ਰਾਤ ਨੂੰ ਘਰ ਅੱਗੇ ਗੋਲੀਆਂ ਚਲਾਉਣ ਵਾਲੇ ਤਿੰਨ ਸਾਥੀ ਅਸਲੇ ਸਮੇਤ ਕਾਬੂ
* 2 ਦੇਸੀ ਕੱਟੇ 315 ਬੋਰ,8 ਐਮ.ਐਮ.ਦਾ ਇੱਕ ਜਿੰਦਾ ਰੌਂਦ ਅਤੇ 2 ਖਾਲੀ ਖੋਲ ਬ੍ਰਾਮਦ
* ਮਾਮਲੇ ‘ਚ 6 ਅਣਪਛਾਤੇ ਵਿਅਕਤੀਆਂ ਤੋਂ ਇਲਾਵਾ 7 ਨਾਮਜ਼ਦ ਵਿਅਕਤੀਆਂ ਦੀ ਗ੍ਰਿਫਤਾਰੀ ਅਜੇ ਬਾਕੀ--ਡੀ.ਐੱਸ.ਪੀ. ਕੁਲਦੀਪ ਸਿੰਘ
ਮਾਲੇਰਕੋਟਲਾ, 18 ਮਈ 2025 - ਸਥਾਨਕ ਸਰਹੰਦੀਗੇਟ ਨੇੜੇ ਸਥਿਤ ਮੁਹੱਲਾ ਬਾਗ ਬਸਤੀ ਵਿਚ 14 ਮਈ ਦੀ ਰਾਤ ਨੂੰ ਸਾਢੇ 10 ਵਜੇ ਦੇ ਕਰੀਬ ਦੇ ਮੁਹੰਮਦ ਸਹਿਬਾਜ਼ ਪੁੱਤਰ ਮੁਹੰਮਦ ਦੀਨ ਦੇ ਘਰ ਬਾਹਰ ਗੋਲੀਆਂ ਚਲਾਉਣ ਦੇ ਦੋਸ਼ ‘ਚ ਜਿਹੜੇ ਇੱਕ ਦਰਜਣ ਤੋਂ ਵੱਧ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਉਨ੍ਹਾਂ ‘ਚੋਂ 3 ਨਾਮਜ਼ਦ ਮੁਲਜ਼ਮਾਂ ਮੁਹੰਮਦ ਕੈਫ, ਮੁਹੰਮਦ ਅਲੀ ਉਰਫ ਭੂੰਡੀ ਅਤੇ ਸ਼ਾਹ ਮੂਨ ਨੂੰ ਸੀ.ਆਈ.ਏ. ਮਾਹੋਰਾਣਾ ਦੇ ਇੰਚਾਰਜ਼ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਲੰਘੀ ਕੱਲ ਸ਼ਾਮ ਗ੍ਰਿਫਤਾਰ ਕਰ ਲਿਆ ਹੈ।ਜਿੰਨ੍ਹਾਂ ਦੇ ਕਬਜ਼ੇ ‘ਚੋਂ ਜ਼ਾਅਲੀ ਅਸਲਾ ਵੀ ਬ੍ਰਾਮਦ ਕੀਤਾ ਗਿਆ ਹੈ।
ਡੀ.ਐੱਸ.ਪੀ. ਮਾਲੇਰਕੋਟਲਾ ਕੁਲਦੀਪ ਸਿੰਘ ਨੇ ਆਪਣੇ ਦਫਤਰ ਵਿਖੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੰਘੇ ਦਿਨੀ ਮੋਟਰਸਾਇਕਲਾਂ ‘ਤੇ ਸਵਾਰ ਹੋ ਕੇ ਆਏ ਕਰੀਬ 15-16 ਵਿਅਕਤੀ ਮੁਹੱਲਾ ਬਾਗ ਬਸਤੀ ‘ਚ ਮੁਹੰਮਦ ਸ਼ਹਿਬਾਜ਼ ਦੇ ਘਰ ਬਾਹਰ ਗੋਲੀਆਂ ਚਲਾ ਕੇ ਫਰਾਰ ਹੋ ਗਏ ਸਨ। ਉਸ ਸਮੇਂ ਮੁਦੱਈ ਮੁਹੰਮਦ ਸਹਿਬਾਜ਼ ਵੱਲੋਂ ਪੁਲਸ ਪਾਸ ਦਰਜ ਕਰਵਾਏ ਗਏ ਬਿਆਨਾਂ ਦੇ ਆਧਾਰ ‘ਤੇ ਪੁਲਸ ਨੇ 10 ਨਾਮਜ਼ਦ ਵਿਅਕਤੀਆਂ ਸਮੇਤ ਕਰੀਬ 16 ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 103 ਦਰਜ ਕੀਤਾ ਗਿਆ ਸੀ।ਮੁਹੰਮਦ ਸਹਿਬਾਜ਼ ਨੇ ਆਪਣੇ ਬਿਆਨਾਂ ‘ਚ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਮੇਰੇ ਉੱਪਰ ਸਿੱਧੀਆਂ ਗੋਲੀਆਂ ਚਲਾਉਣ ਤੋਂ ਇਲਾਵਾ ਸਾਡੇ ਘਰ ਦੇ ਦਰਬਾਜ਼ੇ ‘ਚ ਖੜ੍ਹੀ ਮੇਰੀ ਮਾਤਾ ਵੱਲ ਵੀ ਗੋਲੀ ਚਲਾਈ ਸੀ।ਜਿਸ ਦੌਰਾਨ ਅਸੀਂ ਸਾਰੇ ਪਰਿਵਾਰਕ ਮੈਂਬਰਾਂ ਨੇ ਘਰ ਦੇ ਅੰਦਰ ਵੜ ਕੇ ਆਪਣੀ ਜਾਨ ਬਚਾਈ ਸੀ।
ਡੀ.ਐੱਸ.ਪੀ. ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਕੀਤੀ ਗਈ ਜਾਂਚ ਅਤੇ ਮੁਦੱਈ ਮੁਹੰਮਦ ਸਹਿਬਾਜ਼ ਵੱਲੋਂ ਅੱਜ ਦਰਜ ਕਰਵਾਏ ਗਏ ਤਰਮੀਮਾ ਬਿਆਨ ਦੇ ਆਧਾਰ ‘ਤੇ ਮੁਕੱਦਮੇ ਦੀਆਂ ਧਾਰਾਵਾਂ ‘ਚ ਬੀ.ਐਨ.ਐੱਸ. ਦੀ ਧਾਰਾ 109 (1) ਦਾ ਹੋਰ ਵਾਧਾ ਕਰਦੇ ਹੋਏ ਮਾਮਲੇ ਨੂੰ ਇਰਾਦਾ ਕਤਲ ਦੇ ਮੁਕੱਦਮੇ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਡਿਪਟੀ ਸਾਹਿਬ ਨੇ ਦੱਸਿਆ ਕਿ ਮੁਕੱਦਮੇ ‘ਚ ਸ਼ਾਮਲ ਅਰੋਪੀਆਂ ਦੀ ਗ੍ਰਿਫਤਾਰੀ ਲਈ ਐੱਸ.ਐੱਸ.ਪੀ. ਮਾਲੇਰਕੋਟਲਾ ਗਗਨ ਅਜੀਤ ਸਿੰਘ ਵੱਲੋਂ ਐੱਸ.ਪੀ.ਇਨਵੈਸਟੀਗੇਸ਼ਨ ਸੱਤਪਾਲ ਸ਼ਰਮਾਂ, ਡੀ.ਐਸ.ਪੀ. ਕੁਲਦੀਪ ਸਿੰਘ ਅਤੇ ਸੀ.ਆਈ.ਏ. ਮਾਹੋਰਾਣਾ ਦੇ ਇੰਚਾਰਜ਼ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ।
ਇਸ ਦੌਰਾਨ ਸੀ.ਆਈ.ਏ. ਮਾਹੋਰਾਣਾ ਦੇ ਇੰਚਾਰਜ਼ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਟੀਮ ਦੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਮੁਖਬਰ ਵੱਲੋਂ ਦਿੱਤੀ ਗਈ ਗੁਪਤ ਸੂਚਨਾਂ ਦੇ ਆਧਾਰ ‘ਤੇ ਡਰੇਨ ਪੁਲ ਨੇੜੇ ਛਾਪਾ ਮਾਰਕੇ ਤਿੰਨ ਮੁਲਜ਼ਮਾਂ ਮੁਹੰਮਦ ਕੈਫ ਸ਼ਾਹ ਉਰਫ ਪੋਟੀਆ ਪੁੱਤਰ ਮੁਹੰਮਦ ਸ਼ਾਹ ਵਾਸੀ ਬਾਗ ਬਸਤੀ ਸਰਹੰਦੀਗੇਟ ਮਾਲੇਰਕੋਟਲਾ, ਮੁਹੰਮਦ ਅਲੀ ਉਰਫ ਭੂੰਡੀ ਵਾਲਾ ਪੁੱਤਰ ਆਜ਼ਮ ਖਾਂ ਵਾਸੀ ਛੱਤੀ ਗਲੀ ਨੇੜੇ ਦਰਗਾਹ ਹੈਦਰ ਸ਼ੇਖ ਮਾਲੇਰਕੋਟਲਾ ਅਤੇ ਸ਼ਾਹ ਮੂਨ ਉਰਫ ਮੂਨ ਪੁੱਤਰ ਮੁਹੰਮਦ ਮਹਿਰਾਜ ਵਾਸੀ ਗਰੀਬ ਨਗਰੀ ਨੇੜੇ ਮਦਰੱਸਾ ਮਾਲੇਰਕੋਟਲਾ ਨੂੰ ਗ੍ਰਿਫਤਾਰ ਕਰ ਲਿਆ।
ਜਿੰਨ੍ਹਾਂ ਦੇ ਕਬਜ਼ੇ ‘ਚੋਂ 2 ਦੇਸੀ ਕੱਟੇ 315 ਬੋਰ (ਇੱਕ ਜਿੰਦਾ ਰੌਂਦ 8 ਐਮ.ਐਮ. ਅਤੇ 2 ਖਾਲੀ ਖੋਲ 8 ਐਮ.ਐਮ.) ਬ੍ਰਾਮਦ ਹੋਏ ਹਨ।ਡੀ.ਐੱਸ.ਪੀ. ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਸ਼ਾਮਲ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਜਲਦੀ ਹੀ ਸਾਰੇ ਮੁਲਜ਼ਮ ਪੁਲਸ ਦੀ ਗ੍ਰਿਫਤ ‘ਚ ਹੋਣਗੇ।ਗ੍ਰਿਫਤਾਰ ਕੀਤੇ ਗਏ ਤਿੰਨ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ।ਜਿੰਨ੍ਹਾਂ ਤੋਂ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ 6 ਅਣਪਛਾਤੇ ਵਿਅਕਤੀਆਂ ਤੋਂ ਇਲਾਵਾ ਜਿਹੜੇ 7 ਨਾਮਜ਼ਦ ਵਿਅਕਤੀਆਂ ਦੀ ਗ੍ਰਿਫਤਾਰੀ ਹਾਲੇ ਬਾਕੀ ਰਹਿੰਦੀ ਹੈ ਉਨ੍ਹਾਂ ‘ਚ ਅਨਸ ਅਲੀ ਵਾਸੀ ਨੇੜੇ ਈਦਗਾਹ ਚੂੰਗੀ, ਸਾਹਿਲ ਵਾਧੇ ਵਾਲਾ ਵਾਸੀ ਮੁਹੱਲਾ ਚੋਰ ਮਾਰਾ, ਆਜ਼ਮ ਜੰਗਲੀ ਵਾਸੀ ਜੀਰੂ ਰਹਿਮਾਨੀ ਵਾਲੀ ਗਲੀ, ਸ਼ਾਨ ਵਾਸੀ ਨੇੜੇ ਜਰਗ ਚੌਂਕ, ਤਾਬਿਸ ਕੱਚਾ ਕੋਟ, ਬੋਵਨ ਵਾਸੀ ਜ਼ਾਹਿਦ ਦਾ ਡੇਰਾ ਅਤੇ ਰਾਸ਼ਿਦ ਵਾਸੀ ਮੁਹੱਲਾ ਭੁਮਸੀ ਸ਼ਾਮਲ ਹਨ।ਪੁਲਸ ਨੇ ਇਨ੍ਹਾਂ ਸਾਰਿਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲੈਣ ਦਾ ਦਾਅਵਾ ਕੀਤਾ ਹੈ।