ਪ੍ਰਵਾਸੀ ਕਾਮਿਆਂ ਨੂੰ ਪਿਆ ਫਿਕਰ-ਹਜ਼ਾਰਾਂ ਵੀਜ਼ੇ ਖਤਮ ਹੋਣ ਨੇੜੇ
ਕਿਤੇ ਮਤਰੇਈ ਮਾਂ ਵਾਲੀ ਗੱਲ ਨਾ ਹੋ ਜਾਏ
ਨਿਊਜ਼ੀਲੈਂਡ ਦੇ ਬੇਰੁਜ਼ਗਾਰਾਂ ਨੂੰ ਪਹਿਲ ਤੇ ਪੂਰੇ ਮੌਕੇ ਦਿਓ ਨਹੀਂ ਤਾਂ ਕਾਰੋਬਾਰ ਦੀ ਹੋਵੇਗੀ ਮਾਨਤਾ ਰੱਦ-ਮੰਤਰੀ ਸਾਹਿਬਾ
-ਕਈ ਕਾਰੋਬਾਰੀਆਂ ਵੱਲੋਂ ਕਾਮੇ ਰੱਖਣ ਮੌਕੇ ਮੰਤਰਾਲੇ ਨੂੰ ਰੱਖਿਆ ਦੂਰ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 29 ਅਕਤੂਬਰ 2025-ਪ੍ਰਵਾਸੀ ਕਾਮਿਆਂ ਨੂੰ ਨੌਕਰੀ ’ਤੇ ਰੱਖਣ ਵਾਲੇ ਮਾਲਕਾਂ ’ਤੇ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਮੰਤਰੀ ਸਖ਼ਤ ਨਜ਼ਰ ਆ ਰਹੀ ਹੈ। ਇਮੀਗ੍ਰੇਸ਼ਨ ਮੰਤਰੀ ਐਰਿਕਾ ਸਟੈਨਫੋਰਡ ਨੇ ਐਸੋਸੀਏਸ਼ਨ ਫ਼ਾਰ ਮਾਈਗ੍ਰੇਸ਼ਨ ਐਂਡ ਇਨਵੈਸਟਮੈਂਟ ਦੀ ਸਾਲਾਨਾ ਕਾਨਫ਼ਰੰਸ ਵਿੱਚ ਕਿਹਾ ਕਿ ਬਹੁਤ ਸਾਰੇ ਕਾਰੋਬਾਰੀ ਮਾਲਕ ਘੱਟ ਹੁਨਰਮੰਦ ਨੌਕਰੀਆਂ ਭਰਨ ਵੇਲੇ ਮਨਿਸਟਰੀ ਆਫ਼ ਸੋਸ਼ਲ ਡਿਵੈਲਪਮੈਂਟ (ਐੱਮ.ਐੱਸ.ਡੀ.) ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮਾਲਕਾਂ ਲਈ ਇਹ ਠੀਕ ਗੱਲ ਨਹੀਂ ਹੈ ਕਿ ਉਹ ਚੰਗੀ ਭਾਵਨਾ ਨਾਲ ਐੱਮ.ਐੱਸ.ਡੀ. ਨਾਲ ਕੰਮ ਨਾ ਕਰਨ ਅਤੇ ਪਹਿਲਾਂ ਨਿਊਜ਼ੀਲੈਂਡ ਵਾਸੀਆਂ ਨੂੰ ਰੁਜ਼ਗਾਰ ਦੇਣ ਦੀ ਕੋਸ਼ਿਸ਼ ਨਾ ਕਰਨ। ਪਹਿਲਾਂ ਨਿਊਜ਼ੀਲੈਂਡ ਵਾਸੀਆਂ ਨੂੰ ਮਿਲੇ ਮੌਕਾ ਇਸ ਗੱਲ ਉਤੇ ਜ਼ੋਰ ਦਿੱਤਾ ਗਿਆ ਕਿਉਂਕ ਹਜ਼ਾਰਾਂ ਲੋਕ ਬੇਰੁਜ਼ਗਾਰੀ ਭੱਤਾ ਵਸੂਲ ਰਹੇ ਹਨ। ਕਾਰੋਬਾਰੀਆਂ ਵੱਲੋਂ ਸਥਾਨਕ ਕਾਮੇ ਲੱਭਣ ਦੇ ਲਈ ਝੂਠੇ ਯਤਨ ਕਰਨ ’ਤੇ ਉਨ੍ਹਾਂ ਦੀ ਪ੍ਰਵਾਸੀਆਂ ਨੂੰ ਨੌਕਰੀ ’ਤੇ ਰੱਖਣ ਦੀ ਮਾਨਤਾ ਰੱਦ ਹੋ ਸਕਦੀ ਹੈ। ਵਰਨਣਯੋਗ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਵਿਚ ਹਜ਼ਾਰਾਂ ਵੀਜ਼ੇ ਖ਼ਤਮ ਹੋਣ ਨੇੜੇ ਹਨ ਸਥਾਨਕ ਲੋਕਾਂ ਦੀ ਭਰਤੀ ਜ਼ਰੂਰੀ ਬਣ ਸਕਦੀ ਹੈ।
ਜੇਕਰ ਸਰਕਾਰ ਸਖਤ ਹੁੰਦੀ ਹੈ ਤਾਂ ਜਲਦ ਹੀ ਅਜਿਹੇ ਮਾਲਕਾਂ ਦੀ ਪ੍ਰਵਾਸੀ ਕਾਮਿਆਂ ਨੂੰ ਨੌਕਰੀ ’ਤੇ ਰੱਖਣ ਦੀ ਮਾਨਤਾ ਖ਼ਤਮ ਹੋ ਸਕਦੀ ਹੈ, ਜੋ ਪਹਿਲਾਂ ਬੇਰੁਜ਼ਗਾਰ ਨਿਊਜ਼ੀਲੈਂਡ ਵਾਸੀਆਂ ਨੂੰ ਭਰਤੀ ਕਰਨ ਦੇ ਅਸਲ ਯਤਨ ਕਰਨ ਵਿੱਚ ਨਾਕਾਮ ਰਹਿੰਦੇ ਹਨ। ਇਹ ਚੇਤਾਵਨੀ ਉਸ ਸਮੇਂ ਆਈ ਹੈ ਜਦੋਂ ਮਹਾਂਮਾਰੀ ਤੋਂ ਬਾਅਦ ਜਾਰੀ ਕੀਤੇ ਗਏ ਹਜ਼ਾਰਾਂ ਪ੍ਰਵਾਸੀ ਵੀਜ਼ੇ ਆਉਣ ਵਾਲੇ ਮਹੀਨਿਆਂ ਵਿੱਚ ਖ਼ਤਮ ਹੋਣ ਵਾਲੇ ਹਨ।
ਮੰਤਰੀ ਸਟੈਨਫੋਰਡ ਨੇ ਦੱਸਿਆ ਕਿ ‘‘ਛੇ ਵਿੱਚੋਂ ਇੱਕ ਤੋਂ ਵੱਧ ਮਾਲਕਾਂ ਨੇ ਪ੍ਰਵਾਸੀਆਂ ਨੂੰ ਭਰਤੀ ਕਰਨ ਤੋਂ ਪਹਿਲਾਂ ਜਾਂ ਤਾਂ ਐੱਮ.ਐੱਸ.ਡੀ. ਨਾਲ ਸੰਪਰਕ ਨਹੀਂ ਕੀਤਾ ਜਾਂ ਨੌਕਰੀਆਂ ਦੇ ਇਸ਼ਤਿਹਾਰ ਨਹੀਂ ਦਿੱਤੇ। ਉਨ੍ਹਾਂ ਨੋਟ ਕੀਤਾ ਕਿ 2022 ਵਿੱਚ ਮਾਨਤਾ ਪ੍ਰਾਪਤ ਵਰਕ ਵੀਜ਼ੇ ਸ਼ੁਰੂ ਹੋਣ ਤੋਂ ਬਾਅਦ 20,000 ਹੋਰ ਨਿਊਜ਼ੀਲੈਂਡ ਵਾਸੀ ਬੇਰੁਜ਼ਗਾਰ ਹੋ ਗਏ ਹਨ। ਸਭ ਤੋਂ ਪਹਿਲਾਂ ਨਿਊਜ਼ੀਲੈਂਡ ਵਾਸੀਆਂ ਦਾ ਹੱਕ ਬਣਦਾ ਹੈ।’’
ਉਨ੍ਹਾਂ ਹੁਨਰ ਪੱਧਰ 4 ਅਤੇ 5 ਵਿੱਚ ਆਉਂਦੀਆਂ ਨੌਕਰੀਆਂ ਵਾਲੇ ਮਾਲਕਾਂ ’ਤੇ ਜ਼ੋਰ ਦਿੱਤਾ ਕਿ ਉਹ ਵਿਦੇਸ਼ੀ ਕਾਮਿਆਂ ਦੀ ਭਾਲ ਕਰਨ ਤੋਂ ਪਹਿਲਾਂ, ਘਰ ਦੇ ਨੇੜੇ ਵਾਲੇ ਲੋਕਾਂ ਨੂੰ ਦੇਖਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਫ਼ੈਸਲਾ ਪ੍ਰਵਾਸੀਆਂ ਜਾਂ ਉਨ੍ਹਾਂ ਦੇ ਯੋਗਦਾਨ ਨੂੰ ਘਟਾ ਕੇ ਵੇਖਣ ਬਾਰੇ ਨਹੀਂ ਹੈ, ਬਲਕਿ ਇਹ ਯਕੀਨੀ ਬਣਾਉਣ ਬਾਰੇ ਹੈ ਕਿ ਨਿਊਜ਼ੀਲੈਂਡ ਵਾਸੀਆਂ, ਖ਼ਾਸ ਕਰਕੇ ਉਨ੍ਹਾਂ ਨੂੰ ਜੋ ਭੱਤਾ ਲੈਣ ਦੇ ਯੋਗ ਨਹੀਂ ਹਨ, ਨੂੰ ਇਨ੍ਹਾਂ ਨੌਕਰੀਆਂ ਲਈ ਪਹਿਲਾ ਮੌਕਾ ਦਿੱਤਾ ਜਾਵੇ।
ਮਾਨਤਾ ਖ਼ਤਮ ਕਰਨ ਦੀ ਚੇਤਾਵਨੀ ਮੰਤਰੀ ਨੇ ਤਾਜ਼ਾ ਅੰਕੜਿਆਂ ਦਾ ਹਵਾਲਾ ਦਿੱਤਾ ਜਿਸ ਵਿੱਚ ਦਿਖਾਇਆ ਗਿਆ ਕਿ ਮਾਰਚ ਅਤੇ ਜੁਲਾਈ 2025 ਦੇ ਵਿਚਕਾਰ, ਘੱਟ-ਹੁਨਰਮੰਦ ਨੌਕਰੀਆਂ ਲਈ ਲਗਭਗ 17 ਪ੍ਰਤੀਸ਼ਤ ਜੌਬ ਚੈੱਕ ਐੱਮ.ਐੱਸ.ਡੀ. ਨਾਲ ਜੁੜਨ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੇ। ਇਨ੍ਹਾਂ ਵਿੱਚੋਂ, 11 ਪ੍ਰਤੀਸ਼ਤ ਮਾਮਲਿਆਂ ਵਿੱਚ ਮਾਲਕ ਨੇ ਐੱਮ.ਐੱਸ.ਡੀ. ਨਾਲ ਬਿਲਕੁਲ ਵੀ ਸੰਪਰਕ ਨਹੀਂ ਕੀਤਾ। ਪ੍ਰਭਾਵਿਤ ਹੋਣ ਵਾਲੇ ਮੁੱਖ ਉਦਯੋਗਾਂ ਵਿੱਚ ਪਰਚੂਨ, ਪ੍ਰਾਹੁਣਚਾਰੀ, ਉਸਾਰੀ, ਅਤੇ ਸਿਹਤ ਖੇਤਰ ਸ਼ਾਮਲ ਹਨ।
ਮੰਤਰੀ ਸਟੈਨਫੋਰਡ ਨੇ ਕਿਹਾ ਕਿ ਉਨ੍ਹਾਂ ਨੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਮਾਲਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਤਾਂ ਉਹ ਉਨ੍ਹਾਂ ਦੀ ਮਾਨਤਾ ਰੱਦ ਹੋ ਸਕਦੀ ਹੈ।