ਕਿਸਾਨ ਆਗੂ ਖਿਲਾਫ ਦਰਜ ਕੀਤਾ ਕਤਲ ਕੇਸ ਰੱਦ ਕਰਵਾਉਣ ਲਈ ਐਸਐਸਪੀ ਦਫਤਰ ਅੱਗੇ ਧਰਨਾ
ਅਸ਼ੋਕ ਵਰਮਾ
ਬਠਿੰਡਾ, 29 ਅਕਤੂਬਰ 2025:ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਤ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਕੋਟਗੁਰੂ , ਉਸ ਦੀ ਘਰ ਵਾਲੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਖਿਲਾਫ ਦਰਜ ਕੀਤੇ ਮੁਕਦਮੇ ਨੂੰ ਝੂਠਾ ਕਰਾਰ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਨੇ ਐਸਐਸਪੀ ਦਫਤਰ ਬਠਿੰਡਾ ਅੱਗੇ ਧਰਨਾ ਦਿੱਤਾ ਅਤੇ ਪੜਤਾਲ ਕਰਾ ਕੇ ਦੋਸ਼ੀਆਂ ਖਿਲਾਫ ਪਰਚਾ ਰੱਦ ਕਰਨ ਦੀ ਮੰਗ ਕੀਤੀ । ਇਸ ਮੌਕੇ ਪੁਲਿਸ ਦੇ ਇੱਕ ਡੀਐਸਪੀ ਨੇ ਮੰਗ ਪੱਤਰ ਹਾਸਿਲ ਕੀਤਾ ਅਤੇ
ਵਿਸ਼ਵਾਸ ਦਵਾਇਆ ਪੂਰੇ ਤੱਥਾਂ ਸਹਿਤ ਪੜਤਾਲ ਕਰਕੇ ਇਨਸਾਫ ਦਿੱਤਾ ਜਾਵੇਗਾ । ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਿਲਾ ਆਗੂ ਜਗਸੀਰ ਸਿੰਘ ਝੁੰਬਾ, ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ ਨੇ ਕਿਹਾ ਕਿ 26 ਅਕਤੂਬਰ ਨੂੰ ਰਾਮ ਸਿੰਘ ਦੇ ਭਰਾ ਦੀ ਨੂੰਹ ਸੁਖਜੀਵਨ ਕੌਰ ਦੀ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਮੌਤ ਹੋ ਗਈ ਸੀ ।
ਉਨ੍ਹਾਂ ਦੱਸਿਆ ਕਿ ਮੌਤ ਤੋਂ ਪਹਿਲਾਂ ਮ੍ਰਿਤਕਾਂ ਨੇ ਨੇ ਹਸਪਤਾਲ ਵਿੱਚ ਵੀ ਬਿਆਨ ਦਿੱਤੇ ਹਨ ਕਿ ਮੇਰੇ ਬਿਮਾਰ ਹੋਣ ਦਾ ਕਾਰਨ ਮੇਰੇ ਸਹੁਰੇ ਪੇਕਾ ਪਰਿਵਾਰ ਨਹੀਂ ਹੈ ਅਤੇ ਮੈਂ ਕਿਸੇ ਖਿਲਾਫ ਕਾਰਵਾਈ ਨਹੀਂ ਕਰਾਉਣਾ ਚਾਹੁੰਦੀ ਪਰ ਸੁਖਜੀਵਨ ਕੌਰ ਦੇ ਪੇਕੇ ਪਰਿਵਾਰ ਦੇ ਝੂਠੇ ਬਿਆਨਾਂ ਤੇ ਪੰਜਾਬ ਸਰਕਾਰ ਨੇ ਜਥੇਬੰਦੀ ਦੇ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਕਿੜ ਕੱਢਣ ਦੀ ਨੀਤੀ ਤੇ ਚਲਦਿਆਂ ਰਾਮ ਸਿੰਘ ਨੂੰ ਝੂਠੇ ਕਤਲ ਕੇਸ ਵਿੱਚ ਨਾਮਜਦ ਕਰ ਦਿੱਤਾ ਹੈ ।ਉਹਨਾਂ ਕਿਹਾ ਕਿ ਜਿਸ ਝੂਠੇ ਬਿਆਨ ਤੇ ਰਾਮ ਸਿੰਘ ,ਉਸ ਦੀ ਪਤਨੀ ਤੇ ਹੋਰਾਂ ਤੇ ਇਹ ਕਹਿ ਕੇ ਪਰਚਾ ਦਰਜ ਕੀਤਾ ਹੈ ਕਿ ਇਹਨਾਂ ਨੇ ਸੁਖਜੀਵਨ ਨੂੰ ਧੱਕੇ ਨਾਲ 10 ਅਕਤੂਬਰ ਨੂੰ ਜਹਿਰ ਦਿੱਤੀ ਹੈ । ਉਸ ਦਿਨ ਰਾਮ ਸਿੰਘ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪੀੜਤ ਇਲਾਕੇ ਵਿੱਚ ਹੜ ਪੀੜਤਾਂ ਨੂੰ ਕੱਪੜੇ ਵੰਡਣ ਗਿਆ ਹੋਇਆ ਸੀ। ਮਿਰਤਕ ਦਾ ਪਤੀ ਇਕਬਾਲ ਸਿੰਘ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਗਿਆ ਹੋਇਆ ਸੀ।
ਉਹਨਾਂ ਦੱਸਿਆ ਕਿ ਰਾਮ ਸਿੰਘ ਦਾ ਭਰਾ ਲਛਮਣ ਸਿੰਘ ਤੇ ਰਾਮ ਸਿੰਘ ਦੀ ਪਤਨੀ ਪਰਮਜੀਤ ਕੌਰ ਮਿਰਤਕਾ ਦੇ ਬੇਟੇ ਕਰਮਨ ਜੋਤ ਸਿੰਘ ਨੂੰ ਸੰਗਤ ਮੰਡੀ ਤੋਂ ਦਵਾਈ ਦਵਾਉਣ ਗਏ ਹੋਏ ਸੀ। ਬੁਲਾਰਿਆਂ ਨੇ ਕਿਹਾ ਕਿ ਰਾਮ ਸਿੰਘ ਆਪਣੇ ਭਰਾ ਲਛਮਣ ਸਿੰਘ ਤੋਂ ਅਲੱਗ ਰਹਿੰਦਾ ਹੈ ਅਤੇ ਉਸ ਦੇ ਪਰਿਵਾਰ ਨਾਲ ਰਸਮੀ ਗੱਲਬਾਤ ਤੋਂ ਇਲਾਵਾ ਖੇਤੀਬਾੜੀ ਜਾਂ ਹੋਰ ਕੰਮ ਧੰਦੇ ਵੱਖੋ ਵੱਖਰੇ ਹਨ। ਉਹਨਾਂ ਕਿਹਾ ਕਿ ਜੇਕਰ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਇਨਸਾਫ ਨਾ ਦਿੱਤਾ ਤਾਂ ਆਉਂਦੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਅੱਜ ਦੇ ਧਰਨੇ ਨੂੰ ਮਾਲਣ ਕੌਰ ਕੋਠਾ ਗੁਰੂ, ਗੁਰਪਾਲ ਸਿੰਘ ਦਿਉਣ, ਅਮਰੀਕ ਸਿੰਘ ਸਿਵੀਆਂ, ਅਵਤਾਰ ਸਿੰਘ ਪੂਹਲਾ, ਨਿਰਮਲ ਸਿੰਘ ਭੂੰਦੜ, ਗੁਰਮੇਲ ਸਿੰਘ ਢੱਡੇ, ਜਸਕਰਨ ਸਿੰਘ ਕੋਟਗੁਰੂ, ਰਣਜੋਧ ਸਿੰਘ ਮਾਹੀਨੰਗਲ, ਰਾਜਵਿੰਦਰ ਸਿੰਘ ਰਾਮ ਨਗਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਰਾਮਪਾਲ ਸਿੰਘ ਗੱਗੜ, ਮਨਦੀਪ ਸਿੰਘ ਸਿਵੀਆਂ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਨੇ ਵੀ ਸੰਬੋਧਨ ਕੀਤਾ।