ਅਮਰੀਕਾ 'ਚ ਸਿੱਖ ਭਾਈਚਾਰੇ ਦੀ ਆਵਾਜ਼ ਬਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਪ੍ਰੋਫੈਸਰ ਆਫ ਪ੍ਰੈਕਟਿਸ ਅਟਾਰਨੀ ਜਸਪ੍ਰੀਤ ਸਿੰਘ,
ਨਿਊ ਜਰਸੀ ਤੇ ਨਿਊਯਾਰਕ ਦੇ ਸਿਖਰਲੇ ਆਗੂਆਂ ਨਾਲ ਕੀਤੀਆਂ ਅਹਿਮ ਮੁਲਾਕਾਤਾਂ
ਅੰਮ੍ਰਿਤਸਰ, 20 ਦਸੰਬਰ 2025 : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਲੂਮਨਸ ਅਤੇ ਪ੍ਰੈਕਟਿਸ ਆਫ ਪ੍ਰੋਫੈਸਰ,ਅਮਰੀਕਾ ਵਿੱਚ ਐਟਰਨੀ-ਐਟ-ਲਾਅ ਸ੍ਰ ਜਸਪ੍ਰੀਤ ਸਿੰਘ ਜਿਨ੍ਹਾਂ ਨੂੰ ਹਾਲ ਹੀ ਵਿੱਚ ਨਿਊ ਜਰਸੀ ਸੂਬੇ ਦੀ ਗਵਰਨਿੰਗ ਕੌਂਸਲ ਵਿੱਚ ਚੁਣਿਆ ਗਿਆ ਸੀ ਨੇ ਨਿਊ ਜਰਸੀ ਅਤੇ ਨਿਊਯਾਰਕ ਵਿੱਚ ਸੀਨੀਅਰ ਰਾਜਨੀਤਕ ਤੇ ਪ੍ਰਸ਼ਾਸਨਿਕ ਆਗੂਆਂ ਨਾਲ ਸਿੱਖ ਭਾਈਚਾਰੇ ਦੇ ਸਮਾਜਿਕ ਮੁੱਦਿਆਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਹੈ। ਇਨ੍ਹਾਂ ਮੁਲਾਕਾਤਾਂ ਵਿੱਚ ਉਨ੍ਹਾਂ ਨੇ ਭਾਈਚਾਰੇ ਦੇ ਹੱਕਾਂ ਤੇ ਸੰਘਰਸ਼ਾਂ ਨੂੰ ਸਿਖਰਲੇ ਆਗੂਆਂ ਤੱਕ ਪਹੁੰਚਾਇਆ ਤਾਂ ਉਨ੍ਹਾਂ ਨੂੰ ਸਮੇਂ ਸਿਰ ਹੱਲ ਕੀਤਾ ਜਾ ਸਕੇ।
ਸ੍ਰੀ ਜਸਪ੍ਰੀਤ ਸਿੰਘ ਨੇ ਨਿਊ ਜਰਸੀ ਵਿੱਚ ਗਵਰਨਰ-ਚੁਣੇ ਜਾਣ ਵਾਲੀ ਮਿਕੀ ਸ਼ੈਰਿਲ ਦੀ ਟ੍ਰਾਂਜ਼ਿਸ਼ਨ ਟੀਮ ਨਾਲ ਮੁਲਾਕਾਤ ਕੀਤੀ ਅਤੇ ਆਊਟਗੋਇੰਗ ਗਵਰਨਰ ਫਿਲ ਮਰਫੀ ਨਾਲ ਵੀ ਲਾਭਦਾਇਕ ਗੱਲਬਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਬਕਾ ਨੌਰਥ ਕੈਰੋਲੀਨਾ ਗਵਰਨਰ ਤੇ ਯੂ.ਐੱਸ. ਸੈਨੇਟ ਉਮੀਦਵਾਰ ਰਾਏ ਕੂਪਰ ਨਾਲ ਵੀ ਵਿਚਾਰ-ਵਟਾਂਦਰਾ ਕੀਤਾ।
ਨਿਊਯਾਰਕ ਵਿੱਚ ਉਨ੍ਹਾਂ ਨੇ ਗਵਰਨਰ ਕੈਥੀ ਹੌਚੁਲ ਨਾਲ ਅਹਿਮ ਮੀਟਿੰਗ ਕੀਤੀ। ਇਸੇ ਤਰ੍ਹਾਂ ਆਪਣੇ ਦਫਤਰ ਵਿੱਚ ਨਿਊਯਾਰਕ ਦੇ ਐਟਰਨੀ ਜਨਰਲ ਲੇਤੀਸ਼ੀਆ ਜੇਮਜ਼ ਨੂੰ ਸੱਦਾ ਦੇ ਕੇ ਸਿੱਖ ਭਾਈਚਾਰੇ ਦੇ ਪ੍ਰਮੁੱਖ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ, ਜਿੱਥੇ ਸਿੱਖ ਕਲਚਰਲ ਸੋਸਾਇਟੀ ਆਫ ਨਿਊਯਾਰਕ (ਖੇਤਰ ਦੀ ਸਭ ਤੋਂ ਵੱਡੀ ਗੁਰਦੁਆਰਾ ਸੰਸਥਾ) ਦੀ ਮੈਨੇਜਿੰਗ ਕਮੇਟੀ ਵੀ ਮੌਜੂਦ ਸੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਸ੍ਰੀ ਜਸਪ੍ਰੀਤ ਸਿੰਘ ਦੀਆਂ ਤਾਜ਼ਾ ਗਤੀਵਿਧੀਆਂ ਤੇ ਪ੍ਰਾਪਤੀਆਂ ’ਤੇ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਆਪਣੇ ਆਲੂਮਨੀ ਦੀ ਵਧਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਸ਼ਾਨ ਤੇ ਬਹੁਤ ਮਾਣ ਮਹਿਸੂਸ ਕਰਦੀ ਹੈ। ਉਨ੍ਹਾਂ ਕਿਹਾ ਕਿ ਜਸਪ੍ਰੀਤ ਸਿੰਘ ਦੀ ਨਿਊ ਜਰਸੀ ਗਵਰਨਿੰਗ ਕੌਂਸਲ ਵਿੱਚ ਚੋਣ ਤੇ ਅਮਰੀਕੀ ਸਿਖਰਲੀ ਲੀਡਰਸ਼ਿਪ ਨਾਲ ਸੰਪਰਕ ਉਨ੍ਹਾਂ ਮੁੱਲਾਂ ਨੂੰ ਦਰਸਾਉਂਦੇ ਹਨ ਜੋ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਵਿੱਚ ਵਿਕਸਿਤ ਕਰਨਾ ਚਾਹੁੰਦੀ ਹੈ। ਅਜਿਹੀਆਂ ਉਪਲਬੱਧੀਆਂ ਯੂਨੀਵਰਸਿਟੀ ਦੇ ਵਿਸ਼ਵ ਪੱਧਰੀ ਨੈੱਟਵਰਕ ਨੂੰ ਮਜ਼ਬੂਤ ਕਰਦੀਆਂ ਹਨ ਤੇ ਨੌਜਵਾਨ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਬਣਦੀਆਂ ਹਨ। ਯੂਨੀਵਰਸਿਟੀ ਪੰਜਾਬੀ ਡਾਇਸਪੋਰਾ ਦੇ ਜਨ-ਜੀਵਨ ਨੂੰ ਉੱਚਾ ਚੁੱਕਣ ਲਈ ਉਨ੍ਹਾਂ ਦੀਆਂ ਨਿਰੰਤਰ ਕੋਸ਼ਿਸ਼ਾਂ ਨੂੰ ਸਲਾਮ ਕਰਦੀ ਹੈ ਤੇ ਸ਼ੁਭਕਾਮਨਾਵਾਂ ਦਿੰਦੀ ਹੈ।
ਕੈਪਸ਼ਨ: ਜੀਐੱਨਡੀਯੂ ਐਲੂਮਨਸ ਅਤੇ ਪ੍ਰੈਕਟਿਸ ਆਫ ਪ੍ਰੋਫੈਸਰ ਜਸਪ੍ਰੀਤ ਸਿੰਘ ਨਿਊ ਜਰਸੀ ਅਤੇ ਨਿਊਯਾਰਕ ਵਿੱਚ ਸੀਨੀਅਰ ਰਾਜਨੀਤਕ ਤੇ ਪ੍ਰਸ਼ਾਸਨਿਕ ਆਗੂਆਂ ਨਾਲ ਮੀਟਿੰਗਾਂ ਦੌਰਾਨ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰਦੇ ਹੋਏ।