ਡੇਰਾ ਬਿਆਸ ਦਾ ਵੱਡਾ ਫੈਸਲਾ: ਹੁਣ VIPs ਨਾਲ ਫੋਟੋਆਂ ਨਹੀਂ ਖਿਚਵਾਉਣਗੇ ਬਾਬਾ ਗੁਰਿੰਦਰ ਸਿੰਘ ਢਿੱਲੋਂ
ਸਿਆਸੀ ਲੀਡਰਾਂ ਅਤੇ ਵੱਡੀਆਂ ਸ਼ਖਸੀਅਤਾਂ ਲਈ ਨਵੇਂ ਨਿਰਦੇਸ਼; ਡੇਰੇ ਦੀ ਮਰਯਾਦਾ ਅਤੇ ਨਿਰਪੱਖਤਾ ਨੂੰ ਬਰਕਰਾਰ ਰੱਖਣ ਲਈ ਚੁੱਕਿਆ ਕਦਮ
Babushahi Network
ਬਿਆਸ 14 ਫਰਵਰੀ 2026: ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਹੁਣ ਕਿਸੇ ਵੀ ਵੀ.ਆਈ.ਪੀ. (VIP), ਮੰਤਰੀ ਜਾਂ ਵੱਡੀ ਸਿਆਸੀ ਸ਼ਖਸੀਅਤ ਨਾਲ ਤਸਵੀਰਾਂ ਨਹੀਂ ਖਿਚਵਾਉਣਗੇ।
ਡੇਰਾ ਪ੍ਰਬੰਧਕਾਂ ਵੱਲੋਂ ਇਹ ਫੈਸਲਾ ਡੇਰੇ ਦੀ ਅਧਿਆਤਮਿਕ ਮਰਯਾਦਾ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ। ਜਾਣਕਾਰੀ ਅਨੁਸਾਰ, ਬਾਬਾ ਗੁਰਿੰਦਰ ਸਿੰਘ ਢਿੱਲੋਂ ਅਕਸਰ ਸਾਰਿਆਂ ਨੂੰ ਬਰਾਬਰ ਸਮਝਣ ਦਾ ਸੰਦੇਸ਼ ਦਿੰਦੇ ਹਨ। ਇਸ ਫੈਸਲੇ ਨਾਲ ਇਹ ਸੰਦੇਸ਼ ਹੋਰ ਮਜ਼ਬੂਤ ਹੋਵੇਗਾ ਕਿ ਗੁਰੂ ਦੇ ਦਰਬਾਰ ਵਿੱਚ ਕੋਈ ਵੀਆਈਪੀ ਨਹੀਂ, ਸਭ ਸੰਗਤ ਹਨ।
ਅਕਸਰ ਚੋਣਾਂ ਦੇ ਦਿਨਾਂ ਵਿੱਚ ਜਾਂ ਆਮ ਦਿਨਾਂ ਵਿੱਚ ਵੱਡੇ ਲੀਡਰ ਡੇਰੇ ਆਉਂਦੇ ਹਨ ਅਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਤਸਵੀਰਾਂ ਖਿਚਵਾ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਹਨ। ਇਸ ਫੈਸਲੇ ਨਾਲ ਅਜਿਹੀਆਂ ਚਰਚਾਵਾਂ 'ਤੇ ਰੋਕ ਲੱਗੇਗੀ। ਡੇਰੇ ਦਾ ਮੰਨਣਾ ਹੈ ਕਿ ਬਾਬਾ ਜੀ ਦਾ ਸਮਾਂ ਸੰਗਤ ਅਤੇ ਸੇਵਾ ਲਈ ਸਮਰਪਿਤ ਹੈ, ਨਾ ਕਿ ਫੋਟੋਆਂ ਜਾਂ ਪ੍ਰਚਾਰ ਲਈ।
ਇਸ ਫੈਸਲੇ ਤੋਂ ਬਾਅਦ ਹੁਣ ਜੇਕਰ ਕੋਈ ਵੀ ਵੱਡਾ ਨੇਤਾ ਜਾਂ ਵੀਆਈਪੀ ਡੇਰੇ ਨਤਮਸਤਕ ਹੋਣ ਆਉਂਦਾ ਹੈ, ਤਾਂ ਉਹ ਬਾਬਾ ਜੀ ਨਾਲ ਨਿੱਜੀ ਮੁਲਾਕਾਤ ਤਾਂ ਕਰ ਸਕਣਗੇ, ਪਰ ਉਸ ਮੁਲਾਕਾਤ ਦੀ ਕੋਈ ਵੀ ਅਧਿਕਾਰਤ ਜਾਂ ਨਿੱਜੀ ਤਸਵੀਰ ਸੋਸ਼ਲ ਮੀਡੀਆ ਜਾਂ ਮੀਡੀਆ 'ਤੇ ਸਾਂਝੀ ਨਹੀਂ ਕੀਤੀ ਜਾ ਸਕੇਗੀ।
- Download Babushahi App
-
-