ਪੁਸਤਕ ਸਮੀਖਿਆ/ ਗੁਰਮੀਤ ਸਿੰਘ ਪਲਾਹੀ
‘ਜ਼ਿੰਦਗੀ ਦੇ ਰੰਗ’ ਨਵੇਕਲੇ ਹਨ। ਕਦੇ ਇਹਨਾਂ ਨੂੰ ਫੜਦਿਆਂ ‘ਪਛਤਾਵਾ’ ਹੁੰਦਾ ਹੈ ਤੇ ਕਦੇ ਵਿਅਕਤੀ ਪਿਛਲੇ ਰੰਗ ਭੁਲਾ ਕੇ ‘ਅਗਲਾ ਵਰਕਾ’ ਫੋਲਦਾ ਹੈ, ‘ਸੁਪਨਾ’ ਲੈਂਦਾ ਹੈ, ‘ਸੱਚ ਦੀ ਰੋਸ਼ਨੀ’ 'ਚ ‘ਫ਼ੈਸਲਾ’ ਕਰਦਾ ਹੈ। ਸਮਝਦਾ ਹੈ ‘ਜ਼ਿੰਦਗੀ ਇੱਕ ਕਿਤਾਬ’ ਹੈ, ਕਦੇ ਇਸ 'ਚ ‘ਧੋਖਾ’ ਮਿਲਦਾ ਹੈ, ਕਦੇ ਇਸ 'ਚ ‘ਬਿਖੜੇ ਰਾਹ’ 'ਤੇ ਤੁਰਨਾ ਪੈਂਦਾ ਹੈ। ਮਨੁੱਖ ਦੇ ‘ਅੰਦਰ ਦੀ ਮੈਨਾ’ ‘ਮਰਦੀ ਕੀ ਨਹੀਂ ਕਰਦੀ’, ਨਿਰੰਤਰ ਦੁੱਖ ਸਹਿੰਦੀ ਹੈ।
‘ਮੋਰੀਆਂ ਵਾਲਾ ਕੰਬਲ’ ਉਹਦੇ ਪਿੰਡੇ ਦੀ ਠਾਰ ਮਾਰ ਨਹੀਂ ਸਕਦਾ, ਖ਼ਾਸ ਕਰਕੇ ਉਦੋਂ ਜਦੋਂ ਉਹਦੇ ‘ਅੱਥਰੂਆਂ ਦੇ ਬੋਲ’ ਸੁਣਨ ਵਾਲਾ ਵੀ ਕੋਈ ਨਹੀਂ ਰਹਿੰਦਾ। ‘ਬੇਹੋਸ਼ੀ’ ਦੀ ਹਾਲਤ ਵਿੱਚ ਕਿਹੜਾ ਫ਼ੈਸਲਾ ਲਵੇ, ਸਿਵਾਏ ਇਸ ਤੋਂ ਕਿ ਉਹ ਕਿਉਂ ਨਾ ‘ਛੁੱਟੀਆਂ ਦੀ ਉਡੀਕ’ ਕਰੇ ਤੇ ਆਪਣੀ ਜ਼ਿੰਦਗੀ ਨੂੰ ਸਾਵੀਂ ਬਣਾਉਣ ਲਈ ਨਵੀਂ ਸੋਚ ਨਾਲ ਅੱਗੇ ਵਧਣ ਦਾ ਯਤਨ ਕਰੇ। ਇਹੋ ਜ਼ਿੰਦਗੀ ਦਾ ਯਥਾਰਥ ਹੈ, ਇਹੋ ਜ਼ਿੰਦਗੀ ਦਾ ਸੱਚ ਹੈ ਤੇ ਡਾਕਟਰ ਅਜੀਤ ਸਿੰਘ ਆਪਣੇ ਕਹਾਣੀ ਸੰਗ੍ਰਹਿ 'ਜ਼ਿੰਦਗੀ ਦੇ ਸੱਚ' ਦੀਆਂ 15 ਕਹਾਣੀਆਂ ਵਿੱਚ ਇਹੋ ਆਦਰਸ਼ਕ ਜੀਵਨ ਜਿਊਣ ਦੇ ਨੁਕਤੇ ਪੇਸ਼ ਕਰਦਾ ਹੈ।
ਡਾਕਟਰ ਅਜੀਤ ਸਿੰਘ ਅਨੁਸਾਰ: “ਮੇਰੇ ਕਹਾਣੀ ਲਿਖਣ ਦਾ ਮਕਸਦ ਸੋਹਣੇ ਸਮਾਜ ਦੀ ਸਿਰਜਣਾ ਲਈ ਯਤਨ ਕਰਨਾ ਹੈ।”
ਡਾਕਟਰ ਅਜੀਤ ਸਿੰਘ ਦੀਆਂ ਕਹਾਣੀਆਂ ਵਿੱਚ ਮਨੁੱਖੀ ਜੀਵਨ ਦੇ ਬਦਲਦੇ ਰੰਗ ਹਨ। ਜ਼ਿੰਦਗੀ ਦੇ ਸੱਚ ਨੂੰ ਲਿਖਣਾ ਔਖਾ ਹੈ, ਖ਼ਾਸ ਕਰਕੇ ਉਦੋਂ ਜਦੋਂ ਪਿਆਰ, ਸੰਕਲਪ ਸਿਰਫ਼ ਨਿੱਜੀ ਮਾਪਦੰਡ ਰਹਿ ਗਿਆ ਹੋਵੇ। ਭੋਗੀ ਕਲਚਰ-ਮਾਨਸਿਕਤਾ ਸਮਾਜ ’ਚ ਭਾਰੂ ਹੋਵੇ। ਅੱਜ ਜਦੋਂ ਮਨੁੱਖ ਲਈ ਗੰਭੀਰ ਚੁਣੌਤੀ ਖਪਤਕਾਰ ਬਾਜ਼ਾਰ ਦੇ ਵਿਕਰਾਲ ਪ੍ਰਭਾਵ ਹਨ, ਜਿਸ ਨੂੰ ਮਨੁੱਖ ਸਵੈ-ਇੱਛਤ ਸਵੀਕਾਰ ਕਰ ਰਿਹਾ ਹੈ। ਸਮਾਜ, ਘਰ, ਰਿਸ਼ਤਾ, ਮੋਹ, ਸੁਪਨਾ, ਈਮਾਨ, ਚਰਿੱਤਰ, ਇਨਸਾਨੀਅਤ ਸਭ ਦਾਅ 'ਤੇ ਲੱਗੇ ਹੋਏ ਹਨ। ਸੁਪਨੇ, ਕਾਰ, ਪਿਆਰ, ਰਿਸ਼ਤੇ ਗੁਆਚ ਰਹੇ ਹਨ।
ਡਾਕਟਰ ਅਜੀਤ ਸਿੰਘ ਨੇ ਆਪਣੀਆਂ ਕਹਾਣੀਆਂ ਵਿੱਚ ਸਮਕਾਲੀ ਮਨੁੱਖ ਦੀ ਸੰਵਾਦੀ ਜੱਦੋ-ਜਹਿਦ ਨੂੰ ਸੰਬੋਧਤ ਹੋਣ ਦਾ ਯਤਨ ਕੀਤਾ ਹੈ। ਉਸ ਦੀਆਂ ਕਹਾਣੀਆਂ ਵਿੱਚ ਬੜ੍ਹਕ ਵੀ ਹੈ, ਚੀਕ ਅਤੇ ਹੌਕਾ ਵੀ। ਉਹਦੀ ਕਹਾਣੀ ਮਨੁੱਖ ਦੇ ਸੰਘਰਸ਼ਮਈ ਅਹਿਸਾਸ ਅਤੇ ਨਿਰੰਤਰਤਾ ਦੀ ਬਾਤ ਪਾਉਂਦੀ ਹੈ। ਲੋਕ-ਪੀੜਾ ਬਿਆਨਦੀ ਹੈ, ਸੰਸਕਾਰਾਂ ਦੇ ਆਰ-ਪਾਰ ਵੇਖਦੀ ਦਰਦੀ ਦੀ ਦੇਹਲੀਜ਼ ਵੀ ਟੱਪਦੀ ਹੈ ਅਤੇ ਖ਼ਾਮੋਸ਼ ਚੀਕਾਂ ਦੀ ਰੂਹ ਦੇ ਰਾਜ਼ ਤੱਕ ਪਹੁੰਚਦੀ ਕਿਧਰੇ ਵੀ ਹੰਭਦੀ ਨਹੀਂ, ਨਿਰੰਤਰ ਤੌਰ 'ਤੇ ਤੁਰਦੀ ਹੈ।
“ਦੀਵਾ ਬਲਦਾ ਰਹੇ, ਸੱਚ ਸਲਾਮਤ ਰਹੇ, ਅੰਬਰਾਂ 'ਚ ਤਾਰਾ ਚਮਕਦਾ ਰਹੇ” -ਇਹੋ ਡਾਕਟਰ ਅਜੀਤ ਸਿੰਘ ਦੀਆਂ ਕਹਾਣੀਆਂ ਦੀ ਜੀਵਨ-ਤੋਰ ਹੈ। ਉਹਦੀਆਂ ਕਹਾਣੀਆਂ ਚੁੱਪ ਤੋਂ ਚੁੱਪ ਤੱਕ ਸਫ਼ਰ ਕਰਦੀਆਂ ਹਨ, ਮਾਰੂਥਲ ਦਾ ਸਫ਼ਰ ਵੀ ਬਿਨਾਂ ਪਿਆਸ ਬੁਝਾਇਆਂ ਪੂਰਾ ਕਰਦੀਆਂ ਹਨ।
ਲੇਖਕ ਨਰਿੰਦਰ ਬੋਹਾ ਦੇ ਸ਼ਬਦਾਂ ਵਿੱਚ: “ਪੰਜਾਬੀ ਕਹਾਣੀ ਦੀ ਗੁਣਵੱਤਾ ਵਿੱਚ ਆਪਣੇ ਹਿੱਸੇ ਦਾ ਵਾਧਾ ਕਰਨ ਵਾਲੇ ਇਸ ਸੰਗ੍ਰਹਿ ਦਾ ਸਵਾਗਤ ਹੈ।”
ਡਾਕਟਰ ਅਜੀਤ ਸਿੰਘ ਦਾ ਕਹਾਣੀ ਸੰਗ੍ਰਹਿ ‘ਜ਼ਿੰਦਗੀ ਦੇ ਰੰਗ’ ਦੀ ਪ੍ਰਕਾਸ਼ਨਾ, ਸਾਹਿਬਦੀਪ ਪ੍ਰਕਾਸ਼ਨ ਅੰਮ੍ਰਿਤਸਰ ਨੇ ਕੀਤੀ ਹੈ ਤੇ ਇਸ ਦੀ ਕੀਮਤ 220 ਰੁਪਏ ਹੈ। ਇਸ ਤੋਂ ਪਹਿਲਾਂ ਡਾ. ਅਜੀਤ ਸਿੰਘ ਸਮੇਂ ਦੀ ਮਲ੍ਹੱਮ ਕਹਾਣੀ ਸਗ੍ਰਹਿ ਅਤੇ ਕੰਡਿਆਲੀ ਤਾਰ (ਸ਼ਾਹਮੁਖੀ) ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਜਗਤ ਨੂੰ ਦੇ ਚੁੱਕਾ ਹੈ। ਸੰਪਰਕ ਫੋਨ 9041823318 ।
-ਗੁਰਮੀਤ ਸਿੰਘ ਪਲਾਹੀ
-9815802070

-
ਗੁਰਮੀਤ ਸਿੰਘ ਪਲਾਹੀ, writer
gurmitpalahi@yahoo.com>
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.