ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਉਣ ਦਾ ਟੀਚਾ ਪੂਰਾ:ਸਿਵਲ ਸਰਜਨ ਡਾ ਤਪਿੰਦਰਜੋਤ
ਅਸ਼ੋਕ ਵਰਮਾ
ਬਠਿੰਡਾ , 14 ਅਕਤੂਬਰ 2025 : ਪੰਜਾਬ ਸਰਕਾਰ ਅਤੇ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਮੀਨਾਕਸ਼ੀ ਸਿੰਗਲਾ ਜਿਲ੍ਹਾ ਟੀਕਾਕਰਣ ਅਫ਼ਸਰ ਦੀ ਦੇਖਰੇਖ ਵਿੱਚ ਅੱਜ ਪਲਸ ਪੋਲੀਓ ਮੁਹਿੰਮ ਦੇ ਆਖਰੀ ਦਿਨ ਸਿਹਤ ਵਿਭਾਗ ਵੱਲੋਂ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਉਣ ਦਾ ਮਿੱਥਿਆ ਟੀਚਾ ਪੂਰਾ ਕਰ ਲਿਆ ਗਿਆ ਹੈ । ਦੱਸਣਯੋਗ ਹੈ ਕਿ ਜਿਲ੍ਹਾ ਬਠਿੰਡਾ ਵਿੱਚ 12 ਤੋਂ 14 ਅਕਤੂਬਰ ਤੱਕ ਤਿੰਨ ਦਿਨਾਂ ਦਾ ਸਪੈਸ਼ਲ ਨੈਸ਼ਨਲ ਪਲਸ ਪੋਲੀਓ ਰਾਊਂਡ ਚਲਾਇਆ ਗਿਆ ਸੀ, ਜਿਸ ਦੌਰਾਨ ਜਿਲ੍ਹੇ ਦੇ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਈਆਂ ਗਈਆਂ। ਜਿਸ ਵਿੱਚ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਆਂਗਣਵਾੜੀ ਵਰਕਰ, ਆਂਗਣਵਾੜੀ ਹੈਲਪਰ, ਸਵੈ ਸੇਵੀ ਸੰਸਥਾਵਾਂ ਅਤੇ ਵੱਖ ਵੱਖ ਸੰਸਥਾਵਾਂ ਦੇ ਬੱਚਿਆ ਨੇ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜਿਆ ।
ਸਿਵਲ ਸਰਜਨ ਡਾ ਤਪਿਦੰਰਜੋਤ ਨੇ ਦੱਸਿਆ ਕਿ ਜਨਵਰੀ 2011 ਤੋਂ ਭਾਰਤ ਵਿੱਚ ਕੋਈ ਵੀ ਪੋਲੀਓ ਦਾ ਕੇਸ ਨਹੀਂ ਨਿਕਲਿਆ ਅਤੇ ਵਿਸ਼ਵ ਸਿਹਤ ਸੰਸਥਾ ਵੱਲੋਂ ਭਾਰਤ ਨੂੰ ਪੋਲੀਓ ਮੁਕਤ ਦੇਸ਼ ਘੋਸ਼ਿਤ ਕਰ ਦਿੱਤਾ ਗਿਆ ਹੈ। ਭਾਰਤ ਨੂੰ ਗੁਆਂਢੀ ਦੇਸ਼ਾਂ ਤੋਂ ਪੋਲੀਓ ਵਾਇਰਸ ਆਉਣ ਦਾ ਖਤਰਾ ਬਣਿਆ ਹੋਇਆ ਹੈ। ਅਸੀਂ ਰਲ ਮਿਲ ਕੇ ਪੋਲੀਓ ਦੀ ਬਿਮਾਰੀ ਨੂੰ ਦੇਸ਼ ਵਿੱਚੋਂ ਖਤਮ ਕੀਤਾ ਹੈ, ਇਸ ਖਾਤਮੇ ਨੂੰ ਬਰਕਰਾਰ ਰੱਖਣ ਦੀ ਜਰੂਰਤ ਹੈ। ਉਹਨਾਂ ਜਿਲ੍ਹਾ ਪ੍ਰਸ਼ਾਸਣ, ਸਮੂਹ ਵਿਭਾਗਾਂ, ਆਮ ਜਨਤਾ, ਸਮਾਜ ਸੇਵੀ ਸੰਸਥਾਵਾਂ, ਸਿਹਤ ਵਿਭਾਗ ਦੇ ਕਰਮਚਾਰੀਆਂ/ਅਧਿਕਾਰੀਆਂ, ਆਸ਼ਾ ਵਰਕਰਾਂ ਅਤੇ ਮੀਡੀਆ ਦਾ ਇਸ ਮੁਹਿੰਮ ਨੂੰ ਸਫ਼ਲ ਬਨਾਉਣ ਲਈ ਧੰਨਵਾਦ ਕੀਤਾ।