ਐਚ.ਐਮ.ਈ.ਐਲ. ਨੇ ਕਰਮਚਾਰੀਆਂ ਦੀ ਸਿਹਤ ਅਤੇ ਅੱਖਾਂ ਦੀ ਜਾਂਚ ਲਈ ਕੈਂਪ ਲਾਏ
ਅਸ਼ੋਕ ਵਰਮਾ
ਬਠਿੰਡਾ ,28 ਅਕਤੂਬਰ 2025: ਕਰਮਚਾਰੀਆਂ ਦੀ ਸਿਹਤ, ਸੁਰੱਖਿਆ ਅਤੇ ਭਲਾਈ ਨੂੰ ਸਭ ਤੋਂ ਉੱਚੀ ਤਰਜੀਹ ਦਿੰਦਿਆਂ, ਐਚ.ਐਮ.ਈ.ਐਲ. ਨੇ ਅਕਤੂਬਰ 2025 ਦੇ ਮਹੀਨੇ ਦੌਰਾਨ ਵੱਖ-ਵੱਖ ਥਾਵਾਂ ’ਤੇ ਸਿਹਤ ਅਤੇ ਨੇਤਰ ਜਾਂਚ ਕੈਂਪਾਂ ਲਾਏ ਗਏ । ਇਹਨਾਂ ਕੈਂਪਾਂ ਦਾ ਮਕਸਦ ਟਰੱਕ ਅਤੇ ਟੈਂਕਰ ਡਰਾਈਵਰ ਮੈਂਬਰਾਂ ਅਤੇ ਸਹਿਕਰਮੀਆਂ ਦੀ ਸਿਹਤ ਨੂੰ ਮਜ਼ਬੂਤ ਕਰਨਾ ਸੀ, ਜੋ ਉੱਚ-ਖਤਰੇ ਵਾਲੇ ਅਤੇ ਮਹੱਤਵਪੂਰਨ ਆਪਰੇਸ਼ਨਲ ਕੰਮਾਂ ਵਿੱਚ ਸ਼ਾਮਲ ਹਨ। ਇਸ ਦੌਰਾਨ ਨਾ ਸਿਰਫ ਕਰਮਚਾਰੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ, ਸਗੋਂ ਉਨ੍ਹਾਂ ਨੂੰ ਸਿਹਤ ਸੰਬੰਧੀ ਜਾਗਰੂਕ ਵੀ ਕੀਤਾ ਗਿਆ। ਇਹਨਾਂ ਕੈਂਪਾਂ ਵਿੱਚ ਵਿਸਤ੍ਰਿਤ ਮੈਡੀਕਲ ਜਾਂਚ, ਦਵਾਈਆਂ ਦੀ ਵੰਡ ਅਤੇ ਅੱਖਾਂ ਦੀ ਦੇਖਭਾਲ ਨਾਲ ਸੰਬੰਧਤ ਖ਼ਾਸ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਨ੍ਹਾਂ ਕੈਂਪਾਂ ਵਿੱਚ ਕਰਮਚਾਰੀਆਂ ਦੀ ਵੱਡੀ ਭਾਗੀਦਾਰੀ ਨੇ ਉਨ੍ਹਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਨੂੰ ਦਰਸਾਇਆ ਅਤੇ ਐਚ.ਐਮ.ਈ.ਐਲ. ਦੀ ਸਿਹਤ ਅਤੇ ਸੁਰੱਖਿਆ ਉਪਰਾਲਿਆਂ ਦੀ ਪ੍ਰਭਾਵਸ਼ੀਲਤਾ ਨੂੰ ਹੋਰ ਮਜ਼ਬੂਤ ਕੀਤਾ।
ਸਿਹਤ ਸੁਰੱਖਿਆ ਨੂੰ ਕੇਂਦਰ ਵਿੱਚ ਰੱਖਦੇ ਹੋਏ ਸ਼ੁਰੂ ਕੀਤੇ ਗਏ ਇਸ ਅਭਿਆਨ ਅਧੀਨ ਹਰ ਮਹੀਨੇ ਲਗਾਏ ਜਾਣ ਵਾਲੇ ਕੈਂਪਾਂ ਰਾਹੀਂ ਹੁਣ ਤੱਕ ਕੁੱਲ 1,051 ਕਰਮਚਾਰੀਆਂ ਦੀ ਨੇਤਰ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ 473 ਵਿਅਕਤੀਆਂ ਨੂੰ ਨਜ਼ਰ ਟੈਸਟ ਦੇ ਆਧਾਰ ’ਤੇ ਸੁਧਾਰਕ ਐਨਕਾਂ ਵੰਡੀਆਂ ਗਈਆਂ ਹਨ। ਸਿਰਫ਼ ਅਕਤੂਬਰ ਮਹੀਨੇ ਵਿੱਚ ਹੀ 280 ਕਰਮਚਾਰੀਆਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਅਤੇ 152 ਐਨਕਾਂ ਵੰਡੀਆਂ ਗਈਆਂ ਹਨ। ਇਨ੍ਹਾਂ ਕੈਂਪਾਂ ਵਿੱਚ ਨਜ਼ਰ ਟੈਸਟ, ਮੋਤੀਆਬਿੰਦ ਦੀ ਜਾਂਚ ਅਤੇ ਤੁਰੰਤ ਐਨਕ ਵੰਡ ਵਰਗੀਆਂ ਵਿਸਤ੍ਰਿਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਦਿੱਲੀ ਹਾਰਟ ਹਸਪਤਾਲ ਦੀ ਟੀਮ ਵੱਲੋਂ 315 ਮਰੀਜ਼ਾਂ ਦੀ ਓਪੀਡੀ ਸਕ੍ਰੀਨਿੰਗ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਵਿਸ਼ੇਸ਼ਗਿਆਤਾ ਅਧੀਨ ਸਲਾਹ ਸੇਵਾਵਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ, ਸਿਵਲ ਹਸਪਤਾਲ ਆਯੁਸ਼ ਬਠਿੰਡਾ ਦੀ ਟੀਮ ਨੇ 421 ਭਾਗੀਦਾਰਾਂ ਨੂੰ ਆਮ ਓਪੀਡੀ ਸੇਵਾਵਾਂ ਪ੍ਰਦਾਨ ਕੀਤੀਆਂ।