ਮਜ਼ਦੂਰ ਦੀ ਲਾਸ਼ ਦਾ ਜਬਰੀ ਸੰਸਕਾਰ ਕਰਨ ਖਿਲਾਫ ਮਜ਼ਦੂਰਾਂ ਕਿਸਾਨਾਂ ਪੁਤਲਾ ਫੂਕ ਰੋਸ ਮੁਜ਼ਾਹਰਾ
ਅਸ਼ੋਕ ਵਰਮਾ
ਲੰਬੀ ,2 ਅਕਤੂਬਰ 2026 : ਜ਼ਿਲ੍ਹਾ ਸੰਗਰੂਰ ਦੇ ਪਿੰਡ ਕਨੋਈ ਵਿਖੇ ਆਪ ਪਾਰਟੀ ਦੇ ਸਰਪੰਚ ਦੀ ਧੱਕੇਸ਼ਾਹੀ ਦਾ ਸ਼ਿਕਾਰ ਖੁਦਕੁਸ਼ੀ ਕਰ ਗਏ ਨੌਜਵਾਨ ਮਜ਼ਦੂਰ ਦੇ ਮਾਪਿਆਂ ਅਤੇ ਉਹਨਾਂ ਦੇ ਹਮਾਇਤੀਆਂ ਨੂੰ ਪੁਲਿਸ ਵੱਲੋਂ ਜ਼ਬਰਦਸਤੀ ਗਿਰਫ਼ਤਾਰ ਕਰਕੇ ਧੱਕੇ ਨਾਲ ਲਾਸ਼ ਦਾ ਸਸਕਾਰ ਕਰਨ ਤੋਂ ਰੋਹ ਚ ਆਏ ਖੇਤ ਮਜ਼ਦੂਰਾਂ ਤੇ ਕਿਸਾਨਾਂ ਨੇ ਅੱਜ ਪਿੰਡ ਸਿੰਘੇਵਾਲਾ 'ਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਇਸ ਧੱਕੜ ਕਾਰਵਾਈ ਨੂੰ ਨੰਗੀ ਚਿੱਟੀ ਗੁੰਡਾਗਰਦੀ ਕਰਾਰ ਦਿੰਦਿਆਂ ਆਖਿਆ ਕਿ ਪੰਜਾਬ 'ਚ ਜੰਗਲ਼ ਰਾਜ ਚੱਲ ਰਿਹਾ ਹੈ। ਉਹਨਾਂ ਆਖਿਆ ਕਿ ਭਗਵੰਤ ਮਾਨ ਸਰਕਾਰ ਦਲਿਤ ਵਰਗ ਨੂੰ ਲਗਾਤਾਰ ਲੁੱਟਣ , ਕੁੱਟਣ ਤੇ ਜ਼ਲੀਲ ਕਰਨ ਦਾ ਕੁਕਰਮ ਕਰ ਰਹੀ ਹੈ। ਉਹਨਾਂ ਆਖਿਆ ਕਿ ਜੰਗਾਂ ਦੌਰਾਨ ਵੀ ਮਾਰੇ ਗਏ ਵਿਰੋਧੀ ਮੁਲਕ ਦੇ ਫੌਜੀਆਂ ਦੀਆਂ ਲਾਸ਼ਾਂ ਸਬੰਧਤ ਮੁਲਕ ਨੂੰ ਸੌਂਪ ਕੇ ਉਨ੍ਹਾਂ ਦੇ ਵਾਰਸਾਂ ਨੂੰ ਉਹਨਾਂ ਦੀਆਂ ਅੰਤਿਮ ਰਸਮਾਂ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ ਪਰ ਭਗਵੰਤ ਮਾਨ ਸਰਕਾਰ ਨੇ ਇੱਕ ਗਰੀਬ ਤੇ ਦਲਿਤ ਪਰਿਵਾਰ ਤੋਂ ਇਹ ਹੱਕ ਵੀ ਖੋਹ ਲਿਆ ਜੋ ਉਸਦੀ ਮਜਦੂਰ ਵਰਗ ਪ੍ਰਤੀ ਅੰਨੀ ਜਮਾਤੀ ਤੇ ਜਾਤਪਾਤੀ ਨਫ਼ਰਤ ਦਾ ਸਬੂਤ ਹੈ। ਉਹਨਾਂ ਆਖਿਆ ਕਿ ਭਗਵੰਤ ਮਾਨ ਸਰਕਾਰ ਲਗਾਤਾਰ ਮਜ਼ਦੂਰਾਂ ਕਿਸਾਨਾਂ ਮੁਲਾਜ਼ਮਾਂ ਤੇ ਲੋਕਾਂ ਦੇ ਬੁਨਿਆਦੀ ਜਮਹੂਰੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ ਅਤੇ ਆਏ ਦਿਨ ਜਾਬਰ ਪੁਲਿਸ ਮਸ਼ੀਨਰੀ ਦੇ ਦੰਦੇ ਤਿੱਖੇ ਕਰ ਰਹੀ ਹੈ।
ਉਹਨਾਂ ਮੰਗ ਕੀਤੀ ਕਿ ਨੌਜਵਾਨ ਮਜ਼ਦੂਰ ਦਾ ਜਬਰੀ ਸੰਸਕਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਗਿਰਫ਼ਤਾਰ ਕੀਤੇ ਪੀੜਤ ਮਾਪਿਆਂ ਸਮੇਤ ਸਭਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ, ਨੌਜਵਾਨ ਮਜ਼ਦੂਰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਸਰਪੰਚ ਤੇ ਉਸਦੀ ਦੀ ਢਾਣੀ 'ਤੇ ਐਸ ਸੀ ਐਸ ਟੀ ਐਕਟ ਸਮੇਤ ਬਣਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਫੌਰੀ ਗਿਰਫ਼ਤਾਰ ਕੀਤਾ ਜਾਵੇ ਅਤੇ ਮਜ਼ਦੂਰ ਪਰਿਵਾਰ ਨੂੰ ਐਸ ਸੀ ਐਸ ਟੀ ਐਕਟ ਤਹਿਤ ਮਿਲਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਉਹਨਾਂ ਸਮੂਹ ਇਨਸਾਫ਼ ਪਸੰਦ ਲੋਕਾਂ ਤੇ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਜਾਬਰ ਤੇ ਧੱਕੜ ਕਾਰਵਾਈ ਖਿਲਾਫ ਮੈਦਾਨ 'ਚ ਨਿੱਤਰਣ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘ ਤੇ ਦਲਜੀਤ ਸਿੰਘ ਮਿਠੜੀ ਬੁੱਧਗਿਰ ਤੋਂ ਇਲਾਵਾ ਮਜ਼ਦੂਰ ਆਗੂ ਕਾਲਾ ਸਿੰਘ ਸਿੰਘੇਵਾਲਾ ਤੇ ਰਾਮਪਾਲ ਗੱਗੜ ਸਮੇਤ ਵੱਡੀ ਗਿਣਤੀ ਲੋਕ ਮੌਜੂਦ ਸਨ।
- Download Babushahi App
-
-