ਕਿਸਾਨ ਧਿਰਾਂ ਦੀ ਘੁਰਕੀ ਮਗਰੋਂ ਪੰਜਾਬ ਸਰਕਾਰ ਨੇ 17 ਅਗਸਤ ਤੋਂ ਡਰੋਨ ਸਰਵੇਖਣ 'ਤੇ ਲਾਈ ਰੋਕ
ਸੀਨੀਅਰ ਟਾਊਨ ਪਲਾਨਰ ਵੱਲੋਂ ਰਾਤ ਨੂੰ ਡ੍ਰੋਨ ਉਡਾਨ ਸਬੰਧੀ ਅਫਵਾਹ ਤੋਂ ਲੋਕ ਸੁਚੇਤ ਰਹਿਣ ਦੀ ਅਪੀਲ
ਅਸ਼ੋਕ ਵਰਮਾ
ਬਠਿੰਡਾ, 27 ਅਗਸਤ :ਰਾਤ ਨੂੰ ਡਰੋਨ ਉਡਾ ਕੇ ਸਰਵੇ ਕਰਨ ਦੀਆਂ ਅਫਵਾਹਾਂ ਤੋਂ ਲੋਕ ਸੁਚੇਤ ਰਹਿਣ। ਟਾਊਨ ਪਲਾਨਿੰਗ ਵਿਭਾਗ ਬਠਿੰਡਾ ਵੱਲੋਂ 17 ਅਗਸਤ ਤੋਂ ਡ੍ਰੋਨ ਸਰਵੇਖਣ ਰੋਕ ਦਿੱਤਾ ਗਿਆ ਹੈ। ਮੌੜ ਖੇਤਰ ਵਿੱਚ ਟਾਊਨ ਪਲਾਨਿੰਗ ਵਿਭਾਗ ਵੱਲੋਂ ਮੌੜ ਦਾ ਮਾਸਟਰ ਪਲਾਨ ਤਿਆਰ ਕਰਨ ਲਈ ਵਰਤੋਂ ਵਿੱਚ ਲਿਆਏ ਜਾ ਰਹੇ ਡ੍ਰੋਨ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਟਾਊਨ ਪਲੈਨਰ ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਵੇਲੇ ਕਿਸੇ ਵੀ ਡ੍ਰੋਨ ਦੀਆਂ ਸੇਵਾਵਾਂ ਸਰਵੇਖਣ ਲਈ ਨਹੀਂ ਲਈਆਂ ਜਾ ਰਹੀਆਂ।
ਉਨ੍ਹਾਂ ਦੱਸਿਆ ਕਿ 17 ਅਗਸਤ 2026 ਦੇ ਘਟਨਾਕ੍ਰਮ ਤੋਂ ਬਆਦ ਕੰਪਨੀ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਕਦੇ ਵੀ ਕਿਸੇ ਵੀ ਖੇਤਰ ਵਿਚ ਨਾ ਦਿਨ ਸਮੇਂ ਨਾ ਰਾਤ ਸਮੇਂ ਡਰੋਨ ਉਡਾਇਆ ਗਿਆ ਹੈ। ਮਾਸਟਰ ਪਲੈਨ ਦੀ ਤਿਆਰੀ ਹਿੱਤ ਡਰੋਨ ਰਾਹੀਂ ਸਰਵੇ ਨੂੰ ਲੈ ਕੇ ਆ ਰਹੀਆਂ ਚਰਚਾਵਾਂ ਅਤੇ ਦਿੱਕਤਾਂ ਬਾਰੇ ਸਰਕਾਰ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਇਸ ਤੇ ਬਦਲਵੇ ਵਿਕਲਪ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਰੋਨ ਸਰਵੇ ਬਾਰੇ ਸਰਕਾਰ ਦੇ ਆਦੇਸ਼ਾਂ ਅਨੁਸਾਰ ਅਤੇ ਲੋਕ ਜਥੇਬੰਦੀਆਂ ਦੇ ਸਹਿਯੋਗ ਨਾਲ ਇਸ ਦਾ ਜਲਦੀ ਹੀ ਹੱਲ ਕੱਢ ਲਿਆ ਜਾਵੇਗਾ। ਆਮ ਜਨਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਬੰਧੀ ਕਿਸੇ ਵੀ ਅਫਵਾਹ' ਤੇ ਯਕੀਨ ਨਾ ਕਰਨ।
- Download Babushahi App
-
-