ਨੈੱਟਬਾਲ ਮਾਨਤਾ ਵਿਵਾਦ : ਐਡਵੋਕੇਟ ਨਵਰਾਜ ਸਿੰਘ ਨੇ ਖਿਡਾਰੀਆਂ ਤੇ ਮਾਪਿਆਂ ਨੂੰ ਕੀਤਾ ਸਾਵਧਾਨ
ਅਸ਼ੋਕ ਵਰਮਾ
ਬਰਨਾਲਾ, 27 ਅਗਸਤ 2026:ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਨਵਰਾਜ ਸਿੰਘ ਚਾਹਲ ਨੇ 'ਨੈੱਟਬਾਲ ਐਸੋਸੀਏਸ਼ਨ ਪੰਜਾਬ' ਨਾਂ ਦੀ ਸੰਸਥਾ ਦੀ ਮਾਨਤਾ ਅਤੇ ਅਧਿਕਾਰਤਾ ਸਬੰਧੀ ਗੰਭੀਰ ਸਵਾਲ ਉਠਾਉਂਦਿਆਂ ਖਿਡਾਰੀਆਂ ਤੇ ਮਾਪਿਆਂ ਨੂੰ ਸਾਵਧਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਮਾਮਲਾ ਪੰਜਾਬ ਦੇ ਖਿਡਾਰੀਆਂ ਦੇ ਭਵਿੱਖ, ਖੇਡ ਸਰਟੀਫਿਕੇਟਾਂ ਦੀ ਵੈਧਤਾ ਅਤੇ ਸਰਕਾਰੀ ਖੇਡ ਪ੍ਰਣਾਲੀ ਨਾਲ ਸੰਬੰਧਿਤ ਹੋਣ ਕਰਕੇ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਐਡਵੋਕੇਟ ਨਵਰਾਜ ਸਿੰਘ ਮਾਹਲ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਪੰਜਾਬ ਵਿੱਚ ਨੈੱਟਬਾਲ ਖੇਡ ਨਾਲ ਜੁੜੇ ਖਿਡਾਰੀਆਂ, ਮਾਪਿਆਂ, ਸਕੂਲਾਂ, ਕਾਲਜਾਂ ਅਤੇ ਖੇਡ ਪ੍ਰਮੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਨੈੱਟਬਾਲ ਟੂਰਨਾਮੈਂਟ, ਚੈਂਪੀਅਨਸ਼ਿਪ ਜਾਂ ਸਰਟੀਫਿਕੇਟ ਨਾਲ ਸਬੰਧਤ ਗਤੀਵਿਧੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸੰਬੰਧਿਤ ਖੇਡ ਸੰਸਥਾ ਦੀ ਸਰਕਾਰੀ ਮਾਨਤਾ ਦੀ ਪੁਸ਼ਟੀ ਜ਼ਰੂਰ ਕੀਤੀ ਜਾਵੇ।
-ਕੀ ਕਹਿਣਾ ਹੈ ਖੇਡ ਵਿਭਾਗ ਦਾ-
ਐਡਵੋਕੇਟ ਮਾਹਲ ਨੇ ਦੱਸਿਆ ਕਿ ਡਾਇਰੈਕਟੋਰੇਟ ਆਫ਼ ਸਪੋਰਟਸ, ਪੰਜਾਬ ਵੱਲੋਂ ਪੱਤਰ ਨੰਬਰ Sports-Scheme Branch(1)-DA11-2026/8793 ਮਿਤੀ 03.08.2026 ਰਾਹੀਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਸੰਬੰਧਿਤ ਐਸੋਸੀਏਸ਼ਨ ਵੱਲੋਂ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਵਿਭਾਗ ਦੀ ਕੋਈ ਭੂਮਿਕਾ ਨਹੀਂ ਹੈ ਅਤੇ ਉਨ੍ਹਾਂ ਟੂਰਨਾਮੈਂਟਾਂ ਲਈ ਵਿਭਾਗ ਵੱਲੋਂ ਕਿਸੇ ਖਿਡਾਰੀ ਦੀ ਚੋਣ ਨਹੀਂ ਕੀਤੀ ਗਈ। ਸੋ ਖਿਡਾਰੀ ਸਮਰੱਥ ਸਰਕਾਰੀ ਅਥਾਰਟੀ ਤੋਂ ਲਿਖਤੀ ਤੌਰ ’ਤੇ ਤਸਦੀਕ ਕਰਨ ਤੋਂ ਬਾਅਦ ਹੀ ਕਿਸੇ ਗਤੀਵਿਧੀ ਵਿੱਚ ਭਾਗ ਲੈਣ।
ਮਾਮਲਾ ਹਾਈ ਕੋਰਟ ਵਿੱਚ ਵਿਚਾਰ ਅਧੀਨ
ਵਕੀਲ ਮਾਹਲ ਵੱਲੋਂ ਪੇਸ਼ ਤੱਥ ਮੁਤਾਬਕ CWP-24929-2026, “Netball Promotion Association v. Union of India & Others” ਨਾਮਕ ਰਿੱਟ ਪਟੀਸ਼ਨ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵਿਖੇ ਵਿਚਾਰ ਅਧੀਨ ਹੈ।ਐਡਵੋਕੇਟ ਨਵਰਾਜ ਸਿੰਘ ਮਾਹਲ ਨੇ ਦੱਸਿਆ ਕਿ ਮਿਤੀ 25.08.2026 ਨੂੰ ਡਿਪਟੀ ਕਮਿਸ਼ਨਰ, ਬਰਨਾਲਾ; ਜ਼ਿਲ੍ਹਾ ਖੇਡ ਅਫ਼ਸਰ, ਬਰਨਾਲਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ/ਐਲੀਮੈਂਟਰੀ), ਬਰਨਾਲਾ ਨੂੰ ਵਿਸਤ੍ਰਿਤ ਕਾਨੂੰਨੀ ਨੋਟਿਸ-ਕਮ-ਸ਼ਿਕਾਇਤ ਭੇਜੀ ਗਈ ਹੈ। ਮੰਗ ਕੀਤੀ ਗਈ ਹੈ ਕਿ ਖੇਡ ਸੰਸਥਾ ਦੀ ਮਾਨਤਾ ਦੀ ਸਰਕਾਰੀ ਤੌਰ ’ਤੇ ਪੁਸ਼ਟੀ ਕਰਨ ਲਈ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਜਾਣ।ਸਰਕਾਰੀ ਅਤੇ ਹੋਰ ਜਨਤਕ ਖੇਡ ਬੁਨਿਆਦੀ ਢਾਂਚੇ ਦੀ ਵਰਤੋਂ ਸਿਰਫ਼ ਅਧਿਕਾਰਤ ਅਤੇ ਮਾਨਤਾ ਪ੍ਰਾਪਤ ਸੰਸਥਾਵਾਂ ਵੱਲੋਂ ਨਿਯਮਾਂ ਅਨੁਸਾਰ ਹੀ ਕੀਤੀ ਜਾਵੇ।ਅਖੀਰ 'ਚ ਐਡਵੋਕੇਟ ਨਵਰਾਜ ਮਾਹਲ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਮਕਸਦ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਨਿਸ਼ਾਨਾ ਬਣਾਉਣਾ ਨਹੀਂ, ਸਗੋਂ ਖਿਡਾਰੀਆਂ ਦੇ ਹਿੱਤਾਂ ਦੀ ਰੱਖਿਆ ਅਤੇ ਖੇਡ ਪ੍ਰਣਾਲੀ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣਾ ਹੈ। ਉਨ੍ਹਾਂ ਖਿਡਾਰੀਆਂ ਦੇ ਨਾਲ ਹੀ ਖੇਡ ਪ੍ਰਮੋਟਰਾਂ ਨੂੰ ਵੀ ਉਪਰੋਕਤ ਸਬੰਧੀ ਸੁਚੇਤ ਰਹਿਣ ਦੀ ਅਪੀਲ ਕੀਤੀ।
- Download Babushahi App
-
-