ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ-2025 ਦੇ ਸਮਾਗਮਾਂ ਦਾ ਐਲਾਨ
ਪਹਿਲੀ ਨਵੰਬਰ ਨੂੰ ਹੋਵੇਗੀ ਸਾਹਿਤਕ ਤੇ ਸੱਭਿਆਚਾਰਕ ਸਮਾਗਮਾਂ ਦੀ ਸ਼ੁਰੂਆਤ
ਪਟਿਆਲਾ 29 ਅਕਤੂਬਰ 2025- ਪੰਜਾਬ ਸਰਕਾਰ ਦੀ ਅਗਵਾਈ ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਜਾਣ ਵਾਲੇ ਪੰਜਾਬੀ ਮਾਹ-2025 ਦੇ ਸਾਹਿਤਕ ਤੇ ਸੱਭਿਆਚਾਰਕ ਸਮਾਗਮਾਂ ਦੀ ਰੂਪ-ਰੇਖਾ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਪੰਜਾਬੀ ਮਾਹ ਦਾ ਰਾਜ ਪੱਧਰੀ ਉਦਘਾਟਨੀ ਸਮਾਗਮ 1 ਨਵੰਬਰ ਨੂੰ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਕਾਲੀਦਾਸ ਆਡੀਟੋਰੀਅਮ ਵਿਖੇ ਸਵੇਰੇ 10 ਵਜੇ ਸ਼ੁਰੂ ਹੋਵੇਗਾ ਜਿਸ ਵਿੱਚ ਸੂਬੇ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ ਅਤੇ ਸਮਾਗਮ ਦੀ ਪ੍ਰਧਾਨਗੀ ਡਾ. ਸਰਦਾਰਾ ਸਿੰਘ ਜੌਹਲ ਪਦਮ ਭੂਸ਼ਨ ਕਰਨਗੇ। ਸਮਾਗਮ ਦੌਰਾਨ 10 ਨਾਮਵਰ ਲਿਖਾਰੀਆਂ ਨੂੰ 2025 ਦੇ ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਇਸ ਮੌਕੇ ਮਨਰਾਜ ਪਾਤਰ ਸਾਹਿਤਕ ਗਾਇਕੀ ਦੀਆਂ ਵੰਨਗੀਆਂ ਪੇਸ਼ ਕਰੇਗਾ।ਇਸ ਮੌਕੇ ਹਫ਼ਤਾ ਭਰ ਚੱਲਣ ਵਾਲਾ ਪੁਸਤਕ ਮੇਲਾ ਵੀ ਲਗਾਇਆ ਜਾਵੇਗਾ।
ਉਦਘਾਟਨੀ ਸਮਾਰੋਹ ਤੋਂ ਬਾਅਦ 11 ਤੋਂ 13 ਨਵੰਬਰ ਤੱਕ ਤਿੰਨ ਰੋਜ਼ਾ ਰਾਜ ਪੱਧਰੀ ਨਾਟਕ ਮੇਲਾ ਬਠਿੰਡਾ ਵਿਖੇ ਕਰਵਾਇਆ ਜਾਵੇਗਾ। ਜਿਸ ਦੌਰਾਨ ਉੱਚਕੋਟੀ ਦੇ ਨਾਟਕਾਂ ਦੀਆਂ ਪੇਸ਼ਕਾਰੀਆਂ ਹੋਣਗੀਆਂ। 19 ਨਵੰਬਰ ਨੂੰ ਮਾਨਸਾ ਵਿਖੇ ਰਾਜ ਪੱਧਰੀ ਕਵੀ ਦਰਬਾਰ ਕਰਵਾਇਆ ਜਾਵੇਗਾ ਜਿਸ ਵਿੱਚ ਨਾਮਵਰ ਕਵੀ ਸ਼ਮੂਲੀਅਤ ਕਰਨਗੇ। 16 ਨਵੰਬਰ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਰਾਜ ਪੱਧਰੀ ਕਵੀ ਦਰਬਾਰ ਕਰਵਾਇਆ ਜਾਵੇਗਾ ਅਤੇ ਇਸੇ ਸਥਾਨ ’ਤੇ 17 ਤੇ 18 ਨਵੰਬਰ ਨੂੰ ਰਾਜ ਪੱਧਰੀ ਸਾਹਿਤਕ ਗੋਸ਼ਟੀ ਕਰਵਾਈ ਜਾਵੇਗੀ ਜਿਸ ਵਿੱਚ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਬਾਰੇ ਵਿਦਵਾਨਾਂ ਵੱਲੋਂ ਚਿੰਤਨ ਕੀਤਾ ਜਾਵੇਗਾ। 22 ਨਵੰਬਰ ਨੂੰ ਮੋਗਾ ਵਿਖੇ ਰਾਜ ਪੱਧਰੀ ਪੰਜਾਬੀ ਬਾਲ ਸਾਹਿਤ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਵੱਖ-ਵੱਖ ਜ਼ਿਿਲ੍ਹਆਂ ਦੇ ਜੇਤੂ ਬੱਚੇ ਭਾਗ ਲੈਣਗੇ। 24 ਨਵੰਬਰ ਲੁਧਿਆਣਾ ਵਿਖੇ ਰਾਜ ਪੱਧਰੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਵੱਖ-ਵੱਖ ਜ਼ਿਿਲ੍ਹਆਂ ਦੇ ਜੇਤੂ ਵਿਿਦਆਰਥੀ ਹਿੱਸਾ ਲੈਣਗੇ। 28 ਨਵੰਬਰ ਨੂੰ ਵਿਭਾਗ ਦੇ ਮੁੱਖ ਦਫ਼ਤਰ (ਪਟਿਆਲਾ) ਵਿਖੇ ਪੰਜਾਬੀ ਮਾਹ ਦਾ ਵਿਦਾਇਗੀ ਸਮਾਰੋਹ ਹੋਵੇਗੇ ਜਿਸ ਦੌਰਾਨ ਹਿੰਦੀ, ਸੰਸਕ੍ਰਿਤ ਤੇ ਪੰਜਾਬੀ ਦੇ ਸਰਵੋਤਮ ਪੁਸਤਕ ਪੁਰਸਕਾਰ-2025 ਪ੍ਰਦਾਨ ਕੀਤੇ ਜਾਣਗੇ। ਇਸ ਮੌਕੇ ਵੀ ਸਾਹਿਤਕ ਤੇ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਜ਼ਿਿਲ੍ਹਆਂ ’ਚ ਵੀ ਸਾਹਿਤਕ ਤੇ ਸੱਭਿਆਚਾਰਕ ਸਮਾਗਮ ਕਰਵਾਏ ਜਾਣਗੇ ਅਤੇ ਹਰ ਸਮਾਗਮ ਦੌਰਾਨ ਪੁਸਤਕ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਸ. ਜਸਵੰਤ ਸਿੰਘ ਜ਼ਫ਼ਰ ਨੇ ਸਾਹਿਤ ਤੇ ਕਲਾ ਪ੍ਰੇਮੀਆਂ ਨੂੰ ਸਾਰੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਹੈ।