Mohali Breaking- ਸਾਈਂ ਮਾਜਰਾ 'ਚ ਦੁਕਾਨਾਂ ਢਾਹੁਣ ਦਾ ਮਾਮਲਾ! MP ਕੰਗ ਨੇ ਗਮਾਡਾ ਨੂੰ ਦੱਸਿਆ 'ਲੁੱਟ ਦਾ ਕੇਂਦਰ', ਮੁੱਖ ਮੰਤਰੀ ਤੋਂ ਕੀਤੀ ਕਾਰਵਾਈ ਦੀ ਮੰਗ (ਵੇਖੋ ਵੀਡੀਓ)
Ravi Jakhu
ਮੋਹਾਲੀ, 26 ਅਗਸਤ 2026- ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਬੀਤੇ ਦਿਨੀਂ ਮੋਹਾਲੀ ਦੇ ਨਜ਼ਦੀਕੀ ਪਿੰਡ ਸਾਈਂ ਮਾਜਰਾ ਵਿਖੇ ਕੀਤੀ ਗਈ ਤੋੜ-ਫੋੜ ਦੀ ਕਾਰਵਾਈ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਗਮਾਡਾ ਵੱਲੋਂ ਦੁਕਾਨਦਾਰਾਂ ਦੀਆਂ ਦੁਕਾਨਾਂ ਢਾਹੇ ਜਾਣ ਤੋਂ ਬਾਅਦ ਪ੍ਰਭਾਵਿਤ ਦੁਕਾਨਦਾਰਾਂ ਨੇ ਸਰਕਾਰ ਅਤੇ ਗਮਾਡਾ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਅਤੇ ਦੁਕਾਨਦਾਰਾਂ ਦਾ ਦਰਦ ਵੰਡਾਉਣ ਲਈ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਖ਼ੁਦ ਮੌਕੇ 'ਤੇ ਪਹੁੰਚੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਐਮ.ਪੀ. ਮਾਲਵਿੰਦਰ ਸਿੰਘ ਕੰਗ ਨੇ ਗਮਾਡਾ ਪ੍ਰਸ਼ਾਸਨ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਹਨਾਂ ਗਮਾਡਾ ਨੂੰ ਸਿੱਧੇ ਤੌਰ 'ਤੇ 'ਲੁੱਟ ਦਾ ਕੇਂਦਰ' ਕਰਾਰ ਦਿੰਦਿਆਂ ਆਖਿਆ ਕਿ ਅਥਾਰਟੀ ਵਿੱਚ ਭ੍ਰਿਸ਼ਟਾਚਾਰ ਚਰਮ ਸੀਮਾ 'ਤੇ ਪਹੁੰਚ ਚੁੱਕਾ ਹੈ। ਕੰਗ ਨੇ ਖੁਲਾਸਾ ਕੀਤਾ ਕਿ ਜਦੋਂ ਬੀਤੇ ਦਿਨ ਲੋਕਾਂ ਦੇ ਫੋਨ ਆਉਣ ਤੋਂ ਬਾਅਦ ਉਹਨਾਂ ਨੇ ਗਮਾਡਾ ਦੇ ਚੀਫ਼ ਨਾਲ ਗੱਲ ਕੀਤੀ, ਤਾਂ ਉਹਨਾਂ ਨੂੰ ਸਪੱਸ਼ਟ ਆਖਿਆ ਸੀ ਕਿ ਜੇਕਰ ਕਾਰਵਾਈ ਕਰਨੀ ਹੈ ਤਾਂ ਸਾਰੀਆਂ ਸਾਰੀਆਂ ਦੁਕਾਨਾਂ 'ਤੇ ਬਰਾਬਰ ਕੀਤੀ ਜਾਵੇ, ਜਾਂ ਫਿਰ ਕਿਸੇ ਦੀ ਵੀ ਦੁਕਾਨ ਨਾ ਤੋੜੀ ਜਾਵੇ। ਪ੍ਰੰਤੂ ਗਮਾਡਾ ਅਧਿਕਾਰੀਆਂ ਨੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਦਾ ਬਹਾਨਾ ਬਣਾ ਕੇ ਗਰੀਬਾਂ ਦੀਆਂ ਦੁਕਾਨਾਂ 'ਤੇ ਪੀਲਾ ਪੰਜਾ ਚਲਾ ਦਿੱਤਾ।
ਐਮ.ਪੀ. ਕੰਗ ਨੇ ਭ੍ਰਿਸ਼ਟ ਅਫ਼ਸਰਸ਼ਾਹੀ ਦੀ ਪੋਲ ਖੋਲ੍ਹਦਿਆਂ ਦੋਸ਼ ਲਗਾਇਆ ਕਿ ਗਮਾਡਾ ਦੇ ਅਧਿਕਾਰੀ ਰਿਸ਼ਵਤ ਲੈ ਕੇ ਰਸੂਖਦਾਰਾਂ ਦੀਆਂ ਦੁਕਾਨਾਂ ਛੱਡ ਦਿੰਦੇ ਹਨ, ਜਦੋਂ ਕਿ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਵਾਲੇ ਗਰੀਬ ਦਿਹਾੜੀਦਾਰਾਂ ਅਤੇ ਛੋਟੇ ਦੁਕਾਨਦਾਰਾਂ 'ਤੇ ਬਿਨਾਂ ਵਜ੍ਹਾ ਕਾਰਵਾਈ ਕਰ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਬੀਤੀ ਰਾਤ 11 ਵਜੇ ਵੀ ਉਹਨਾਂ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਰਿਸ਼ੀ ਨਾਲ ਸਖ਼ਤ ਲਹਿਜੇ ਵਿੱਚ ਗੱਲਬਾਤ ਕੀਤੀ ਅਤੇ ਸਾਫ਼ ਸ਼ਬਦਾਂ ਵਿੱਚ ਤਾੜਨਾ ਕੀਤੀ ਕਿ ਅਫ਼ਸਰਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਕੰਮ ਕਰਨਾ ਪਵੇਗਾ।
ਮੀਡੀਆ ਦੇ ਮਾਧਿਅਮ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ MP ਮਾਲਵਿੰਦਰ ਕੰਗ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਆਮ ਲੋਕਾਂ ਦੀ ਭਲਾਈ ਲਈ ਇਤਿਹਾਸਕ ਅਤੇ ਬਿਹਤਰ ਕੰਮ ਕਰ ਰਹੀ ਹੈ, ਪਰ ਦੂਜੇ ਪਾਸੇ ਗਮਾਡਾ ਵਰਗੇ ਅਦਾਰਿਆਂ ਵਿੱਚ ਬੈਠੇ ਭ੍ਰਿਸ਼ਟ ਅਫ਼ਸਰ ਸਰਕਾਰ ਦੇ ਅਕਸ ਨੂੰ ਢਾਹ ਲਾ ਰਹੇ ਹਨ। ਉਹਨਾਂ ਮੰਗ ਕੀਤੀ ਕਿ ਗਮਾਡਾ ਵਿੱਚ ਲੰਮੇ ਸਮੇਂ ਤੋਂ ਜੰਮੇ ਕਲੇਰੀਕਲ ਅਮਲੇ ਅਤੇ ਭ੍ਰਿਸ਼ਟ ਅਧਿਕਾਰੀਆਂ ਤੁਰੰਤ ਤਬਾਦਲੇ ਕੀਤੇ ਜਾਣ। ਕੰਗ ਨੇ ਐਲਾਨ ਕੀਤਾ ਕਿ ਧੱਕੇਸ਼ਾਹੀ ਦੇ ਖ਼ਿਲਾਫ਼ ਅਤੇ ਗਰੀਬ ਦੁਕਾਨਦਾਰਾਂ ਦੇ ਹੱਕ ਵਿੱਚ ਜਲਦ ਹੀ ਗਮਾਡਾ ਦੇ ਦਫ਼ਤਰ ਦਾ ਵਿਸ਼ਾਲ ਘਿਰਾਓ ਕੀਤਾ ਜਾਵੇਗਾ।
- Download Babushahi App
-
-