ਜਗਰਾਉਂ: ਕੂੜੇ ਦਾ ਡੰਪ ਚਕਾਉਣ ਲਈ ਲਗਾਇਆ ਗਿਆ ਧਰਨਾ ਤੀਸਰੇ ਦਿਨ ਵੀ ਰਿਹਾ ਜਾਰੀ
ਤੀਸਰੇ ਦਿਨ ਧਰਨਾਕਾਰੀਆਂ ਕੋਲ ਪਹੁੰਚੇ ਨਜ਼ਦੀਕੀ ਸਕੂਲਾਂ ਦੇ ਪ੍ਰਿੰਸੀਪਲ ਤੇ ਸਟਾਫ ਮੈਂਬਰ
ਜਗਰਾਉਂ, (ਦੀਪਕ ਜੈਨ) ਡਿਸਪੋਜਲ ਰੋਡ ਉੱਤੇ ਲੱਗਿਆ ਕੂੜੇ ਦਾ ਡੰਪ ਚਕਾਉਣ ਦੇ ਲਈ ਅਗਵਾੜ ਖਵਾਜਾ ਬਾਜੂ ਦੇ ਸਰਪੰਚ ਦੀ ਅਗਵਾਈ ਹੇਠ ਲਗਾਇਆ ਗਿਆ ਧਰਨਾ ਅੱਜ ਤੀਸਰੇ ਦਿਨ ਵੀ ਨਿਰੰਤਰ ਜਾਰੀ ਰਿਹਾ। ਅੱਜ ਧਰਨੇ ਤੇ ਤੀਸਰੇ ਦਿਨ ਦਿਲਚਸਪ ਗੱਲ ਇਹ ਰਹੀ ਕਿ ਪਿਛਲੇ ਦੋ ਦਿਨਾਂ ਤੋਂ ਸੁੱਤੇ ਪਏ ਨਜ਼ਦੀਕੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਟਾਫ ਮੈਂਬਰ ਅੱਜ ਧਰਨਾਕਾਰੀਆਂ ਨੂੰ ਆਪਣਾ ਸਮਰਥਨ ਦੇਣ ਪਹੁੰਚੇ ਜਿੱਥੇ ਸੁਆਮੀ ਰੂਪ ਚੰਦ ਜੈਨ ਸਕੂਲ ਦੀ ਪ੍ਰਿੰਸੀਪਲ ਰਾਜਪਾਲ ਕੌਰ ਨੇ ਵੱਡੇ ਵੱਡੇ ਦਾਅਵੇ ਕਰਦਿਆਂ ਕਿਹਾ ਕਿ ਉਹ ਹਰ ਪੱਖੋਂ ਧਰਨਾਕਾਰੀਆਂ ਦੇ ਨਾਲ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਡਿਸਪੋਜਲ ਰੋਡ ਉੱਤੇ ਕੂੜੇ ਦਾ ਡੰਪ ਬਣਿਆ ਰਵੇ ਕਿਉਂਕਿ ਉਹਨਾਂ ਦੇ ਸਕੂਲ ਦੀ ਗਰਾਊਂਡ ਵੀ ਇਸ ਡੰਪ ਦੇ ਬਿਲਕੁਲ ਸਾਹਮਣੇ ਹੈ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਕੂਲ ਦੇ ਬੱਚਿਆਂ ਦੇ ਮਾਪੇ ਇਥੋਂ ਤੱਕ ਕਹਿੰਦੇ ਹਨ ਕਿ ਜੇ ਨਗਰ ਕੌਂਸਲ ਕੂੜਾ ਨਹੀਂ ਚੁੱਕਦੀ ਤਾਂ ਉਹ ਆਪਣੇ ਬੱਚਿਆਂ ਦੇ ਨਾਲ ਆਪ ਕੂੜਾ ਚੁੱਕਣ ਲਈ ਤਿਆਰ ਹਨ। ਪਰ ਜੇ ਦੂਜੇ ਪਾਸੇ ਕੋਰੀ ਸੱਚਾਈ ਦੀ ਗੱਲ ਕਰੀਏ ਤਾਂ ਡਿਸਪੋਜ਼ਲ ਰੋਡ ਤੇ ਕੁਛ ਦੁਕਾਨਦਾਰ ਨੇ ਸੋਨੀ ਕੁਮਾਰ, ਅਮਿਤ ਕੁਮਾਰ, ਕਾਲੀ ਕੁਮਾਰ ਨੇ ਦੱਸਿਆ ਕਿ ਜਿਹੜੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਟਾਫ ਅੱਜ ਧਰਨਾਕਾਰੀਆਂ ਕੋਲ ਆ ਕੇ ਵੱਡੇ ਵੱਡੇ ਦਾਅਵੇ ਕਰਕੇ ਇਹ ਕਹਿ ਰਹੇ ਹਨ ਕਿ ਉਹ ਕੂੜੇ ਦਾ ਡੰਪ ਇਥੇ ਨਹੀਂ ਲੱਗਣ ਦੇਣਗੇ ਜਦਕਿ ਉਹਨਾਂ ਦੇ ਸਕੂਲਾਂ ਦਾ ਕੂੜਾ ਹੀ ਸਵੇਰੇ ਉਹਨਾਂ ਦੇ ਕਰਮਚਾਰੀਆਂ ਵੱਲੋਂ ਇੱਥੇ ਲਿਆ ਕੇ ਸੁੱਟਿਆ ਜਾਂਦਾ ਹੈ। ਉਥੇ ਹੀ ਦੁਕਾਨਦਾਰਾਂ ਨੇ ਇਹ ਵੀ ਗੱਲ ਕਹੀ ਕਿ ਬੇਸ਼ੱਕ ਸਕੂਲ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਨੂੰ ਧਰਨਾਕਾਰੀਆਂ ਤੱਕ ਪਹੁੰਚਣ ਲਈ ਦੋ ਦਿਨ ਲੱਗ ਗਏ ਪਰ ਦੋ ਦਿਨ ਬਾਅਦ ਵੀ ਇੰਜ ਹੀ ਜਾਪਦਾ ਸੀ ਕਿ ਇਹ ਬਸ ਇੱਕ ਖਾਨਾ ਪੂਰਤੀ ਕਰਨ ਹੀ ਆਏ ਹਨ ਕਿਉਂਕਿ ਕੁਛ ਮਿੰਟਾਂ ਬਾਅਦ ਹੀ ਉਹ ਆਪਣੀ ਖਾਨਾ ਪੂਰਤੀ ਦੀ ਹਾਜ਼ਰੀ ਲਵਾ ਕੇ ਵਾਪਸ ਪਰਤ ਗਏ।