ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਮੰਚ ਪੰਜਾਬ ਦੇ ਸੱਦੇ ਤੇ ਵਿਸ਼ਾਲ ਧਰਨਾ, ਮੰਗਾਂ ਨਾ ਮੰਨਣ ਦੀ ਸੂਰਤ 'ਚ ਭਗਵੰਤ ਮਾਨ ਸਰਕਾਰ ਦਾ ਤਖਤਾ ਪਲਟਣ ਦਾ ਸੱਦਾ
Ravi Jakhu
ਲੁਧਿਆਣਾ 27 ਅਗਸਤ 2026
ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਮੰਚ ਪੰਜਾਬ ਦੇ ਸੱਦੇ 'ਤੇ ਅੱਜ ਸਮੂਹ ਮੁਲਾਜਮ ਅਤੇ ਪੈਨਸ਼ਨਰਜ਼ ਸਾਂਝੀ ਕਮੇਟੀ ਲੁਧਿਆਣਾ ਵੱਲੋਂ ਸਰਕਾਰ ਵਿਰੋਧੀ ਮਹਾਂ ਸੰਗਰਾਮ ਨੂੰ ਸਫਲ ਬਣਾਉਣ ਲਈ ਡੀਸੀ ਦਫਤਰ ਵਿਖੇ ਜਿਲਾ ਪੱਧਰੀ ਵਿਸ਼ਾਲ ਧਰਨਾ ਦਿੱਤਾ ਗਿਆ। ਵਿਸ਼ਾਲ ਧਰਨੇ ਚ ਵਹੀਰਾ ਘੱਤ ਕੇ ਪੁੱਜੇ ਮੁਲਾਜਮਾਂ ਤੇ ਪੈਨਸ਼ਨਰਜ਼ ਦੇ ਜੋਸ਼ ਨੇ ਅੱਜ ਦੇ ਪੰਜਾਬ ਬੰਦ ਦੀ ਸਫਲਤਾ ਤੇ ਮੋਹਰ ਲਗਾਈ। ਧਰਨੇ ਨੂੰ ਸੰਬੋਧਨ ਕਰਦਿਆਂ ਸਾਰੇ ਵਿਭਾਗਾਂ ਦੇ ਆਗੂਆਂ ਨੇ ਸਰਕਾਰ ਨੂੰ ਸਖਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆ ਗਈਆਂ ਤਾਂ ਆਮ ਆਦਮੀ ਪਾਰਟੀ ਨੂੰ ਸਬਕ ਸਿਖਾ ਦਿਆਂਗੇ। ਮੁਲਾਜਮ ਆਗੂਆਂ ਨੇ ਮੰਗਾਂ ਨਾ ਮੰਨਣ ਦੀ ਸੂਰਤ 'ਚ ਭਗਵੰਤ ਮਾਨ ਸਰਕਾਰ ਦਾ ਤਖਤਾ ਪਲਟਣ ਦਾ ਸੱਦਾ ਦਿੱਤਾ ਜਿਸਨੂੰ ਸਾਰੇ ਹਾਜਰ ਮੁਲਾਜਮਾਂ ਨੇ ਜੈਕਾਰਿਆਂ ਦੀ ਗੂੰਜ 'ਚ ਪ੍ਰਵਾਨ ਚੜਾਉਣ ਦਾ ਸਕੰਲਪ ਕੀਤਾ। ਆਗੂਆਂ ਨੇ ਮੁਲਾਜਮ ਮੰਗਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਮੁਲਾਜ਼ਮਾਂ ਦੀਆਂ ਪ੍ਰਮੁੱਖ ਮੰਗਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, 17-07-2020 ਦਾ ਪੱਤਰ ਰੱਦ ਕਰਕੇ ਪੰਜਾਬ ਦਾ ਛੇਵਾਂ ਤਨਖ਼ਾਹ ਕਮਿਸ਼ਨ ਲਾਗੂ ਕਰਨਾ, 35400 ਸਕੇਲ ਲਾਗੂ ਕਰਵਾਉਣ, ਬਕਾਇਆ ਡੀ.ਏ. ਦੀਆਂ ਕਿਸ਼ਤਾਂ ਅਤੇ ਏਰੀਅਰ ਜਾਰੀ ਕਰਨਾ, ਏ.ਸੀ.ਪੀ. ਸਕੀਮ ਅਧੀਨ 4-9-14 ਸਾਲਾ ਸੇਵਾ ਲਾਭ ਦੇਣਾ, ਪ੍ਰੋਬੇਸ਼ਨ ਸਮਾਂ ਇੱਕ ਸਾਲ ਕਰਕੇ ਪੂਰੀ ਤਨਖ਼ਾਹ ਅਤੇ ਭੱਤੇ ਦੇਣਾ, ਆਊਟਸੋਰਸ ਅਤੇ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨਾ ਅਤੇ ਤਰਸ ਦੇ ਆਧਾਰ ’ਤੇ ਭਰਤੀ ਮੁਲਾਜ਼ਮਾਂ ਤੋਂ ਟਾਈਪ ਟੈਸਟ ਦੀ ਸ਼ਰਤ ਖ਼ਤਮ ਕਰਨਾ ਤੇ ਬਣਦੇ ਸਕੇਲ ਦੇਣ ਸਮੇਤ ਹੋਰ ਲੰਬਿਤ ਮੰਗਾਂ ਸ਼ਾਮਲ ਹਨ। ਆਗੂਆਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨਾਲ ਜਲੰਧਰ ਵਿਖੇ ਹੋ ਰਹੀ ਮੀਟਿੰਗ ਬੇਸਿੱਟਾ ਰਹੀ ਤਾਂ ਜਲਦ ਹੋਰ ਤਿੱਖੇ ਸੰਘਰਸ਼ ਦਾ ਪ੍ਰੋਗਰਾਮ ਜਲਦ ਦਿੱਤਾ ਜਾਵੇਗਾ। ਆਗੂਆਂ ਨੇ ਮਾਸ ਲੀਵ ਭਰਕੇ ਸੰਘਰਸ਼ ਵਿੱਚ ਕੁੱਦੇ ਸਾਰੇ ਮੁਲਾਜਮਾਂ ਦਾ ਧੰਨਵਾਦ ਵੀ ਕੀਤਾ।
- Download Babushahi App
-
-