45 ਦਿਨਾਂ 'ਚ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਦੇ ਵਾਅਦੇ 'ਤੇ ਖ਼ਰਾ ਨਹੀਂ ਉਤਰੀ ਮਾਨ ਸਰਕਾਰ- ਸ਼ਰਮਾ
ਚੰਡੀਗੜ੍ਹ, 29 ਅਕਤੂਬਰ 2025- ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ 'ਤੇ ਹੜ੍ਹ ਪੀੜਤ ਲੋਕਾਂ ਅਤੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਦਾ ਗੰਭੀਰ ਦੋਸ਼ ਲਗਾਇਆ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 45 ਦਿਨਾਂ ਵਿੱਚ ਮੁਆਵਜ਼ਾ ਜਾਰੀ ਕਰਨ ਦਾ ਐਲਾਨ ਕਰਕੇ ਸਿਰਫ਼ ਲੋਕਾਂ ਨੂੰ ਭਰਮਿਤ ਕੀਤਾ ਹੈ, ਪਰ ਜਮੀਨੀ ਪੱਧਰ 'ਤੇ ਕੁਝ ਵੀ ਨਹੀਂ ਕੀਤਾ | ਸ਼ਰਮਾ ਨੇ ਕਿਹਾ ਕਿ 12 ਸਤੰਬਰ ਨੂੰ ਮੁੱਖ ਮੰਤਰੀ ਮਾਨ ਨੇ ਸਰਕਾਰੀ ਰਿਹਾਇਸ਼ 'ਤੇ ਇਕ ਉੱਚ ਪੱਧਰੀ ਮੀਟਿੰਗ ਵਿੱਚ ਇਹ ਐਲਾਨ ਕੀਤਾ ਸੀ ਕਿ ਸੂਬੇ ਦੇ ਹੜ੍ਹ ਪੀੜਤ ਕਿਸਾਨਾਂ ਨੂੰ 45 ਦਿਨਾਂ ਵਿੱਚ 20,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ | ਪਰ ਐਲਾਨ ਨੂੰ ਇੱਕ ਮਹੀਨੇ ਤੋਂ ਵੱਧ ਮਤਲਬ 45 ਦਿਨਾਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਬਹੁਤ ਸਾਰੇ ਹੜ੍ਹ ਪ੍ਰਭਾਵਿਤ ਪਰਿਵਾਰ ਅਜੇ ਤੱਕ ਸਰਕਾਰੀ ਮਦਦ ਤੋਂ ਵਾਂਝੇ ਹਨ |
ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਵਾਰ ਵਾਰ ਇਹ ਦਾਅਵਾ ਕੀਤਾ ਕਿ ਉਸਨੇ ਵਿਸ਼ੇਸ਼ ਗਿਰਦਾਵਰੀ ਪੂਰੀ ਕਰ ਲਈ ਹੈ ਤੇ ਰਾਹਤ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇਗੀ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਜ਼ਿਆਦਾਤਰ ਕਿਸਾਨਾਂ ਦੇ ਖਾਤਿਆਂ 'ਚ ਇੱਕ ਪੈਸਾ ਨਹੀਂ ਪਹੁੰਚਿਆ | ਜਿਹੜੇ ਇਲਾਕੇ ਹੜ੍ਹ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਜਿਵੇਂ ਕਿ ਗੁਰਦਾਸਪੁਰ, ਹੁਸ਼ਿਆਰਪੁਰ, ਤਰਨਤਾਰਨ, ਫਿਰੋਜ਼ਪੁਰ ਤੇ ਅੰਮਿ੍ਤਸਰ ਉੱਥੇ ਦੇ ਜ਼ਿਆਦਾਤਰ ਲੋਕ ਅਜੇ ਵੀ ਸਰਕਾਰੀ ਮਦਦ ਦੀ ਉਡੀਕ ਕਰ ਰਹੇ ਹਨ | ਸ਼ਰਮਾ ਨੇ ਟਿੱਪਣੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਹਰ ਵਾਰ ਚੋਣਾਂ ਦੇ ਮੱਦੇਨਜ਼ਰ ਕੈਮਰਿਆਂ ਸਾਹਮਣੇ ਵਾਅਦੇ ਤੇ ਘੋਸ਼ਣਾਵਾਂ ਕਰਦੇ ਹਨ, ਪਰ ਜਿਵੇਂ ਹੀ ਪ੍ਰਚਾਰ ਮੁਕਦਾ ਹੈ, ਉਹ ਆਪਣੇ ਐਲਾਨਾਂ ਨੂੰ ਭੁੱਲ ਜਾਂਦੇ ਹਨ | ਜੇ ਸਰਕਾਰ ਨੇ ਹੜ੍ਹ ਪੀੜਤਾਂ ਨਾਲ ਇਮਾਨਦਾਰੀ ਨਾਲ ਵਤੀਰਾ ਕੀਤਾ ਹੁੰਦਾ ਤਾਂ ਅੱਜ ਲੋਕ ਸੜਕਾਂ 'ਤੇ ਨਾਹ ਹੁੰਦੇ | ਉਨ੍ਹਾਂ ਕਿਹਾ ਕਿ ਹੜ੍ਹ ਕਾਰਨ ਬਰਬਾਦ ਹੋਏ ਕਿਸਾਨਾਂ ਨੂੰ ਖਾਦ, ਬੀਜ, ਮਕਾਨ, ਰੇਤ ਹਟਾਉਣ ਵਾਸਤੇ, ਆਦਿ ਪੈਸਿਆਂ ਦੀ ਸਖ਼ਤ ਲੋੜ ਹੈ |
ਬਹੁਤ ਸਾਰੇ ਘਰ ਹਾਲੇ ਵੀ ਢਹਿ ਗਏ ਹਨ ਅਤੇ ਪੀੜਤ ਪਰਿਵਾਰ ਬਿਨਾਂ ਛੱਤ ਦੇ ਜੀਵਨ ਬਤੀਤ ਕਰ ਰਹੇ ਹਨ | ਪਰ ਮਾਨ ਸਰਕਾਰ ਦੀ ਪ੍ਰਾਥਮਿਕਤਾ ਸਿਰਫ਼ ਸ਼ੋਅਬਾਜ਼ੀ ਰਹੀ ਹੈ, ਜਦਕਿ ਜਨਤਾ ਦੀ ਤਕਲੀਫ਼ਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਤੇ 12000 ਕਰੋੜ ਪੰਜਾਬ ਸਰਕਾਰ ਦੇ ਖਾਤੇ ਚ ਬੋਲਡ ਹੈ, ਪਰ ਪੰਜਾਬ ਸਰਕਾਰ ਇਸ ਰਕਮ ਨੂੰ ਲੋਕਾਂ ਤੱਕ ਪਹੁੰਚਾਉਣ 'ਚ ਗੰਭੀਰ ਲਾਪਰਵਾਹੀ ਕਰ ਰਹੀ ਹੈ | ਇਸ ਨਾਲ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਨਹੀਂ, ਸਿਰਫ਼ ਆਪਣੇ ਚਿਹਰੇ ਦੀ ਚਿੰਤਾ ਕਰ ਰਹੀ ਹੈ | ਭਾਜਪਾ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਤੁਰੰਤ ਪੂਰੇ ਸੂਬੇ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਗਿਰਦਾਵਰੀ ਪੂਰੀ ਕਰੇ ਤੇ ਬਿਨਾਂ ਦੇਰੀ ਦੇ ਕਿਸਾਨਾਂ ਤੇ ਪੀੜਤ ਪਰਿਵਾਰਾਂ ਦੇ ਖਾਤਿਆਂ 'ਚ ਮੁਆਵਜ਼ਾ ਭੇਜੇ | ਸ਼ਰਮਾ ਨੇ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਇਹ ਮਾਮਲਾ ਟਾਲਮਟੋਲ ਨਾਲ ਨਿਪਟਾਰਾ ਕੀਤਾ, ਤਾਂ ਭਾਜਪਾ ਲੋਕਾਂ ਦੇ ਨਾਲ ਮਿਲ ਕੇ ਸੂਬਾ ਪੱਧਰੀ ਅੰਦੋਲਨ ਸ਼ੁਰੂ ਕਰੇਗੀ | ਸ਼ਰਮਾ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਹਮੇਸ਼ਾ ਮੁਸ਼ਕਲ ਸਮਿਆਂ 'ਚ ਪੰਜਾਬ ਲਈ ਖੜ੍ਹਾ ਰਿਹਾ ਹੈ | ਅੱਜ ਜਦੋਂ ਉਹ ਖੁਦ ਮੁਸੀਬਤ ਵਿੱਚ ਹੈ ਤਾਂ ਸਰਕਾਰ ਦਾ ਫਰਜ਼ ਹੈ ਕਿ ਉਹ ਉਸ ਦੇ ਹੱਕ ਦਾ ਪੈਸਾ ਤੁਰੰਤ ਦੇਵੇ | ਪਰ ਮਾਨ ਸਰਕਾਰ ਨੇ ਹਰ ਵਾਰ ਲੋਕਾਂ ਦੇ ਵਿਸ਼ਵਾਸ ਨਾਲ ਖੇਡਿਆ ਹੈ, ਜਿਸ ਦਾ ਖ਼ਮਿਆਜ਼ਾ ਉਸ ਨੂੰ ਤਰਨਤਾਰਨ ਜਿਮਣੀ ਚੋਣ ਵਿਚ ਜ਼ਰੂਰ ਭੁਗਤਣਾ ਪਵੇਗਾ |