ਆਕਸਫੋਰਡ ਸਕੂਲ ਭਗਤਾ ਭਾਈ ਵਿਖੇ ਵਿਦਿਆਰਥੀਆਂ ਨੇ ਰੱਖੜੀ ਦਾ ਤਿਉਹਾਰ ਮਨਾਇਆ
ਅਸ਼ੋਕ ਵਰਮਾ
ਭਗਤਾ ਭਾਈ, 27 ਅਗਸਤ 2026 :‘ਦਾ ਆਕਸਫ਼ੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ’ ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ ਜਿਸ ਵਿੱਚ ਹਰ ਖਾਸ ਤਿੱਥ-ਤਿਉਹਾਰ ਨੂੰ ਬੜੀ ਖੁਸ਼ੀ ਅਤੇ ਉਮੰਗ ਨਾਲ ਮਨਾਇਆ ਜਾਂਦਾ ਹੈ।ਭਾਵੇਂ ਕੋਈ ਧਾਰਮਿਕ ਦਿਵਸ ਹੋਵੇ ਅਤੇ ਭਾਵੇਂ ਕੋਈ ਸਮਾਜਿਕ ਦਿਵਸ, ਇਸ ਸੰਸਥਾ ਦੇ ਵਿਦਿਆਰਥੀ ਸੰਬਧਿਤ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ।
ਇਸ ਸਕੂਲ ਵਿੱਚ ਭੈਣ-ਭਰਾ ਦੇ ਪਵਿੱਤਰ ਬੰਧਨ ਦਾ ਤਿਉਹਾਰ ‘ਰੱਖੜੀ’ ਵੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਦੌਰਾਨ ਸਕੂਲ ਦੀਆਂ ਲੜਕੀਆਂ ਵੱਲੋਂ ਆਪਣੇ ਹੱਥੀਂ ਰੱਖੜੀਆਂ ਤਿਆਰ ਕੀਤੀਆਂ ਗਈਆਂ।
ਰੱਖੜੀਆਂ ਵਿੱਚ ਉਨ੍ਹਾਂ ਨੇ ਬੜੇ ਹੀ ਆਕਰਸ਼ਿਤ ਡਿਜ਼ਾਇਨ ਤਿਆਰ ਕਰਕੇ ਬਜ਼ਾਰੀ (ਰੇਡੀਮੇਡ) ਰੱਖੜੀਆਂ ਨੂੰ ਵੀ ਮਾਤ ਪਾ ਦਿੱਤੀ।ਵੱਖ-ਵੱਖ ਅਕਾਰਾਂ ਅਤੇ ਡਿਜ਼ਾਇਨਾਂ ਦੀਆਂ ਇਨ੍ਹਾਂ ਰੱਖੜੀਆਂ ਨੂੰ ਭੈਣਾਂ (ਵਿਦਿਆਰਥਣਾਂ) ਨੇ ਆਪਣੇ ਵਿਦਿਆਰਥੀ ਭਰਾਵਾਂ ਦੇ ਗੁੱਟ ਤੇ ਵੀ ਸਜਾਇਆ।
ਇਸ ਦੇ ਨਾਲ-ਨਾਲ ਲੜਕਿਆਂ ਵੱਲੋਂ ਵੀ ਭੈਣਾਂ ਲਈ ਹੱਥੀਂ ਗਿਫ਼ਟ ਬਾਕਸ ਤਿਆਰ ਕੀਤੇ ਗਏ।ਇਹ ਗਿਫ਼ਟ ਬਾਕਸ ਵੀ ਦੇਖਣੇ ਹੀ ਬਣਦੇ ਸਨ।ਇਸ ਤਰ੍ਹਾਂ ਵਿਦਿਆਰਥੀਆਂ ਨੇ ਰੱਖੜੀ ਅਤੇ ਗਿਫ਼ਟ ਬਾਕਸ ਦਾ ਅਦਾਨ-ਪ੍ਰਦਾਨ ਕਰਕੇ ਇਸ ਪਵਿੱਤਰ ਬੰਧਨ ਦਾ, ਭੈਣ-ਭਰਾ ਦੇ ਆਤਮਿਕ ਪਿਆਰ ਦਾ ਪ੍ਰਗਟਾਵਾ ਕੀਤਾ।ਇਸ ਸਮੇਂ ਤਿਆਰ ਕੀਤੀਆਂ ਗਈਆਂ ਰੱਖੜੀਆਂ, ਰੱਖੜੀ-ਥਾਲੀ ਅਤੇ ਗਿਫ਼ਟ ਬਾਕਸਾਂ ਦੀ ਨੁਮਾਇਸ਼ ਵੀ ਲਗਾਈ ਗਈ।ਜਿਸ ਨੂੰ ਮਾਪਿਆਂ ਵੱਲੋਂ ਉਤਸ਼ਾਹ ਪੂਰਵਕ ਹੁੰਗਾਰਾ ਮਿਲਿਆ।
ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਕਿਹਾ ਕਿ ਅਜਿਹੇ ਤਿੱਥ-ਤਿਉਹਾਰ ਸਾਡੇ ਜੀਵਨ ਵਿੱਚ ਰੰਗੀਨੀ ਭਰਦੇ ਹਨ, ਹੁਲਾਸ ਪੈਦਾ ਕਰਦੇ ਹਨ ਅਤੇ ਨਵੀਆਂ ਉਮੰਗਾਂ ਜਗਾਉਦੇ ਹਨ।ਇਸ ਲਈ ਸਾਨੂੰ ਇਨ੍ਹਾਂ ਤਿਉਹਾਰਾਂ ਨੂੰ ਬੜੀ ਪਵਿੱਤਰਤਾ, ਸ਼ਰਧਾ ਨਾਲ ਮਨਾਉਣਾ ਚਾਹੀਦਾ ਹੈ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ) ,ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਵੀ ਸਾਰੇ ਵਿਦਿਆਰਥੀਆਂ ਨੂੰ ਰੱਖੜੀ ਦਿਵਸ ਦੀ ਵਧਾਈ ਦਿੱਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਤਿਉਹਾਰ ਸਾਡਾ ਵਿਰਸਾ ਹਨ।ਸਾਨੂੰ ਇਨ੍ਹਾਂ ਨੂੰ ਬੜੀ ਸੰਜੀਦਗੀ ਨਾਲ ਮਨਾਉਂਦੇ ਹੋਏ, ਇਸ ਵਿਰਸੇ ਰੂਪੀ ਤਿਉਹਾਰਾਂ ਦੀ ਸੰਭਾਲ ਕਰਨੀ ਚਾਹੀਦੀ ਹੈ।
- Download Babushahi App
-
-