ਸਫ਼ਾਈ ਕਾਮਿਆਂ ਦੇ ਧਰਨੇ 'ਚ ਪਹੁੰਚ ਕੇ ਲਾਲਪੁਰਾ ਨੇ ਪੰਜਾਬ ਸਰਕਾਰ ਨੂੰ ਮੰਗਾਂ ਮੰਨਣ ਦੀ ਕੀਤੀ ਅਪੀਲ
ਸਫ਼ਾਈ ਕਾਮੇ ਸਮਾਜ ਦੀ ਰੀੜ੍ਹ ਦੀ ਹੱਡੀ, ਉਨ੍ਹਾਂ ਦੀ ਆਵਾਜ਼ ਨੂੰ ਦਬਾਉਣਾ ਲੋਕਤੰਤਰ ਲਈ ਘਾਤਕ: ਅਜੈਵੀਰ ਸਿੰਘ ਲਾਲਪੁਰਾ
ਮੌਜੂਦਾ ਵਿਧਾਇਕ ਨੂੰ ਰੋਪੜ ਦੀ ਗੰਦਗੀ, ਕਾਮਿਆਂ ਦੀਆਂ ਮੰਗਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੀ ਕੋਈ ਪਰਵਾਹ ਨਹੀਂ-ਲਾਲਪੁਰਾ
ਮਨਪ੍ਰੀਤ ਸਿੰਘ
ਰੂਪਨਗਰ, 28 ਜੁਲਾਈ:
ਭਾਰਤੀ ਜਨਤਾ ਪਾਰਟੀ ਦੇ ਰੂਪਨਗਰ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਅੱਜ ਸੂਬੇ ਭਰ ਵਿੱਚ ਲੰਮੇ ਸਮੇਂ ਤੋਂ ਚੱਲ ਰਹੀ ਸਫ਼ਾਈ ਕਾਮਿਆਂ ਦੀ ਹੜਤਾਲ ਦੇ ਸਮਰਥਨ ਵਿੱਚ ਰੂਪਨਗਰ ਵਿਖੇ ਧਰਨੇ 'ਤੇ ਬੈਠੇ ਸਫ਼ਾਈ ਕਾਮਿਆਂ ਦੇ ਵਿਚ ਪਹੁੰਚੇ। ਉਨ੍ਹਾਂ ਨੇ ਆਪਣੇ ਹੱਕਾਂ ਲਈ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਸਫ਼ਾਈ ਕਾਮਿਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਅਤੇ ਆਪਣੇ ਵੱਲੋਂ ਨਿਮਾਣੀ ਜਿਹੀ ਸੇਵਾ ਵਜੋਂ ਧਰਨੇ 'ਤੇ ਮੌਜੂਦ ਵੀਰਾਂ ਅਤੇ ਭੈਣਾਂ ਨੂੰ ਕੇਲਿਆਂ ਦੀ ਸੇਵਾ ਅਰਪਿਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਸਫ਼ਾਈ ਕਾਮੇ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹਨ। ਇਹ ਉਹ ਲੋਕ ਹਨ ਜੋ ਹਰ ਰੋਜ਼ ਸਵੇਰ ਤੋਂ ਪਹਿਲਾਂ ਉੱਠ ਕੇ ਸਾਡੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਨੂੰ ਸਾਫ਼-ਸੁਥਰਾ ਰੱਖਣ ਲਈ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ। ਅੱਜ ਜਦੋਂ ਇਹੀ ਮਿਹਨਤੀ ਲੋਕ ਆਪਣੇ ਹੱਕਾਂ ਲਈ ਸੜਕਾਂ 'ਤੇ ਬੈਠਣ ਲਈ ਮਜਬੂਰ ਹੋ ਜਾਣ ਤਾਂ ਇਹ ਸਰਕਾਰ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਰਨੇ 'ਤੇ ਬੈਠੇ ਸਫ਼ਾਈ ਕਾਮਿਆਂ ਦੇ ਚਿਹਰਿਆਂ 'ਤੇ ਥਕਾਵਟ ਤਾਂ ਸਪੱਸ਼ਟ ਨਜ਼ਰ ਆ ਰਹੀ ਸੀ, ਪਰ ਆਪਣੇ ਹੱਕਾਂ ਲਈ ਲੜਨ ਦਾ ਜਜ਼ਬਾ ਅਤੇ ਇਨਸਾਫ਼ ਮਿਲਣ ਦੀ ਉਮੀਦ ਪਹਿਲਾਂ ਨਾਲੋਂ ਵੀ ਵੱਧ ਮਜ਼ਬੂਤ ਸੀ। ਇਹ ਦ੍ਰਿਸ਼ ਹਰ ਸੰਵੇਦਨਸ਼ੀਲ ਇਨਸਾਨ ਦੇ ਦਿਲ ਨੂੰ ਝੰਜੋੜ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦਾ ਤਕਾਜ਼ਾ ਹੈ ਕਿ ਅਜਿਹੇ ਔਖੇ ਸਮੇਂ ਵਿੱਚ ਸਮਾਜ ਦੇ ਹਰ ਵਰਗ ਨੂੰ ਇਨ੍ਹਾਂ ਕਿਰਤੀਆਂ ਦੇ ਨਾਲ ਖੜ੍ਹਨਾ ਚਾਹੀਦਾ ਹੈ। ਲਾਲਪੁਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣਾ ਅੜੀਅਲ ਰਵੱਈਆ ਛੱਡ ਕੇ ਸਫ਼ਾਈ ਕਾਮਿਆਂ ਦੀਆਂ ਜਾਇਜ਼ ਮੰਗਾਂ ਨੂੰ ਹਮਦਰਦੀ ਅਤੇ ਗੰਭੀਰਤਾ ਨਾਲ ਸੁਣਿਆ ਜਾਵੇ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਕਿਸੇ ਵੀ ਸਮੱਸਿਆ ਦਾ ਹੱਲ ਸੰਵਾਦ ਰਾਹੀਂ ਨਿਕਲਦਾ ਹੈ, ਟਕਰਾਅ ਰਾਹੀਂ ਨਹੀਂ। ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਸਫ਼ਾਈ ਕਾਮਿਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਦਾ ਸਨਮਾਨਪੂਰਵਕ ਅਤੇ ਸਥਾਈ ਹੱਲ ਕੱਢੇ। ਲਾਲਪੁਰਾ ਨੇ ਕਿਹਾ ਕਿ ਮੌਜੂਦਾ ਵਿਧਾਇਕ ਨੂੰ ਸ਼ਹਿਰ ਵਿੱਚ ਫੈਲੀ ਗੰਦਗੀ, ਕਾਮਿਆਂ ਦੀਆਂ ਮੰਗਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੁੱਝ ਲੈਣਾ ਦੇਣਾ ਨਹੀਂ, ਉਹ ਸਿਰਫ ਡੰਗ ਟਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਸੋਚ ਸਮਝ ਕੇ ਆਪਣੇ ਨੁਮਾਇੰਦੇ ਚੁਣਨ। ਉਨ੍ਹਾਂ ਸਰਕਾਰ ‘ਤੇ ਤੰਜ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਤਾਂ ਕੇਵਲ ਅਹੁਦੇ ਤੱਕ ਸੀਮਤ ਹੈ ਅਸਲ ਮਾਅਨੇ ਵਿਚ ਪੰਜਾਬ ਨੂੰ ਕੇਜਰੀਵਾਲ ਚਲਾ ਰਿਹਾ ਹੈ, ਉਹ ਅਖੀਰਲੇ ਸਮੇਂ ਵਿੱਚ ਪੰਜਾਬ ਦਾ ਬੇੜਾਗ਼ਰਕ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਹੁਣ ਵੀ ਸਫ਼ਾਈ ਕਾਮਿਆਂ ਦੀ ਆਵਾਜ਼ ਨੂੰ ਅਣਸੁਣਿਆ ਕੀਤਾ ਜਾਂ ਉਨ੍ਹਾਂ ਦੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਤਾਂ ਭਾਰਤੀ ਜਨਤਾ ਪਾਰਟੀ ਸੂਬੇ ਭਰ ਵਿੱਚ ਸਫ਼ਾਈ ਕਾਮਿਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੋਵੇਗੀ ਅਤੇ ਉਨ੍ਹਾਂ ਦੇ ਹੱਕਾਂ ਦੀ ਲੜਾਈ ਨੂੰ ਹੋਰ ਮਜ਼ਬੂਤੀ ਨਾਲ ਲੜੇਗੀ। ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਇਨਸਾਨੀਅਤ ਸਭ ਤੋਂ ਵੱਡੀ ਸੇਵਾ ਹੈ। ਜੋ ਲੋਕ ਹਰ ਰੋਜ਼ ਸਾਡੀ ਸਿਹਤ, ਸਫ਼ਾਈ ਅਤੇ ਸਾਫ਼-ਸੁਥਰੇ ਵਾਤਾਵਰਨ ਲਈ ਆਪਣਾ ਯੋਗਦਾਨ ਪਾਉਂਦੇ ਹਨ, ਉਨ੍ਹਾਂ ਦੇ ਸੰਘਰਸ਼ ਦੇ ਸਮੇਂ ਉਨ੍ਹਾਂ ਦਾ ਸਾਥ ਦੇਣਾ ਸਾਡਾ ਨੈਤਿਕ ਅਤੇ ਸਮਾਜਿਕ ਫ਼ਰਜ਼ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਪੰਜਾਬ ਸਰਕਾਰ ਜਲਦੀ ਹੀ ਸਕਾਰਾਤਮਕ ਕਦਮ ਚੁੱਕਦਿਆਂ ਸਫ਼ਾਈ ਕਾਮਿਆਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕਰੇਗੀ, ਤਾਂ ਜੋ ਉਹ ਮੁੜ ਆਪਣੇ ਫ਼ਰਜ਼ ਨਿਭਾਉਂਦੇ ਹੋਏ ਆਮ ਲੋਕਾਂ ਦੀ ਸੇਵਾ ਕਰ ਸਕਣ।
- Download Babushahi App
-
-