ਨਸ਼ਾ ਵੇਚਣ ਦੀ ਸ਼ੱਕ ਵਿੱਚ ਅੰਮ੍ਰਿਤਸਰ 'ਚ ਨੌਜਵਾਨ ਦੀ ਨਿਹੰਗਾਂ ਵੱਲੋਂ ਕੁੱਟਮਾਰ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਨਿਹੰਗ ਬਾਬਾ ਗੁਰਦੀਪ ਸਿੰਘ ਦਾ ਦਾਅਵਾ—ਨਸ਼ਾ ਵੇਚਣ ਦੀ ਮਿਲੀ ਸੀ ਸੂਚਨਾ
ਕੁਲਵਿੰਦਰ ਸਿੰਘ
ਅੰਮ੍ਰਿਤਸਰ 6 ਅਕਤੂਬਰ
ਅੰਮ੍ਰਿਤਸਰ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਤਿੰਨ ਨਿਹੰਗ ਸਿੰਘ ਇੱਕ ਨੌਜਵਾਨ ਨੂੰ ਆਪਣੇ ਵਿਚਕਾਰ ਖੜ੍ਹਾ ਕਰਕੇ ਉਸ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਵਾਇਰਲ ਹੋ ਰਹੀ ਕਰੀਬ 20 ਸਕਿੰਟ ਦੀ ਵੀਡੀਓ ਵਿੱਚ ਦੋ ਨਿਹੰਗ ਨੌਜਵਾਨ ਦੇ ਦੋਵੇਂ ਹੱਥ ਫੜ ਕੇ ਖੜ੍ਹੇ ਦਿਖਾਈ ਦੇ ਰਹੇ ਹਨ, ਜਦਕਿ ਤੀਜਾ ਨਿਹੰਗ ਉਸ ਨੂੰ ਡੰਡੇ ਨਾਲ ਮਾਰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਹੱਥ ਫੜ ਕੇ ਖੜ੍ਹੇ ਦੋਵੇਂ ਨਿਹੰਗ ਵੀ ਨੌਜਵਾਨ ਨੂੰ ਥੱਪੜ ਮਾਰਦੇ ਦਿਖਾਈ ਦਿੰਦੇ ਹਨ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਦਸ਼ਮੇਸ਼ ਤਰਨਾ ਦਲ ਦੇ ਨਿਹੰਗ ਬਾਬਾ ਗੁਰਦੀਪ ਸਿੰਘ ਦੇ ਸੋਸ਼ਲ ਮੀਡੀਆ ਪੇਜ ਤੋਂ ਅਪਲੋਡ ਕੀਤੀ ਗਈ ਹੈ। ਵੀਡੀਓ ਨੂੰ ਲੈ ਕੇ ਨਿਹੰਗ ਬਾਬਾ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਜਿਸ ਨੌਜਵਾਨ ਦੀ ਕੁੱਟਮਾਰ ਕੀਤੀ ਗਈ, ਉਸ ਵੱਲੋਂ ਨਸ਼ਾ ਵੇਚਣ ਦੀ ਸੂਚਨਾ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀ ਨਿਹੰਗਾਂ ਨੂੰ ਮਿਲੀ ਸੀ। ਉਨ੍ਹਾਂ ਮੁਤਾਬਕ ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚ ਰਹਿਣ ਵਾਲੇ ਵਿਅਕਤੀ ਨੇ ਗੁਪਤ ਤੌਰ 'ਤੇ ਇਹ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਨਿਹੰਗਾਂ ਵੱਲੋਂ ਨੌਜਵਾਨ ਖ਼ਿਲਾਫ਼ ਕਾਰਵਾਈ ਕੀਤੀ ਗਈ।
ਬਾਬਾ ਗੁਰਦੀਪ ਸਿੰਘ ਨੇ ਦੱਸਿਆ ਕਿ ਵੀਡੀਓ ਅੰਮ੍ਰਿਤਸਰ ਦੇ ਕਿਸੇ ਪਿੰਡ ਦੀ ਹੈ, ਪਰ ਉਨ੍ਹਾਂ ਨੇ ਪਿੰਡ ਦਾ ਨਾਮ ਦੱਸਣ ਤੋਂ ਇਨਕਾਰ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਉਨ੍ਹਾਂ ਨੂੰ ਕਈ ਮਾਮਲਿਆਂ ਸਬੰਧੀ ਗੁਪਤ ਜਾਣਕਾਰੀਆਂ ਦਿੰਦੇ ਹਨ ਅਤੇ ਸੂਚਨਾ ਦੇਣ ਵਾਲਿਆਂ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਦੱਸਿਆ ਕਿ ਦਸ਼ਮੇਸ਼ ਤਰਨਾ ਦਲ ਵੱਲੋਂ ਮੌਜੂਦਾ ਮੁਖੀ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਪਿੰਡ-ਪਿੰਡ ਜਾ ਕੇ ਸੰਗਤ ਅਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲਿਆਂ ਨੂੰ ਸਮਝਾ ਕੇ ਮੁੜ ਆਮ ਜੀਵਨ ਵੱਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਲਾਂਕਿ, ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੇ ਨੌਜਵਾਨ ਦੀ ਪਛਾਣ ਅਤੇ ਉਸ ਵੱਲੋਂ ਨਸ਼ਾ ਵੇਚਣ ਦੇ ਆਰੋਪਾਂ ਦੀ ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ ਹੈ।
- Download Babushahi App
-
-