ਮਾਊਂਟ ਐਵਰੈਸਟ ਫਤਹਿ ਕਰਕੇ ਅਜੇਪਾਲ ਸਿੰਘ ਧਾਲੀਵਾਲ ਨੇ ਸਿੱਖ ਕੌਮ ਦਾ ਨਾਮ ਸੰਸਾਰ ਭਰ ਵਿੱਚ ਰੌਸ਼ਨ ਕੀਤਾ : ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 3 ਜੂਨ,
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਕੈਨੇਡਾ ਦੇ ਨਾਗਰਿਕ ਸਿੱਖ ਨੌਜਵਾਨ ਸਰਦਾਰ ਅਜੇਪਾਲ ਸਿੰਘ ਧਾਲੀਵਾਲ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਸਰ ਕਰਕੇ ਨਾ ਸਿਰਫ਼ ਆਪਣਾ ਸੁਪਨਾ ਸਾਕਾਰ ਕੀਤਾ ਹੈ, ਸਗੋਂ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆਂ ਦਾ ਮਾਣ ਵੀ ਸੰਸਾਰ ਭਰ ਵਿੱਚ ਰੋਸ਼ਨ ਕੀਤਾ ।
ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਸਰਦਾਰ ਅਜੇਪਾਲ ਸਿੰਘ ਧਾਲੀਵਾਲ ਨੂੰ ਸਨਮਾਨਿਤ ਕਰਦਿਆਂ ਸਰਦਾਰ ਕਾਲਕਾ ਨੇ ਕਿਹਾ ਕਿ ਮਾਊਂਟ ਐਵਰੈਸਟ ਵਰਗੀ ਮੁਸ਼ਕਲ ਅਤੇ ਚੁਣੌਤੀਪੂਰਨ ਚੋਟੀ ਨੂੰ ਫਤਹਿ ਕਰਨਾ ਅਸਾਧਾਰਣ ਹਿੰਮਤ, ਦ੍ਰਿੜ ਇਰਾਦੇ ਅਤੇ ਲਗਾਤਾਰ ਮਿਹਨਤ ਦੀ ਮਿਸਾਲ ਹੈ।
ਉਨ੍ਹਾਂ ਦੱਸਿਆ ਕਿ ਸਰਦਾਰ ਅਜੇਪਾਲ ਸਿੰਘ ਧਾਲੀਵਾਲ ਨੇ ਪਿਛਲੇ ਸਾਲ ਵੀ ਇਸ ਮੁਹਿੰਮ ਲਈ ਯਤਨ ਕੀਤਾ ਸੀ, ਪਰ ਇਸ ਵਾਰ ਉਨ੍ਹਾਂ ਨੇ ਆਪਣੇ ਅਟੱਲ ਵਿਸ਼ਵਾਸ ਅਤੇ ਮਜ਼ਬੂਤ ਇਰਾਦਿਆਂ ਸਦਕਾ ਸਫ਼ਲਤਾ ਹਾਸਲ ਕੀਤੀ। ਉਨਾਂ ਦਸਿਆ ਕਿ 13 ਅਪ੍ਰੈਲ ਤੋਂ 20 ਮਈ ਤੱਕ ਲਗਭਗ 37 ਦਿਨਾਂ ਦੇ ਲੰਬੇ ਅਤੇ ਔਖੇ ਸਫ਼ਰ ਦੌਰਾਨ ਉਨ੍ਹਾਂ ਨੇ ਲਗਾਤਾਰ ਟਰੈਕਿੰਗ ਕਰਦੇ ਹੋਏ ਮਾਊਂਟ ਐਵਰੈਸਟ ਦੀ ਚੋਟੀ ਤੱਕ ਪਹੁੰਚਣ ਦਾ ਮਾਣ ਹਾਸਲ ਕੀਤਾ।
ਸਰਦਾਰ ਕਾਲਕਾ ਨੇ ਕਿਹਾ ਕਿ ਐਵਰੈਸਟ ਦੀ ਚੋਟੀ 'ਤੇ ਪਹੁੰਚ ਕੇ ਸਰਦਾਰ ਧਾਲੀਵਾਲ ਨੇ ਭਾਰਤ ਅਤੇ ਕੈਨੇਡਾ ਦੇ ਰਾਸ਼ਟਰੀ ਝੰਡੇ ਲਹਿਰਾਉਣ ਦੇ ਨਾਲ-ਨਾਲ ਗੁਰਬਾਣੀ ਦਾ ਪਾਵਨ ਉਚਾਰਨ ਵੀ ਕੀਤਾ, ਜੋ ਹਰ ਸਿੱਖ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਸਿਰਫ਼ ਇੱਕ ਵਿਅਕਤੀ ਦੀ ਨਹੀਂ, ਸਗੋਂ ਪੂਰੇ ਸਿੱਖ ਭਾਈਚਾਰੇ ਲਈ ਮਾਣ ਦਾ ਪਲ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਅਜੇਪਾਲ ਸਿੰਘ ਧਾਲੀਵਾਲ ਵਰਗੇ ਨੌਜਵਾਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਦੀ ਮਿਹਨਤ, ਲਗਨ ਅਤੇ ਹੌਸਲਾ ਨੌਜਵਾਨਾਂ ਨੂੰ ਆਪਣੇ ਟੀਚਿਆਂ ਪ੍ਰਤੀ ਸਮਰਪਿਤ ਰਹਿਣ ਅਤੇ ਦੇਸ਼, ਕੌਮ ਅਤੇ ਸਮਾਜ ਦਾ ਨਾਮ ਰੌਸ਼ਨ ਕਰਨ ਲਈ ਉਤਸ਼ਾਹਿਤ ਕਰਦਾ ਹੈ।
ਉਨ੍ਹਾਂ ਸਰਦਾਰ ਅਜੇਪਾਲ ਸਿੰਘ ਧਾਲੀਵਾਲ ਨੂੰ ਇਸ ਇਤਿਹਾਸਕ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਸ਼ਖ਼ਸੀਅਤਾਂ ਸਮਾਜ ਵਿੱਚ ਸਕਾਰਾਤਮਕ ਸੋਚ, ਆਤਮ-ਵਿਸ਼ਵਾਸ ਅਤੇ ਉੱਚੇ ਸੁਪਨੇ ਦੇਖਣ ਦੀ ਪ੍ਰੇਰਣਾ ਪੈਦਾ ਕਰਦੀਆਂ ਹਨ।
- Download Babushahi App
-
-