ਇਰਾਕ ਵਿੱਚਲੇ ਨਰਕ ਤੋਂ ਘਰ ਵਾਪਸੀ — ਪੰਜਾਬ ਦੀ ਬੇਟੀ ਨੇ ਸੁਣਾਈ ਦਹਿਸ਼ਤ ਭਰੀ ਹਕੀਕਤ
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਯਤਨਾਂ ਨਾਲ ਹੋਈ ਵਾਪਸੀ
ਸਿਰਫ਼ ਇੱਕ ਵਾਰ ਖਾਣਾ, ਡੰਡੇ ਟੁੱਟਣ ਤੱਕ ਕੁੱਟਮਾਰ, 20 ਤੋਂ ਵੱਧ ਕੁੜੀਆਂ ਅਜੇ ਵੀ ਉੱਥੇ ਕੈਦ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 28 ਅਕਤੂਬਰ --- ਖਾੜੀ ਦੇਸ਼ਾਂ ਵਿੱਚ ਪੰਜਾਬੀ ਕੁੜੀਆਂ ਨਾਲ ਹੋ ਰਿਹਾ ਸ਼ੋਸ਼ਣ ਰੁਕਣ ਦਾ ਨਾਮ ਨਹੀਂ ਲੈ ਰਿਹਾ। ਮੋਗਾ ਜ਼ਿਲ੍ਹੇ ਦੀ ਇੱਕ ਬੇਟੀ, ਜੋ ਹਾਲ ਹੀ ਵਿੱਚ ਇਰਾਕ ਦੀ ਦਹਿਸ਼ਤ ਭਰੀ ਜ਼ਿੰਦਗੀ ਵਿੱਚੋਂ ਬਚ ਕੇ ਵਾਪਸ ਪਰਤੀ ਹੈ, ਨੇ ਆਪਣੀ ਰੂਹ ਕੰਬਾਊ ਹੱਡਬੀਤੀ ਬਿਆਨ ਕੀਤੀ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚ ਕੇ ਉਸ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਕੋਸ਼ਿਸ਼ ਨਾਲ ਉਹ ਸੁਰੱਖਿਅਤ ਤਰੀਕੇ ਨਾਲ ਆਪਣੇ ਪਰਿਵਾਰ ਕੋਲ ਵਾਪਸ ਆ ਸਕੀ।
ਪੀੜਤ ਲੜਕੀ ਨੇ ਦੱਸਿਆ ਕਿ ਜਗਰਾਉ ਦੇ ਇੱਕ ਟਰੈਵਲ ਏਜੰਟ ਨੇ ਪੇਂਡੂ ਇਲਾਕਿਆਂ ਵਿੱਚ ਆਪਣਾ ਜਾਲ ਫੈਲਾਇਆ ਹੋਇਆ ਹੈ। ਉਹ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਨੂੰ ਵਿਦੇਸ਼ਾਂ ਵਿੱਚ “ਚੰਗੀ ਨੌਕਰੀ” ਦੇ ਸੁਪਨੇ ਦਿਖਾ ਕੇ ਇਰਾਕ ਭੇਜਦਾ ਹੈ। ਉਸ ਨੇ ਖੁਲਾਸਾ ਕੀਤਾ ਕਿ ਉਸ ਵਰਗੀਆਂ 20 ਤੋਂ 25 ਕੁੜੀਆਂ ਹਾਲੇ ਵੀ ਉੱਥੇ ਫਸੀਆਂ ਹੋਈਆਂ ਹਨ।
ਪੀੜਤਾ ਨੇ ਦੱਸਿਆ ਕਿ ਉਹ 8 ਜਨਵਰੀ 2024 ਨੂੰ ਇਰਾਕ ਲਈ ਰਵਾਨਾ ਹੋਈ ਸੀ। ਪਹਿਲਾਂ ਉਸ ਨੂੰ ਦੁਬਈ ਅਤੇ ਫਿਰ ਇਰਾਕ ਲਿਜਾਇਆ ਗਿਆ। ਟਰੈਵਲ ਏਜੰਟ ਨੇ ਸਿਲਾਈ ਦੇ ਕੰਮ, ਹਫ਼ਤੇ ਦੀ ਛੁੱਟੀ ਅਤੇ ਘਰ ਨਾਲ ਗੱਲ ਕਰਨ ਦੀ ਸਹੂਲਤ ਦਾ ਵਾਅਦਾ ਕੀਤਾ ਸੀ, ਪਰ ਉੱਥੇ ਪਹੁੰਚਣ ‘ਤੇ ਸਭ ਕੁਝ ਉਲਟ ਸੀ।
ਉਸ ਨੂੰ ਸਿਲਾਈ ਦੀ ਥਾਂ ਘਰੇਲੂ ਕੰਮ ‘ਚ ਭੇਜ ਦਿੱਤਾ ਗਿਆ। ਘਰ ਦੇ ਮਾਲਕ ਨੇ ਉਸ ‘ਤੇ ਮਾੜੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ । ਪੀੜਤਾ ਨੇ ਹਿੰਮਤ ਕਰਦਿਆਂ ਉਸ ਦੀ ਵੀਡੀਓ ਬਣਾਈ ਅਤੇ ਪੁਲੀਸ ਨੂੰ ਸ਼ਿਕਾਇਤ ਕੀਤੀ। ਇਸ ਦੇ ਬਾਅਦ ਟਰੈਵਲ ਏਜੰਟ ਅਤੇ ਉਸ ਦੀ ਘਰਵਾਲੀ ਦੀ ਸ਼ਹਿ ‘ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। "ਉਹ ਮੈਨੂੰ ਉਦੋਂ ਤੱਕ ਮਾਰਦੇ ਰਹੇ ਜਦੋਂ ਤੱਕ ਡੰਡਾ ਟੁੱਟ ਨਹੀਂ ਗਿਆ," ਪੀੜਤ ਨੇ ਰੋਂਦਿਆਂ ਦੱਸਿਆ।
ਇਸ ਸਾਰੀ ਜ਼ਿਆਦਤੀ ਦਾ ਉਸ ‘ਤੇ ਇੰਨਾ ਅਸਰ ਹੋਇਆ ਕਿ ਉਹ ਦੋ ਮਹੀਨਿਆਂ ਤੱਕ ਡਿਪਰੈਸ਼ਨ ਵਿੱਚ ਰਹੀ। ਉਸ ਨੇ 10 ਅਗਸਤ 2025 ਨੂੰ ਸੋਸ਼ਲ ਮੀਡੀਆ ਰਾਹੀਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ। ਸੰਤ ਸੀਚੇਵਾਲ ਨੇ ਤੁਰੰਤ ਕਾਰਵਾਈ ਕੀਤੀ ਅਤੇ 28 ਸਤੰਬਰ ਨੂੰ ਉਹ ਸੁਰੱਖਿਅਤ ਤਰੀਕੇ ਨਾਲ ਪੰਜਾਬ ਵਾਪਸ ਆ ਗਈ। ਵਾਪਸੀ ਤੋਂ ਬਾਅਦ ਵੀ ਉਹ ਪੂਰੇ ਮਹੀਨੇ ਤੱਕ ਸਦਮੇ ਵਿੱਚ ਰਹੀ। ਉਸ ਨੇ ਕਿਹਾ ਕਿ ਇਰਾਕ ਵਿੱਚ ਗੁਜ਼ਾਰੇ ਉਹ ਦਿਨ ਕਦੇ ਵੀ ਭੁੱਲੇ ਨਹੀਂ ਜਾ ਸਕਦੇ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਬੇਟੀ ਹਿੰਮਤ ਦੀ ਮਿਸਾਲ ਹੈ, ਜਿਸ ਨੇ ਆਪਣੇ ਹੱਕਾਂ ਲਈ ਖ਼ੁਦ ਲੜਾਈ ਲੜੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਫਸੀਆਂ ਹੋਰ ਕੁੜੀਆਂ ਨੂੰ ਵੀ ਹਿੰਮਤ ਕਰਨੀ ਚਾਹੀਦੀ ਹੈ ਅਤੇ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ। ਕਿਉਂਕਿ ਇਹ ਜਾਲ ਪੇਂਡੂ ਇਲਾਕਿਆਂ ਵਿੱਚ ਖਤਰਨਾਕ ਤਰੀਕੇ ਨਾਲ ਫੈਲ ਚੁੱਕਾ ਹੈ ਅਤੇ ਗਰੀਬ ਪਰਿਵਾਰਾਂ ਦੀਆਂ ਬੇਟੀਆਂ ਨੂੰ ਨਰਕ ਵੱਲ ਧੱਕ ਰਿਹਾ ਹੈ।
ਸੰਤ ਸੀਚੇਵਾਲ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਵਿਦੇਸ਼ੀ ਰੁਜ਼ਗਾਰ ਦੇ ਨਾਮ ‘ਤੇ ਚਲ ਰਹੇ ਅਜਿਹੇ ਟਰੈਵਲ ਰੈਕਟਾਂ ‘ਤੇ ਤੁਰੰਤ ਰੋਕ ਲਗਾਈ ਜਾਵੇ ਕਿਉਂਕਿ ਜਿੰਨੀਆਂ ਵੀ ਲੜਕੀਆਂ ਵਾਪਸ ਆਈਆਂ ਹਨ, ਉਹਨਾਂ ਖੁਲਾਸਾ ਕੀਤਾ ਹੈ ਕਿ ਉੱਥੇ ਹਲੇ ਹੋਰ ਵੀ ਲੜਕੀਆ ਫਸੀਆਂ ਹਨ। ਜਿਸਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਹ ਰੈਕਟ ਕਿਸ ਪੱਧਰ ਤੇ ਸਰਗਰਮ ਹੈ।