ਨਾਟਕ ਮਹਾਰਥੀ ਦੇ ਮੰਚਨ ਦੌਰਾਨ ਕਰਨ ਦੇ ਸੰਘਰਸ਼ ਅਤੇ ਦੁਖਦਾਈ ਅੰਤ ਨੇ ਦਰਸ਼ਕ ਕੀਤੇ ਭਾਵੁਕ
ਪ੍ਰਭਾਵਸ਼ਾਲੀ ਸੰਵਾਦਾਂ ਅਤੇ ਅਦਾਕਾਰੀ ’ਤੇ ਗੂੰਜੀਆਂ ਤਾੜੀਆਂ
ਅਸ਼ੋਕ ਵਰਮਾ
ਬਠਿੰਡਾ, 2 ਅਕਤੂਬਰ 2026 : ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਛੇਵੇਂ ਦਿਨ ਦੀ ਰਾਤ ਜੈਪੁਰ ਦੇ ਰੰਗ ਮਸਤਾਨੇ ਗਰੁੱਪ ਵੱਲੋਂ ਵਿਭਾਂਸ਼ੂ ਵੈਭਵ ਵੱਲੋਂ ਲਿਖੇ ਨਾਟਕ ‘ਮਹਾਰਥੀ’ ਦਾ ਮੰਚਣ ਕੀਤਾ ਗਿਆ। ਅਭਿਸ਼ੇਕ ਮੁਦਗਲ ਦੇ ਨਿਰਦੇਸ਼ਨ ਹੇਠ ਪੇਸ਼ ਕੀਤੇ ਇਸ ਨਾਟਕ ਨੇ ਮਹਾਭਾਰਤ ਦੇ ਮਹਾਨ ਯੋਧੇ ਕਰਨ ਦੀ ਕਥਾ ਦੇ ਬਹਾਨੇ ਸਮਾਜਿਕ ਭੇਦਭਾਵ, ਪਛਾਣ, ਸਨਮਾਨ ਅਤੇ ਮਨੁੱਖ ਦੇ ਅੰਦਰ ਚੱਲ ਰਹੇ ਦਵੰਧ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣੇ ਲਿਆਂਦਾ। ਮਹਾਰਥੀ’ ਦੀ ਪਟਕਥਾ ਕਰਨ ਦੇ ਜੀਵਨ ਅਤੇ ਉਸ ਦੇ ਸੰਘਰਸ਼ ਦੇ ਆਲੇ-ਦੁਆਲੇ ਘੁੰਮਦੀ ਹੈ। ਅਸਾਧਾਰਨ ਪ੍ਰਤਿਭਾ ਅਤੇ ਯੁੱਧ ਕਲਾ ਵਿੱਚ ਨਿਪੁੰਨ ਹੋਣ ਦੇ ਬਾਵਜੂਦ ਕਰਨ ਨੂੰ ਉਸ ਦੇ ਜਨਮ ਅਤੇ ਸਮਾਜਿਕ ਪਛਾਣ ਕਾਰਨ ਵਾਰ-ਵਾਰ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਸ ਦੀ ਪ੍ਰਤਿਭਾ ਨਾਲੋਂ ਵੱਧ ਉਸ ਦੇ ਕੁਲ ਨੂੰ ਮਹੱਤਵ ਦਿੱਤਾ ਜਾਂਦਾ ਹੈ। ਇਹੀ ਪੀੜਾ ਉਸ ਦੇ ਵਿਅਕਤੀਤਵ ਵਿੱਚ ਸਵੈਮਾਣ ਅਤੇ ਵਿਦਰੋਹ ਦੀ ਭਾਵਨਾ ਪੈਦਾ ਕਰਦੀ ਹੈ। ਅਜਿਹੇ ਸਮੇਂ ਦੁਰਯੋਧਨ ਉਸ ਨੂੰ ਅੰਗ ਦੇਸ਼ ਦਾ ਰਾਜਾ ਬਣਾ ਕੇ ਸਨਮਾਨ ਦਿੰਦਾ ਹੈ। ਕਰਨ ਇਸ ਉਪਕਾਰ ਨੂੰ ਸਾਰੀ ਉਮਰ ਯਾਦ ਰੱਖਦਾ ਹੈ ਅਤੇ ਦੁਰਯੋਧਨ ਪ੍ਰਤੀ ਆਪਣੀ ਵਫ਼ਾਦਾਰੀ ਨੂੰ ਆਖਰੀ ਪਲ ਤੱਕ ਨਿਭਾਉਂਦਾ ਹੈ। ਨਾਟਕ ਦੀ ਖ਼ੂਬੀ ਇਹ ਰਹੀ ਕਿ ਕਰਨ ਨੂੰ ਸਿਰਫ਼ ਇੱਕ ਯੋਧੇ ਵਜੋਂ ਪੇਸ਼ ਨਹੀਂ ਕੀਤਾ ਗਿਆ, ਸਗੋਂ ਉਸ ਦੇ ਅੰਦਰਲੇ ਉਸ ਮਨੁੱਖ ਨੂੰ ਸਾਹਮਣੇ ਲਿਆਂਦਾ ਗਿਆ, ਜੋ ਸਨਮਾਨ ਹਾਸਲ ਕਰਨ ਲਈ ਲਗਾਤਾਰ ਸੰਘਰਸ਼ ਕਰਦਾ ਹੈ। ਕਰਨ ਦੇ ਸਾਹਮਣੇ ਆਉਣ ਵਾਲੀਆਂ ਨੈਤਿਕ ਦੁਵਿਧਾਵਾਂ, ਰਿਸ਼ਤਿਆਂ ਦੀਆਂ ਉਲਝਣਾਂ ਅਤੇ ਹਾਲਾਤਾਂ ਤੋਂ ਪੈਦਾ ਹੋਣ ਵਾਲੀਆਂ ਮਜਬੂਰੀਆਂ ਨੇ ਮੰਚ ’ਤੇ ਡੂੰਘਾ ਪ੍ਰਭਾਵ ਛੱਡਿਆ। ਨਾਟਕ ਇਹ ਸਵਾਲ ਵੀ ਉਠਾਉਂਦਾ ਹੈ ਕਿ ਵਿਅਕਤੀ ਦੀ ਪਛਾਣ ਉਸ ਦੇ ਜਨਮ ਨਾਲ ਤੈਅ ਹੁੰਦੀ ਹੈ ਜਾਂ ਉਸ ਦੇ ਕਰਮ ਅਤੇ ਪ੍ਰਤਿਭਾ ਨਾਲ।
ਨਾਟਕ ਦੀ ਪੇਸ਼ਕਾਰੀ ਦੌਰਾਨ ਆਡੀਟੋਰੀਅਮ ਵਿੱਚ ਦਰਸ਼ਕਾਂ ਦੀ ਇਕਾਗਰਤਾ ਦੇਖਣਯੋਗ ਸੀ। ਭਾਵੁਕ ਪ੍ਰਸੰਗਾਂ ਦੌਰਾਨ ਨਹੀਂ ਆਡੀਟੋਰੀਅਮ ਵਿੱਚ ਖ਼ਾਮੋਸ਼ੀ ਛਾ ਜਾਂਦੀ, ਜਦਕਿ ਪ੍ਰਭਾਵਸ਼ਾਲੀ ਸੰਵਾਦਾਂ ਅਤੇ ਅਦਾਕਾਰੀ ’ਤੇ ਤਾੜੀਆਂ ਦੀ ਗੂੰਜ ਸੁਣਾਈ ਦਿੰਦੀ। ਕਰਨ ਦੇ ਸੰਘਰਸ਼ ਅਤੇ ਉਸ ਦੇ ਦੁਖਦਾਈ ਅੰਤ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ।
ਨਾਟਕ ਦੀ ਸ਼ੁਰੂਆਤ ਮੁੱਖ ਮਹਿਮਾਨ ਬਠਿੰਡਾ ਨਿਊਰੋਸਪਾਈਨ ਐਂਡ ਟ੍ਰੌਮਾ ਸੈਂਟਰ ਦੇ ਐਮਡੀ ਡਾ. ਰੌਨਿਲ ਕੌਸ਼ਲ ਵੱਲੋਂ ਸ਼ਮਾ ਰੌਸ਼ਨ ਕਰਨ ਨਾਲ ਹੋਈ। ਉਨ੍ਹਾਂ ਦੇ ਨਾਲ ਵੀ.ਆਰ.ਸੀ. ਹੋਟਲ ਦੇ ਸੰਚਾਲਕ ਦਰਸ਼ਨ ਗੁਪਤਾ ਅਤੇ ਪੁਨੀਤ ਬਾਂਸਲ ਵੀ ਮੌਜੂਦ ਸਨ। ਡਾ. ਕੌਸ਼ਲ ਨੇ ਕਿਹਾ ਕਿ ਉਹ ਨਾਟਿਅਮ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਾਟਕ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਇਹ ਇੱਕ ਅਜਿਹੀ ਵਿਧਾ ਹੈ, ਜਿਸ ਵਿੱਚ ਇੱਕ ਮਜਬੂਤ ਵਿਚਾਰ ਹੁੰਦਾ ਹੈ ਅਤੇ ਇਹ ਵਿਚਾਰ ਮਨੁੱਖ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ।ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਆਪਣੇ ਹੁਣ ਤੱਕ 30 ਸਾਲਾਂ ਦੇ ਸੰਘਰਸ਼ ਬਾਰੇ ਦੱਸਦਿਆਂ ਲੋਕਾਂ ਵੱਲੋਂ ਮਿਲ ਰਹੇ ਪਿਆਰ ਅਤੇ ਸਨੇਹ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ ਨੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਦੇ ਬਿਹਤਰੀਨ ਪ੍ਰਬੰਧਾਂ ਲਈ ਫੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ ਦੀ ਵੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਸੀ।ਇਸ ਮੌਕੇ ਨਾਟਿਅਮ ਦੇ ਪ੍ਰਧਾਨ ਸੁਰਿੰਦਰ ਕੌਰ, ਸਰਪ੍ਰਸਤ ਸੁਦਰਸ਼ਨ ਗੁਪਤਾ ਤੋਂ ਇਲਾਵਾ ਮਿੱਤਲ ਗਰੁੱਪ ਦੇ ਐਮਡੀ ਰਾਜਿੰਦਰ ਮਿੱਤਲ, ਡਰੀਮ ਹਾਈਟਸ ਦੇ ਐਮਡੀ ਸੁਨੀਲ ਬਾਂਸਲ, ਸਾਗਾ ਦੇ ਐਮਡੀ ਅਨੀਸ਼ ਗੁਪਤਾ ਆਦਿ ਵੀ ਮੌਜੂਦ ਸਨ।
- Download Babushahi App
-
-