ਆਤਮ-ਨਿਰਭਰ ਭਾਰਤ ਵਿੱਚ ਹੋਵੇਗੀ ਪੰਜਾਬ ਦੀ ਮਹੱਤਵਪੂਰਨ ਭੂਮਿਕਾ : ਸਤਨਾਮ ਸੰਧੂ
ਪੀਐਚਡੀਸੀਸੀਆਈ ਦੇ ਸਟੂਡੈਂਟ ਆਰਕੀਟੈਕਚਰ ਡਿਜ਼ਾਈਨ ਕੰਪੀਟੀਸ਼ਨ ਵਿੱਚ ਨੌਜਵਾਨਾਂ ਨੂੰ ਕੀਤਾ ਉਤਸ਼ਾਹਿਤ
ਉਦਯੋਗਪਤੀਆਂ ਨੂੰ ਸਵਦੇਸ਼ੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਤਾਂ ਜੋ ਵਧਣ ਰੁਜ਼ਗਾਰ ਦੇ ਮੌਕੇ
ਚੰਡੀਗੜ੍ਹ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ-ਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਪੰਜਾਬ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੋਵੇਗੀ। ਸਾਲ 2047 ਤੱਕ ਪੰਜਾਬ ਨੂੰ ਦੇਸ਼ ਦਾ ਵਿਕਸਤ ਸੂਬਾ ਬਣਾਉਣ ਲਈ ਉੱਦਮੀਆਂ ਨੂੰ ਚਾਹੀਦਾ ਹੈ ਉਹ ਸਵਦੇਸ਼ੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ।
ਉਕਤ ਵਿਚਾਰ ਰਾਜ ਸਭਾ ਮੈਂਬਰ ਅਤੇ ਸਿੱਖਿਆ ਸ਼ਾਸਤਰੀ ਸਤਨਾਮ ਸਿੰਘ ਸੰਧੂ ਨੇ ਅੱਜ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ 11ਵੇਂ ਇੰਸ-ਆਊਟ ਦੇ ਸਮਾਪਤੀ ਸਮਾਰੋਹ ਦੇ ਮੌਕੇ 'ਤੇ ਮੌਜੂਦ ਉੱਦਮੀਆਂ ਅਤੇ ਆਰਕੀਟੈਕਚਰ ਸੈਕਟਰ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਹ ਦੇਸ਼ ਉਦੋਂ ਹੀ ਆਤਮ-ਨਿਰਭਰ ਬਣੇਗਾ ਜਦੋਂ ਪੰਜਾਬ ਪੂਰੀ ਤਰ੍ਹਾਂ ਵਿਕਸਤ ਹੋਵੇਗਾ।
ਪੰਜਾਬ ਵਿੱਚ ਦੇਸ਼ ਦੀ ਅਗਵਾਈ ਕਰਨ ਦੀ ਸਮਰੱਥਾ ਹੈ। ਸੰਧੂ ਨੇ ਸਥਾਪਿਤ ਉਦਯੋਗਪਤੀਆਂ ਨੂੰ ਸੱਦਾ ਦਿੱਤਾ ਕਿ ਉਹ ਸਟਾਰਟਅੱਪ ਨੂੰ ਉਤਸ਼ਾਹਿਤ ਕਰਨ। ਇਸ ਨਾਲ ਸਵਦੇਸ਼ੀ ਉਤਪਾਦਾਂ ਦਾ ਉਤਪਾਦਨ ਵਧੇਗਾ। ਜਿਸ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ। ਸੰਧੂ ਨੇ ਪੀਐਚਡੀਸੀਸੀਆਈ ਪ੍ਰਬੰਧਕਾਂ ਦੀ ਇਸ ਸਮਾਗਮ ਦੇ ਆਯੋਜਨ ਲਈ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਸੰਗਠਨਾਂ ਦੇ ਸਹਿਯੋਗ ਨਾਲ ਸਵਦੇਸ਼ੀ ਉਤਪਾਦ ਮੇਲੇ ਲਗਾਉਣ ਤਾਂ ਜੋ ਆਤਮ-ਨਿਰਭਰ ਅਤੇ ਵਿਕਸਤ ਭਾਰਤ ਵਿੱਚ ਪੰਜਾਬ ਦੀ ਭਾਗੀਦਾਰੀ ਵਧ ਸਕੇ। ਇਸ ਤੋਂ ਪਹਿਲਾਂ, ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪੀਐਚਡੀਸੀਸੀਆਈ ਦੇ ਸੀਈਓ ਅਤੇ ਸਕੱਤਰ ਜਨਰਲ ਰਣਜੀਤ ਨੇ ਕਿਹਾ ਕਿ ਚੈਂਬਰ 120 ਸਾਲ ਪੁਰਾਣਾ ਸੰਗਠਨ ਹੈ ਅਤੇ 25 ਸੂਬਿਆਂ ਵਿੱਚ ਇਸ ਦੀਆਂ ਸ਼ਾਖਾਵਾਂ ਹਨ। ਚੈਂਬਰ ਵੱਲੋਂ ਸਰਕਾਰ ਉਦਯੋਗਾਂ ਵਿਚਕਾਰ ਬ੍ਰਿਜ ਦਾ ਕੰਮ ਕੀਤਾ ਜਾ ਰਿਹਾ ਹੈ।
ਪੀਐਚਡੀਸੀਸੀਆਈ ਚੰਡੀਗੜ੍ਹ ਚੈਪਟਰ ਦੇ ਚੇਅਰ ਮਧੂਸੂਦਨ ਵਿਜ ਨੇ ਕਿਹਾ ਕਿ ਤਿੰਨ ਦਿਨਾਂ ਦੌਰਾਨ ਇੱਥੇ ਇਮਾਰਤ ਨਿਰਮਾਣ ਦੇ ਖੇਤਰ ਵਿੱਚ ਨਵੀਂ ਤਕਨਾਲੋਜੀ ਅਤੇ ਬਦਲਾਅ, ਗ੍ਰੀਨ ਐਨਰਜੀ ਸਮੇਤ ਕਈ ਵਿਸ਼ਿਆਂ 'ਤੇ ਸੈਮੀਨਾਰ ਆਯੋਜਿਤ ਕੀਤਾ ਗਿਆ ਹੈ। ਇਸ ਮੌਕੇ ਸੰਸਦ ਮੈਂਬਰ ਸਤਨਾਮ ਸੰਧੂ ਨੇ ਸਟੂਡੈਂਟ ਆਰਕੀਟੈਕਚਰ ਡਿਜ਼ਾਈਨ ਕੰਪੀਟੀਸ਼ਨ ਆਰਚਸਪਾਇਰ ਦੀ ਪਹਿਲੀ ਜੇਤੂ ਚਿਤਕਾਰਾ ਯੂਨੀਵਰਸਿਟੀ ਦੀ ਟੀਮ ਨੂੰ ਪਹਿਲਾ, ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਨੂੰ ਦੂਜਾ ਅਤੇ ਇੰਡੋ ਗਲੋਬਲ ਕਾਲਜ ਦੀ ਟੀਮ ਨੂੰ ਤੀਜਾ ਪੁਰਸਕਾਰ ਦੇ ਕੇ ਸਨਮਾਨਤ ਕੀਤਾ।
ਪੀਐਚਡੀਸੀਸੀਆਈ ਦੇ ਕੋ-ਚੇਅਰ ਸੁਵਰਤ ਖੰਨਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਪੀਐਚਡੀਸੀਸੀਆਈ ਦੀ ਸੀਨੀਅਰ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਤੋਂ ਇਲਾਵਾ ਕਈ ਪਤਵੰਤੇ ਮੌਜੂਦ ਸਨ।