ਜਗਰਾਉਂ: ਤਿੰਨ ਦਿਨਾਂ 'ਚ 145 ਉਮੀਦਵਾਰਾਂ ਨੇ ਲਈ NOC, ਨਾਮਜ਼ਦਗੀ ਦੇ ਦੂਜੇ ਦਿਨ ਸਿਰਫ਼ ਦੋ ਪਰਚੇ ਦਾਖ਼ਲ
ਦੀਪਕ ਜੈਨ
ਜਗਰਾਉਂ, 14 ਮਈ 2026- ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਦਾ ਬਿਗੁਲ ਵੱਜਦੇ ਹੀ ਜਗਰਾਉਂ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਜ਼ਰੂਰੀ ਕਾਗਜ਼ਾਤ ਇਕੱਠੇ ਕਰਨ ਲਈ ਨਗਰ ਕੌਂਸਲ ਦਫ਼ਤਰ ਦੇ ਚੱਕਰ ਲਗਾਏ ਜਾ ਰਹੇ ਹਨ।
ਨਗਰ ਕੌਂਸਲ ਦੇ ਅਧਿਕਾਰੀਆਂ (ਇੰਸਪੈਕਟਰ ਸ਼ਿਵ ਕੁਮਾਰ, ਕਲਰਕ ਤਾਰਿਕ ਅਤੇ ਗੁਰਪ੍ਰੀਤ ਸਿੰਘ) ਵੱਲੋਂ ਦਿੱਤੀ, ਜਾਣਕਾਰੀ ਮੁਤਾਬਕ ਪਿਛਲੇ ਤਿੰਨ ਦਿਨਾਂ ਵਿੱਚ ਹੁਣ ਤੱਕ ਕੁੱਲ 145 ਦੇ ਕਰੀਬ ਐਨਓਸੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਪਹਿਲੇ ਦੋ ਦਿਨਾਂ ਵਿੱਚ 111 ਉਮੀਦਵਾਰਾਂ ਨੇ ਐਨਓਸੀ ਲਈ ਸੀ, ਜਦਕਿ ਅੱਜ ਤੀਜੇ ਦਿਨ 30 ਤੋਂ ਵੱਧ ਹੋਰ ਚਾਹਵਾਨਾਂ ਨੇ ਇਹ ਦਸਤਾਵੇਜ਼ ਪ੍ਰਾਪਤ ਕੀਤੇ।
ਦੱਸਣਯੋਗ ਹੈ ਕਿ ਚੋਣ ਲੜਨ ਲਈ ਨਗਰ ਕੌਂਸਲ ਦੇ 8 ਵੱਖ-ਵੱਖ ਵਿਭਾਗਾਂ ਤੋਂ ਕਲੀਅਰੈਂਸ ਲੈਣੀ ਜ਼ਰੂਰੀ ਹੁੰਦੀ ਹੈ, ਜਿਸ ਤੋਂ ਬਾਅਦ ਹੀ ਫਾਈਨਲ ਐਨਓਸੀ ਮਿਲਦੀ ਹੈ।
ਦੂਜੇ ਪਾਸੇ, ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਦੂਜੇ ਦਿਨ ਅੱਜ ਐਸ.ਡੀ.ਐਮ. ਦਫ਼ਤਰ ਵਿਖੇ ਸਿਰਫ਼ ਦੋ ਉਮੀਦਵਾਰਾਂ ਨੇ ਹੀ ਆਪਣੇ ਕਾਗਜ਼ ਜਮ੍ਹਾਂ ਕਰਵਾਏ।
ਇਨ੍ਹਾਂ ਵਿੱਚ ਹਰਸ਼ ਕੁਮਾਰ ਸਿੰਗਲਾ ਭਾਜਪਾ ਉਮੀਦਵਾਰ (ਵਾਰਡ ਨੰਬਰ 20), ਦਵਿੰਦਰਜੀਤ ਸਿੰਘ ਸਿੱਧੂ ਆਜ਼ਾਦ ਉਮੀਦਵਾਰ (ਵਾਰਡ ਨੰਬਰ 4) ਸ਼ਾਮਲ ਹਨ। ਚੋਣ ਕਮਿਸ਼ਨ ਵੱਲੋਂ ਨਾਮਜ਼ਦਗੀਆਂ ਭਰਨ ਲਈ 16 ਮਈ ਤੱਕ ਦਾ ਸਮਾਂ ਦਿੱਤਾ ਗਿਆ ਹੈ, ਜਿਸ ਕਾਰਨ ਆਖਰੀ ਦਿਨਾਂ ਵਿੱਚ ਉਮੀਦਵਾਰਾਂ ਦੀ ਭੀੜ ਵਧਣ ਦੀ ਪੂਰੀ ਸੰਭਾਵਨਾ ਹੈ।
- Download Babushahi App
-
-