ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਨੂੰ ਸਦਮਾ, ਸ਼ਾਇਰ ਗੁਰਬਖ਼ਸ਼ ਡੋਗਰਾ ਦਾ ਦਿਹਾਂਤ
ਹੁਸ਼ਿਆਰਪੁਰ, 29 ਅਕਤੂਬਰ 2025: ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਨੂੰ ਗੰਭੀਰ ਸਦਮਾ ਪਹੁੰਚਿਆ ਜਦੋਂ ਸਭਾ ਨੂੰ ਸ਼ਾਇਰ ਗੁਰਬਖ਼ਸ਼ ਡੋਗਰਾ ਦੇ ਅਚਨਚੇਤ ਚਲਾਣੇ ਦਾ ਪਤਾ ਲੱਗਾ। ਇਸ ਦੁਖਦ ਖ਼ਬਰ ਦੀ ਜਾਣਕਾਰੀ ਸਾਂਝੀ ਕਰਦਿਆਂ ਸਭਾ ਦੇ ਪ੍ਰਧਾਨ ਜਸਬੀਰ ਸਿੰਘ ਅਤੇ ਜਨਰਲ ਸਕੱਤਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਸ਼ਾਇਰ ਗੁਰਬਖ਼ਸ਼ ਸਿੰਘ ਇਕ ਨਫ਼ੀਸ ਸ਼ਖ਼ਸੀਅਤ ਦੇ ਮਾਲਕ ਸਨ। ਸ਼ਬਦਾਂ, ਸੁਰ ਅਤੇ ਸ਼ਾਇਰੀ ਨਾਲ ਉਨ੍ਹਾਂ ਦਾ ਮੁੱਢ ਕਦੀਮ ਤੋਂ ਨਾਤਾ ਸੀ। ਰੋਜ਼ੀ-ਰੋਟੀ ਖ਼ਾਤਰ ਜ਼ਿੰਦਗੀ ਦਾ ਜ਼ਿਆਦਾ ਸਮਾਂ ਕੁਵੈਤ ਵਿਚ ਬਸਰ ਕਰਦਿਆਂ ਵੀ ਸ਼ਬਦਾਂ ਨਾਲ ਉਨ੍ਹਾਂ ਦਾ ਨਾਤਾ ਫ਼ਿੱਕਾ ਨਹੀਂ ਪਿਆ। ਉਹ ਕੁਵੈਤ ਵਿਚ ਵੀ ਹੋਣ ਵਾਲੇ ਸਾਹਿਤਕ ਸਮਾਗਮਾਂ ਦਾ ਹਿੱਸਾ ਰਹੇ। ਉਨ੍ਹਾਂ ਦੀ ਸ਼ਾਇਰੀ ਦੀ ਇਕੋ-ਇਕ ਕਿਤਾਬ 'ਰੁਖ ਰੇਗਿਸਤਾਨ ਦਾ' ਜਦੋਂ ਛਪ ਕੇ ਪਾਠਕਾਂ ਦੇ ਹੱਥਾਂ ਵਿਚ ਪਹੁੰਚੀ ਤਾਂ ਇਸ ਦੀਆਂ ਰਚਨਾਵਾਂ ਕਾਫ਼ੀ ਸਰਾਹੀਆਂ ਗਈਆਂ। ਉਨ੍ਹਾਂ ਨੇ ਮਾਨਵਵਾਦੀ ਅਤੇ ਪ੍ਰਗਤੀਸ਼ੀਲ ਵਿਚਾਰਧਾਰਾ ਨਾਲ ਲਬਰੇਜ਼ ਕਾਵਿ ਰਚਨਾਵਾਂ ਦੀ ਸਿਰਜਣਾ ਕੀਤੀ। ਉਨ੍ਹਾਂ ਦੀਆਂ ਕਾਵਿ ਰਚਨਾਵਾਂ ਦਾ ਇਕ ਵੱਡਾ ਖਰੜਾ ਛਪਾਈ ਅਧੀਨ ਹੈ। ਗੁਰਬਖ਼ਸ਼ ਡੋਗਰਾ ਆਪਣੇ ਪਿੱਛੇ ਧਰਮ ਪਤਨੀ ਅਤੇ ਦੋ ਬੇਟੇ ਛੱਡ ਗਏ ਹਨ, ਜਿਹੜੇ ਵਿਦੇਸ਼ ਵਸਦੇ ਹਨ ਅਤੇ ਹੁਣ ਸਸਕਾਰ ਦੀ ਰਸਮ ਸਮੇਂ ਆਪਣੇ ਘਰੇ ਹੁਸ਼ਿਆਰਪੁਰ ਆਏ ਹੋਏ ਹਨ। ਸਾਹਿਤ ਸਭਾ ਹੁਸ਼ਿਆਰਪੁਰ ਦੇ ਸਾਰੇ ਮੈਂਬਰਾਂ ਨੇ ਇਸ ਦੁਖ ਦੀ ਘੜੀ ਵਿਚ ਸ਼ਰੀਕ ਹੁੰਦਿਆਂ ਡੋਗਰਾ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ। ਇਸ ਸਮੇਂ ਡਾ. ਕਰਮਜੀਤ ਸਿੰਘ, ਮਦਨ ਵੀਰਾ, ਤ੍ਰਿਪਤਾ ਕੇ ਸਿੰਘ, ਕੁਲਤਾਰ ਸਿੰਘ ਕੁਲਤਾਰ, ਡਾ. ਮਨਮੋਹਨ ਸਿੰਘ ਤੀਰ, ਸਤੀਸ਼ ਕੁਮਾਰ, ਪ੍ਰਿੰਸੀਪਲ ਦਾਸ ਭਾਰਤੀ, ਪ੍ਰਿੰੰਸੀਪਲ ਗੁਰਦਿਆਲ ਸਿੰਘ ਫੁੱਲ, ਡਾ. ਸੁਖਦੇਵ ਸਿੰਘ ਢਿੱਲੋਂ, ਡਾ. ਸ਼ਮਸ਼ੇਰ ਮੋਹੀ, ਹਰਵਿੰਦਰ ਸਾਹਬੀ, ਰਾਜ ਕੁਮਾਰ ਘਾਸੀਪੁਰੀਆ, ਡਾ. ਦਰਸ਼ਨ ਸਿੰਘ ਦਰਸ਼ਨ ਆਦਿ ਹਾਜ਼ਰ ਸਨ।