ਸ਼ਹੀਦੀ ਨਗਰ ਕੀਰਤਨ ਦੇ ਸਵਾਗਤ ਸਬੰਧੀ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਹੋਈ ਇਕੱਤਰਤਾ
ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਅਨੰਦਪੁਰ ਸਾਹਿਬ ਜੋਨ ਦੇ ਮੈਨੇਜਰ, ਪ੍ਰਚਾਰਕ ਅਤੇ ਢਾਡੀ ਕਵੀਸ਼ਰਾਂ ਤੋਂ ਤਿਆਰੀਆਂ ਸਬੰਧੀ ਲਈ ਜਾਣਕਾਰੀ
ਅੰਮ੍ਰਿਤਸਰ, 29 ਅਕਤੂਬਰ 2025- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਰੰਭ ਕੀਤੇ ਸ਼ਹੀਦੀ ਨਗਰ ਕੀਰਤਨ ਦੇ ਪੰਜਾਬ ਵਿਚਲੇ ਮਿੱਥੇ ਪੜਾਵਾਂ ਤੇ ਕੀਤੇ ਗਏ ਪ੍ਰਬੰਧਾਂ ਸਬੰਧੀ ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਅਨੰਦਪੁਰ ਸਾਹਿਬ ਜੋਨ ਦੇ ਮੈਨੇਜਰ, ਪ੍ਰਚਾਰਕ, ਢਾਡੀ ਤੇ ਕਵੀਸ਼ਰ ਜਥਿਆਂ ਨਾਲ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸਕੱਤਰ ਸ. ਪ੍ਰਤਾਪ ਸਿੰਘ ਦੀ ਅਗਵਾਈ ’ਚ ਇਕੱਤਰਤਾ ਕੀਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਪ੍ਰਚਾਰਕ ਢਾਡੀ ਜਥਿਆਂ ਨੂੰ ਸ਼ਤਾਬਦੀ ਸਮਾਗਮਾਂ ਪ੍ਰਤੀ ਵੱਧ ਤੋਂ ਵੱਧ ਸੰਗਤਾਂ ਨੂੰ ਜਾਣੂ ਕਰਵਾਉਣ ਲਈ ਪ੍ਰੇਰਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਅੱਜ ਪੰਜਾਬ ਵਿਚ ਪੁੱਜਾ ਹੈ। ਉਨ੍ਹਾਂ ਦੱਸਿਆ ਕਿ 30 ਅਕਤੂਬਰ ਨੂੰ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ ਤੋਂ ਗੁਰਦੁਆਰਾ ਗੁਰੂਸਰ ਸਾਹਿਬ ਹੰਢਿਆਇਆ, ਬਰਨਾਲਾ ਵਿਖੇ ਪੁੱਜੇਗਾ, ਜਿਥੋਂ 31 ਅਕਤੂਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, 1 ਨਵੰਬਰ ਨੂੰ ਤਲਵੰਡੀ ਸਾਬੋ ਤੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਮੁਕਤਸਰ ਸਾਹਿਬ, 2 ਨਵੰਬਰ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਗੁਰਦੁਆਰਾ ਖ਼ਾਲਸਾ ਦੀਵਾਨ, ਫਰੀਦਕੋਟ ਅਤੇ 3 ਨਵੰਬਰ ਨੂੰ ਫਰੀਦਕੋਟ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਪੁੱਜੇਗਾ। ਇਸੇ ਤਰ੍ਹਾਂ 4 ਨਵੰਬਰ ਨੂੰ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ, 5 ਨਵੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ, 6 ਨਵੰਬਰ ਨੂੰ ਤਰਨ ਤਾਰਨ ਤੋਂ ਗੁਰਦੁਆਰਾ ਪਾ: ਛੇਵੀਂ, ਛੇਹਰਟਾ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਹੁੰਦਾ ਹੋਇਆ 7 ਨਵੰਬਰ ਨੂੰ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਪਹੁੰਚੇਗਾ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਇਹ ਨਗਰ ਕੀਰਤਨ 8 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਤੋਂ ਚੱਲ ਕੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ, 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ, 10 ਨਵੰਬਰ ਨੂੰ ਧਾਰੀਵਾਲ ਤੋਂ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ, 11 ਨਵੰਬਰ ਨੂੰ ਕੱਥੂਨੰਗਲ ਤੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ, 12 ਨਵੰਬਰ ਨੂੰ ਬਾਬਾ ਬਕਾਲਾ ਸਾਹਿਬ ਤੋਂ ਗੁਰਦੁਆਰਾ ਥੰਮ੍ਹ ਜੀ ਸਾਹਿਬ ਕਰਤਾਰਪੁਰ, 13 ਨਵੰਬਰ ਨੂੰ ਕਰਤਾਰਪੁਰ ਤੋਂ ਗੁਰਦੁਆਰਾ ਸੁਖਚੈਨਆਣਾ ਸਾਹਿਬ ਫਗੜਾਵਾ, 14 ਨਵੰਬਰ ਨੂੰ ਫਗਵਾੜਾ ਤੋਂ ਗੁਰਦੁਆਰਾ ਮੌ ਸਾਹਿਬ ਫਿਲੌਰ, 15 ਨਵੰਬਰ ਨੂੰ ਫਿਲੌਰ ਤੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਲੁਧਿਆਣਾ, 16 ਨਵੰਬਰ ਨੂੰ ਆਲਮਗੀਰ ਲੁਧਿਆਣਾ ਤੋਂ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ, 17 ਨਵੰਬਰ ਨੂੰ ਰਾਏਕੋਟ ਤੋਂ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਜੀ ਨਾਭਾ, 18 ਨਵੰਬਰ ਤੋਂ ਨਾਭਾ ਤੋਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ, 19 ਨਵੰਬਰ ਨੂੰ ਪਟਿਆਲਾ ਤੋਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ, 20 ਨਵੰਬਰ ਨੂੰ ਮੋਹਾਲੀ ਤੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, 21 ਨਵੰਬਰ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਚਰਨਕੰਵਲ ਸਾਹਿਬ ਪਾਤਸ਼ਾਹੀਂ ਦਸਵੀਂ ਮਾਛੀਵਾੜਾ, 22 ਨਵੰਬਰ ਨੂੰ ਮਾਛੀਵਾੜਾ ਤੋਂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਪੁੱਜੇਗਾ। ਉਨ੍ਹਾਂ ਦੱਸਿਆ ਕਿ 23 ਨਵੰਬਰ ਨੂੰ ਇਹ ਨਗਰ ਕੀਰਤਨ ਰੋਪੜ ਤੋਂ ਚੱਲ ਕੇ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ। ਉਨ੍ਹਾਂ ਸੰਗਤਾਂ ਨੂੰ ਨਗਰ ਕੀਰਤਨ ’ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਬਿਜੈ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ, ਇੰਚਾਰਜ ਸ. ਗੁਰਮੇਜ ਸਿੰਘ, ਸ. ਬਲਦੇਵ ਸਿੰਘ, ਸ. ਰਾਜਪਾਲ ਸਿੰਘ, ਸ. ਬਹਾਲ ਸਿੰਘ, ਸ. ਤਰਸੇਮ ਸਿੰਘ, ਮੈਨੇਜਰ ਸ. ਸਤਿੰਦਰ ਸਿੰਘ, ਸ. ਸਤਨਾਮ ਸਿੰਘ ਰਿਆੜ, ਸ. ਜਸਪਾਲ ਸਿੰਘ ਢੱਡੇ, ਸ. ਗੁਰਾ ਸਿੰਘ, ਸ. ਸਰਬਦਿਆਲ ਸਿੰਘ, ਸ. ਰਾਜਿੰਦਰ ਸਿੰਘ ਟੌਹੜਾ, ਸ. ਸਤਨਾਮ ਸਿੰਘ, ਸ. ਹਰਦੇਵ ਸਿੰਘ, ਸ. ਸਰਬਜੀਤ ਸਿੰਘ, ਸ. ਰਣਜੀਤ ਸਿੰਘ ਕਲਿਆਣਪੁਰ, ਸ. ਅਵਤਾਰ ਸਿੰਘ ਸਮੇਤ ਹੋਰ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਤੇ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਇੰਚਾਰਜ ਸ. ਗੁਰਭਾਗ ਸਿੰਘ, ਪ੍ਰਚਾਰਕ ਭਾਈ ਹਰਜੀਤ ਸਿੰਘ, ਭਾਈ ਰਣਜੀਤ ਸਿੰਘ ਆਦਿ ਮੌਜੂਦ ਸਨ।