾਨ ਸੰਘਰਸ਼ ਦਾ ਮੋਹਰੀ ਪਿੰਡ ਹੈ ਜਿੱਥੇ ਭਾਜਪਾ ਪ੍ਰਤੀ ਰੋਸ ਨਜ਼ਰ ਨਹੀਂ ਆਇਆ ਹੈ।
ਰਾਮਪੁਰਾ ਬਲਾਕ ਦੇ ਜੋਨ ਖੋਖਰ ’ਚ ਭਾਜਪਾ ਨੂੰ 300, ਦੌਲਤਪੁਰਾ ’ਚ 197, ਝੰਡੂਕੇ ’ਚ 219, ਭੈਣੀ ਚੂਹੜ ’ਚ 249, ਬਾਲਿਆਂ ਵਾਲੀ ’ਚ 221, ਅਤੇ ਜੇਠੂਕੇ ਜੋਨ ’ਚ 144 ਵੋਟਾਂ ਪਈਆਂ ਹਨ। ਬਲਾਕ ਤਲਵੰਡੀ ਸਾਬੋ ਦੇ ਜੋਨ ਗੁਰੂਸਰ ਜਗਾ ’ਚ ਭਾਜਪਾ ਨੂੰ 109, ਫੁੱਲੋਖਾਰੀ ’ਚ 156, ਗੋਲੇਵਾਲਾ ’ਚ 230, ਜੱਜਲ ’ਚ 82 ਅਤੇ ਮੱਲਵਾਲਾ ਜੋਨ ’ਚ ਭਾਜਪਾ ਦੇ ਹੱਕ ’ਚ 209 ਵੋਟਾਂ ਭੁਗਤੀਆਂ ਹਨ। ਸੰਗਤ ਬਲਾਕ ਦੇ ਬਹਾਦਰਗੜ੍ਹ ਜੰਡੀਆਂ ਜੋਨ ’ਚ ਭਾਜਪਾ ਨੂੰ 100 ਵੋਟਾਂ ਪਈਆਂ ਹਨ ਜਦੋਂਕਿ ਬੰਬੀਹਾ ਜੋਨ ਤੋਂ 119, ਕਾਲ ਝਰਾਣੀ ਤੋਂ 247, ਸੰਗਤ ਕਲਾਂ ਜੋਨ ’ਚ 49 ਫਰੀਦਕੋਟ ਚੋਂ 79 ਅਤੇ ਜੱਸੀ ਬਾਗ ਵਾਲੀ ਜੋਨ ਚੋਂ 665 ਵੋਟਾਂ ਪਈਆਂ ਹਨ। ਜੱਸੀ ਬਾਗਵਾਲੀ ਡੇਰਾ ਸਿਰਸਾ ਮੁਖੀ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਦਾ ਪਿੰਡ ਹੈ। ਇਸ ਜੋਨ ’ਚ ਵੱਡੀ ਗਿਣਤੀ ਡੇਰਾ ਪੈਰੋਕਾਰ ਹਨ ਜੋ ਜੱਸੀ ਦਾ ਪ੍ਰਭਾਵ ਮੰਨਦੇ ਹਨ।
ਭਾਜਪਾ ਨੂੰ ਸਬਕ ਲੈਣ ਦੀ ਲੋੜ
ਇਸ ਚੋਣ ਦੇ ਨਤੀਜੇ ਨੇ ਭਾਜਪਾ ਨੂੰ ਦੱਸ ਦਿੱਤਾ ਹੈ ਕਿ ਪੰਜਾਬ ਦੇ ਰਾਹ ਇੰਨੇ ਸੌਖੇ ਨਹੀਂ ਹਨ। ਤਿੰਨ ਖੇਤੀ ਕਾਨੂੰਨਾਂ ਕਾਰਨ ਭਾਜਪਾ ਵਿਰੁੱਧ ਰੋਹ ਖਤਮ ਨਹੀਂ ਹੋਇਆ ਹੈ। ਬੰਦੀ ਸਿੰਘਾਂ ਦੀ ਰਿਹਾਈ ਬਾਰੇ ਹੁੰਗਾਰਾ ਨਾ ਭਰਨਾ ਵੀ ਲੋਕਾਂ ਨੂੰ ਰੜਕਦਾ ਹੈ। ਭਾਜਪਾ ਲਗਾਤਰ ਅਜਿਹੇ ਫੈਸਲੇ ਲੈ ਰਹੀ ਹੈ ਜੋ ਪੰਜਾਬੀਆਂ ਦੇ ਜਖਮ ਹਰੇ ਕਰ ਦਿੰਦੇ ਹਨ। ਭਾਜਪਾ ਆਗੂ ਮੰਨਦੇ ਹਨ ਕਿ ਪੰਜਾਬ ਪੱਖੀ ਨੀਤੀਆਂ ਬਿਨਾਂ ਪੈਰ ਜਮਾਉਣੇ ਮੁਸ਼ਕਿਲ ਹਨ ਇਸ ਲਈ ਚੋਣ ਨਤੀਜਿਆਂ ਤੋਂ ਸਬਕ ਲੈਣ ਦੀ ਲੋੜ ਹੈ।